ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ 51 ਹਜ਼ਾਰ ਮੀਟਰਿਕ ਟਨ ਤੋਂ ਵੱਧ ਝੋਨੇ ਦੀ ਖ਼ਰੀਦ: ਡੀਸੀ

24 ਘੰਟੇ ਦੇ ਅੰਦਰ-ਅੰਦਰ ਕਿਸਾਨਾਂ ਨੂੰ 98.43 ਕਰੋੜ ਰੁਪਏ ਦੀ ਅਦਾਇਗੀ ਕੀਤੀ: ਆਸ਼ਿਕਾ ਜੈਨ

ਮੰਡੀਆਂ ’ਚੋਂ ਝੋਨੇ ਦੀ ਲਿਫ਼ਟਿੰਗ ਵਾਹਨ ਟਰੈਕਿੰਗ ਸਿਸਟਮ ਨਾਲ ਲੈਸ ਵਾਹਨਾਂ ਦੀ ਵਰਤੋਂ ਯਕੀਨੀ ਬਣਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਹੁਣ ਤੱਕ ਅੰਦਾਜ਼ਨ 54812 ਮੀਟਰਿਕ ਟਨ ਝੋਨਾ ਦੀ ਆਮਦ ਹੋਈ ਹੈ। ਜਿਸ ’ਚੋਂ 51063 ਮੀਟਰਿਕ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਖ਼ਰੀਦਣ ਅਤੇ ਲਿਫ਼ਟਿੰਗ ਅਤੇ ਸੁਰੱਖਿਅਤ ਭੰਡਾਰਨ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖ਼ਰੀਦੀ ਗਈ ਫ਼ਸਲ 72 ਘੰਟੇ ਦੇ ਅੰਦਰ-ਅੰਦਰ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ’ਤੇ ਲਿਜਾਉਣ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਮੂਹ ਖ਼ਰੀਦ ਏਜੰਸੀਆਂ ਵੱਲੋਂ ਫ਼ਸਲ ਦੇ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਦੀ 100 ਫੀਸਦੀ ਅਦਾਇਗੀ ਜੋ ਕਿ 98.43 ਕਰੋੜ ਬਣਦੀ ਹੈ, 24 ਘੰਟੇ ਦੇ ਵਿੱਚ-ਵਿੱਚ ਸਿੱਧੇ ਤੌਰ ’ਤੇ ਕਿਸਾਨਾਂ ਦੇ ਖਾਤਿਆਂ ਵਿੱਚ ਕਰ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਕਿਸੇ ਮੰਡੀ ’ਚੋਂ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ।
ਜ਼ਿਲ੍ਹਾ ਫੂਲ ਸਪਲਾਈ ਕੰਟਰੋਲਰ ਸ੍ਰੀਮਤੀ (ਡਾ.) ਨਵਰੀਤ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੇਵਲ ਉਨ੍ਹਾਂ ਟਰੱਕਾਂ ਰਾਹੀਂ ਹੀ ਝੋਨੇ ਦੀ ਲਿਫ਼ਟਿੰਗ ਕਰਵਾਈ ਜਾ ਰਹੀ ਹੈ, ਜਿਨ੍ਹਾਂ ਟਰੱਕਾਂ ਵਿੱਚ ਵਾਹਨ ਟਰੈਕਿੰਗ ਸਿਸਟਮ (ਵੀਟੀਐਸ) ਲੱਗਿਆ ਹੋਵੇ ਤਾਂ ਜੋ ਜੀਪੀਐਸ ਸਿਸਟਮ ਰਾਹੀਂ ਵਾਹਨ ਦੀ ਸਥਿਤੀ (ਮੂਵਮੇਂਟ) ’ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜ ਮੰਡੀਆਂ ਸਨੇਟਾ, ਦਾਊਂਮਾਜਰਾ, ਅਮਲਾਲਾ, ਟਿਵਾਣਾ ਅਤੇ ਕੱਚੀ ਮੰਡੀ ਕੁਰਾਲੀ ਵਿੱਚ ਮੰਡੀ ਬੋਰਡ ਵੱਲੋਂ ਤਜਰਬੇ (ਪਾਇਲਟ ਪ੍ਰਾਜੈਕਟ) ਦੇ ਆਧਾਰ ’ਤੇ ਬਾਇਓਮੀਟਰਿਕ ਖ਼ਰੀਦ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਪੰਜ ਮੰਡੀਆਂ ਵਿੱਚ ਕਿਸਾਨਾਂ ਦੀ ਬਾਇਓਮੀਟ੍ਰਿਕ ਪਛਾਣ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਹੀ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਤੱਕ ਸਨੇਟਾ ਮੰਡੀ ਵਿੱਚ 710 ਮੀਟਰਿਕ ਟਨ, ਦਾਊਂਮਾਜਰਾ ਵਿੱਚ 796 ਮੀਟਰਿਕ ਟਨ, ਅਮਲਾਲਾ ਵਿੱਚ 958 ਮੀਟਰਕਿ ਟਨ, ਟਿਵਾਣਾ ਵਿੱਚ 130 ਮੀਟਰਿਕ ਟਨ ਅਤੇ ਕੱਚੀ ਮੰਡੀ ਕੁਰਾਲੀ ਵਿੱਚ 2974 ਮੀਟਰਿਕ ਟਨ ਝੋਨੇ ਦੀ ਖ਼ਰੀਦ ਕਿਸਾਨਾਂ ਦੀ ਬਾਇਓਮੀਟ੍ਰਿਕ ਸ਼ਨਾਖ਼ਤ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…