ਲਾਲਜੀਤ ਭੁੱਲਰ ਵੱਲੋਂ ਮੁਹਾਲੀ ਦੇ ਆਰ.ਟੀ.ਓ ਦਫ਼ਤਰ ਅਤੇ ਡਰਾਈਵਿੰਗ ਟੈਸਟ ਟ੍ਰੈਕ ਦੀ ਅਚਨਚੇਤ ਚੈਕਿੰਗ

ਕਿਹਾ, ਛੇਤੀ ਹੀ ਆਰ.ਟੀ.ਓ ਦਫ਼ਤਰਾਂ ਦੇ ਸਮੁੱਚੀਆਂ ਸੇਵਾਵਾਂ ਹੋਣਗੀਆਂ ਆਨਲਾਈਨ

ਟਰਾਂਸਪੋਰਟ ਮੰਤਰੀ ਵੱਲੋਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਦੇ ਦਿੱਤੇ ਆਦੇਸ਼

ਨਬਜ਼-ਏ-ਪੰਜਾਬ, ਮੁਹਾਲੀ, 27 ਜੂਨ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਆਰ.ਟੀ.ਓ ਦਫ਼ਤਰ ਮੁਹਾਲੀ ਅਤੇ ਸੈਕਟਰ 82 ਸਥਿਤ ਡਰਾਈਵਿੰਗ ਟੈਸਟ ਟ੍ਰੈਕ ਦਾ ਅਚਨਚੇਤ ਦੌਰਾ ਕੀਤਾ ਅਤੇ ਦਫ਼ਤਰ ਵਿੱਚ ਹੋ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਛੇਤੀ ਹੀ ਆਰ.ਟੀ.ਓ ਦਫ਼ਤਰਾਂ ਦੇ ਸਮੁੱਚੀਆਂ ਸੇਵਾਵਾਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਾਉਣ ਬਜਾਏ ਘਰ ਬੈਠੇ ਹੀ ਆਨਲਾਈਨ ਸੇਵਾਵਾਂ ਦੀ ਸੁਵਿਧਾ ਮਿਲੇਗੀ।
ਟਰਾਂਸਪੋਰਟ ਮੰਤਰੀ ਵੱਲੋਂ ਅੱਜ ਸਵੇਰੇ ਆਰ.ਟੀ.ਏ ਦਫ਼ਤਰ ਵਿਖੇ ਪਬਲਿਕ ਕਾਊਂਟਰਾਂ ‘ਤੇ ਜਾ ਕੇ ਕਰਮਚਾਰੀਆਂ ਤੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਲਿਆ ਅਤੇ ਨਾਲ ਹੀ ਦਫ਼ਤਰ ਵਿੱਚ ਕੰਮ ਕਰਾਉਣ ਲਈ ਆਏ ਲੋਕਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਜਾਣਿਆ। ਇਸ ਮੌਕੇ ਲੋਕਾਂ ਵੱਲੋਂ ਆਰ.ਟੀ.ਓ ਦਫ਼ਤਰ ਦੇ ਕੰਮ, ਅਧਿਕਾਰੀਆਂ, ਕਰਮਚਾਰੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ‘ਤੇ ਨਿਰਦੇਸ਼ ਦਿੱਤੇ।
ਅੱਜ ਦੇ ਦੌਰੇ ਦਾ ਉਦੇਸ਼ ਦੱਸਦੇ ਹੋਏ ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਸ਼ਾਸਕੀ ਸੁਧਾਰਾਂ ਅਤੇ ਸਰਕਾਰੀ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ। ਟਰਾਂਸਪੋਰਟ ਮੰਤਰੀ ਨੇ ਟੈਕਸ ਕੁਲੈਕਸ਼ਨ ਪ੍ਰਣਾਲੀ ਚੈਕ ਕੀਤੀ ਅਤੇ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਟੈਕਸ ਨਹੀਂ ਭਰਿਆ ਜਾਂਦਾ ਅਤੇ ਦਸਤਾਵੇਜ਼ ਪੂਰੇ ਨਹੀਂ ਹਨ, ਉਨ੍ਹਾਂ ਦੇ ਚਲਾਨ ਕਰਨ ਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।। ਉਨ੍ਹਾਂ ਆਰ.ਟੀ.ਓ ਦਫ਼ਤਰ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਚੈਕ ਕੀਤੀ ਜੋ ਕਿ 100 ਫੀਸਦੀ ਪਾਈ ਗਈ।
