ਸਨਅਤਕਾਰਾਂ ਵੱਲੋਂ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਕਰੋੜ ਦੇ ਨਿਵੇਸ਼ ਦਾ ਫ਼ੈਸਲਾ ਪੰਜਾਬ ਲਈ ਖ਼ਤਰੇ ਦੀ ਘੰਟੀ: ਸਿੱਧੂ

ਕਿਹਾ, ਪੰਜਾਬ ਨੂੰ ਨਿਵੇਸ਼ ਪੱਖੋਂ ਮੁਲਕ ਦਾ ਨੰਬਰ ਇੱਕ ਸੂਬਾ ਬਣਾਉਣ ਦੇ ਦਾਅਵਿਆਂ ਦੀ ਪੋਲ੍ਹ ਖੁੱਲੀ: ਕਾਂਗਰਸ ਆਗੂ

‘ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਲੁਧਿਆਣਾ ਵਿੱਚ ਸਨਅਤਕਾਰਾਂ ਨਾਲ ਕੀਤੀਆਂ ਮੀਟਿੰਗਾਂ

ਨਬਜ਼-ਏ-ਪੰਜਾਬ, ਮੁਹਾਲੀ, 8 ਜੁਲਾਈ:
ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨੀਂ ਲੁਧਿਆਣਾ ਵਿਖੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਹਾਜ਼ਰੀ ਵਿੱਚ ਸੂਬੇ ਦੇ ਸਨਅਤਕਾਰਾਂ ਵੱਲੋਂ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਫ਼ੈਸਲੇ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਖ਼ਬਰ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਨਿਵੇਸ਼ ਪੱਖੋਂ ਮੁਲਕ ਦਾ ਇੱਕ ਨੰਬਰ ਸੂਬਾ ਬਣਾਉਣ ਦੇ ਦਾਅਵਿਆਂ ਦੀ ਪੋਲ੍ਹ ਖੁੱਲ੍ਹ ਗਈ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਖ਼ਬਰਾਂ ਅਨੁਸਾਰ ਕੱਲ ਲੁਧਿਆਣਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਸੂਬੇ ਦੇ ਸਾਰੇ ਵੱਡੇ ਸਨਅਤੀ ਘਰਾਣਿਆਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੂੰ ਉਨ੍ਹਾਂ ਦੇ ਸੂਬੇ ਵਿੱਚ 15,000 ਕਰੋੜ ਤੋਂ ਵੱਧ ਦਾ ਨਿਵੇਸ਼ ਕਰਨ ਦਾ ਭਰੋਸਾ ਦੁਆਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਕ ਵੱਡੇ ਸਨਅਤੀ ਘਰਾਣੇ ਟਰਾਈਡੈਂਟ ਦੇ ਮੁੱਖੀ ਰਾਜਿੰਦਰ ਗੁਪਤਾ ਨੇ ਇਸ ਮੌਕੇ ਦਸਿਆ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਉਨ੍ਹਾਂ ਵਲੋਂ ਮੱਧ ਪ੍ਰਦੇਸ਼ ਵਿੱਚ ਪੰਜ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਟਰਾਈਡੈਂਟ ਦੇ ਰਾਜਿੰਦਰ ਗੁਪਤਾ, ਵਰਧਮਾਨ ਦੇ ਐਸ.ਪੀ. ਓਸਵਾਲ, ਨਾਹਰ ਗਰੁੱਪ ਦੇ ਦਿਨੇਸ਼ ਓਸਵਾਲ, ਰਾਲਸਨ ਟਾਇਰਜ਼ ਦੇ ਸੰਜੀਵ ਪਾਹਵਾ ਸਮੇਤ ਸੂਬੇ ਦੇ ਸਾਰੇ ਪ੍ਰਮੁੱਖ ਸਨਅਤਕਾਰ ਮੌਜ਼ੂਦ ਸਨ।