ਸ. ਭੁੱਲਰ ਨੇ ਆਰ.ਟੀ.ਓ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ ਤੇ ਹਦਾਇਤ ਕੀਤੀ ਕਿ ਜੋ ਵੀ ਲੋਕ ਟਰਾਂਸਪੋਰਟ ਨਾਲ ਸਬੰਧਤ ਆਪਣਾ ਕੰਮ ਕਰਾਉਣ ਆਉਂਦੇ ਹਨ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਕਾਗਜ਼ਾਤ ਅਧੂਰੇ ਹਨ ਜਾਂ ਕੋਈ ਹੋਰ ਕਮੀ ਪੇਸ਼ੀ ਹੈ ਤਾਂ ਉਸ ਬਾਰੇ ਸਬੰਧਤ ਨੂੰ ਮੁਕੰਮਲ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਵਾਰ-ਵਾਰ ਦਫ਼ਤਰ ਦੇ ਗੇੜੇ ਨਾ ਮਾਰਨੇ ਪੈਣ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਰ.ਟੀ.ਓ ਦਫਤਰ ਦੀਆਂ ਵਧੇਰੇ ਸੇਵਾਵਾਂ ਪਹਿਲਾਂ ਹੀ ਆਨ ਲਾਈਨ ਚਲ ਰਹੀਆ ਹਨ ਅਤੇ ਬਕਾਇਆ ਸੇਵਾਵਾਂ ਵੀ ਜਲਦ ਹੀ ਆਨ ਲਾਈਨ ਕਰ ਦਿੱਤੀਆ ਜਾਣਗੀਆ।
ਟਰਾਂਸਪੋਰਟ ਮੰਤਰੀ ਨੇ ਮੁਹਾਲੀ ਦੇ ਸੈਕਟਰ-82 ਸਥਿਤ ਡਰਾਈਵਿੰਗ ਟੈਸਟ ਟ੍ਰੈਕ ਦੀ ਵੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੁਹਾਲੀ ਦਾ ਨਵਾਂ ਡਰਾਈਵਿੰਗ ਟੈਸਟ ਟ੍ਰੈਕ ਨਵੀਂ ਹੈਮਜ਼ ਤਕਨੀਕ ਨਾਲ ਬਣਾਇਆ ਗਿਆ ਹੈ, ਜਿਸ ਨਾਲ ਕੋਈ ਦੂਸਰਾ ਵਿਅਕਤੀ ਕਿਸੇ ਹੋਰ ਦੀ ਥਾਂ ਤੇ ਡਰਾਈਵਿੰਗ ਟੈਸਟ ਨਹੀਂ ਦੇ ਸਕਦਾ। ਇਹ ਸਮੁੱਚਾ ਟ੍ਰੈਕ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਹੈ। ਇਸ ਨਾਲ ਪੂਰੀ ਪਾਰਦਰਸ਼ਤਾ ਨਾਲ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਦਾ ਟੈਸਟ ਲਿਆ ਜਾਂਦਾ ਹੈ ਅਤੇ ਇਸ ਵਿੱਚ ਚਾਰ ਪਹੀਆ ਵਾਹਨ ਦੀ ਪਾਸ ਦਰ 40 ਫੀਸਦੀ ਰਹਿ ਗਈ ਹੈ ਅਤੇ ਦੋ ਪਹੀਆ ਵਾਹਨ ਦੀ ਪਾਸ ਦਰ 82 ਫੀਸਦੀ ਹੈ। ਅਜਿਹੀ ਨਵੀਂ ਤਕਨੀਕ ਨਾਲ ਸੜਕੀ ਦੁਰਘਟਨਾਵਾਂ ਵਿੱਚ ਵੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਤਕਨੀਕ ਪੂਰੇ ਪੰਜਾਬ ਵਿੱਚ ਸਾਰੇ ਟ੍ਰੈਕਾਂ ਵਿਖੇ ਲਾਗੂ ਕਰ ਕੀਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਆਰ.ਟੀ.ਓ ਸ੍ਰੀ ਰਾਜਪਾਲ ਸਿੰਘ ਸੇਖੋਂ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਹੋਰ ਅਧਿਕਾਰੀ ਵਿਸ਼ੇਸ ਤੌਰ ਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…