ਕਾਂਗਰਸੀ ਆਗੂ ਨੇ ਕਿਹਾ ਕਿ ਇਸ ਮੀਟਿੰਗ ਵਿਚ ਮੌਜੂਦ ਹਰ ਸਨਅਤਕਾਰ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਪੰਜਾਬ ਨਾਲੋਂ ਕਿਤੇ ਬਿਹਤਰ ਸਹੂਲਤਾਂ ਤੇ ਸਨਅਤ ਪੱਖੀ ਮਾਹੌਲ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਰੰਗਾਈ ਸਨਅਤ ਦੇ ਪ੍ਰਤੀਨਿਧੀਆਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਆਪਣੀਆਂ ਸਨਅਤੀ ਇਕਾਈਆਂ ਨੂੰ ਉੱਥੇ ਤਬਦੀਲ ਕਰਨ ਲਈ ਲੋਂੜੀਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਦਿੱਤੇ ਮੰਗ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਸੁਣਾਉਣ ਲਈ ਤਿੰਨ ਸਾਲਾਂ ਤੋਂ ਮੰਗਿਆ ਜਾ ਰਿਹਾ ਸਮਾਂ ਨਹੀਂ ਦੇ ਰਹੇ।
ਸ੍ਰੀ ਸਿੱਧੂ ਨੇ ਕਿਹਾ ਕੱਲ ਲੁਧਿਆਣਾ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀਆਂ ਦਿਨ ਭਰ ਚੱਲੀਆਂ ਸਰਗਰਮੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਜਿੱਤੇ ਸਨਅਤਕਾਰ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਸਨਅਤਕਾਰਾਂ ਉਤੇ ਭੋਰਾ ਵੀ ਅਸਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਇਸ ਚੋਣ ਦੌਰਾਨ ਸਨਅਤਕਾਰਾਂ ਨੂੰ ਰਿਆਇਤਾਂ ਦੇ ਵਿਖਾਏ ਗਏ ਸਬਜ਼ ਬਾਗਾਂ ਦਾ ਹੀ ਕੋਈ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਦਿਨੋ ਦਿਨ ਨਿੱਘਰਦੀ ਜਾ ਰਹੀ ਅਮਨ-ਕਾਨੂੰਨ ਦੀ ਸਥਿਤੀ, ਹਰ ਪੱਧਰ ਉੱਤੇ ਫੈਲਿਆ ਭ੍ਰਿਸ਼ਟਾਚਾਰ, ਉਦਾਸੀਨ ਅਫਸਰਸ਼ਾਹੀ ਅਤੇ ਸੂਬੇ ਦੀ ਮਾੜੀ ਆਰਥਿਕ ਹਾਲਤ ਨੇ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਸੂਬੇ ਵਿੱਚ ਬਾਹਰਲੇ ਨਿਵੇਸ਼ ਦੀ ਤਾਂ ਗੱਲ ਛੱਡੋ, ਇਥੋਂ ਦੇ ਸਨਅਤਕਾਰ ਹੀ ਬਾਹਰਲੇ ਸੂਬਿਆਂ ਵਿਚ ਨਿਵੇਸ਼ ਕਰ ਰਹੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੰਜਾਬ ਦੀ ਤਰੱਕੀ ਦਾ ਮਾਡਲ ਤੇ ਦ੍ਰਿਸ਼ਟੀ ਨਾ ਹੋਣ ਕਾਰਨ ਪੰਜਾਬ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ ਜਿਸ ਦੀਆਂ ਨਿਸ਼ਾਨੀਆਂ ਕੱਲ ਲੁਧਿਆਣਾ ਵਿੱਚ ਪ੍ਰਗਟ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ, ਪੰਜਾਬ ਹਿਤੈਸ਼ੀ ਜਥੇਬੰਦੀਆਂ ਅਤੇ ਸੂਬੇ ਦੇ ਦਾਨਸ਼ਮੰਦਾਂ ਨੂੰ ਸਿਰਜੋੜ ਕੇ ਕਿ ਸੂਬੇ ਨੂੰ ਬਚਾਉਣ ਲਈ ਸਿਰਜੋੜ ਕੇ ਸੋਚਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…