ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਦੀ ਰੋਕਥਾਮ ਲਈ ਝੋਕੀ ਪੂਰੀ ਸਰਕਾਰੀ ਮਸ਼ੀਨਰੀ

ਮਲੇਰੀਆ ਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਦੇਖਦੇ ਹੋਏ ਫੋਗਿੰਗ ਮਸ਼ੀਨਾਂ ਪ੍ਰਭਾਵਿਤ ਇਲਾਕਿਆਂ ‘ਚ ਭੇਜੀਆਂ

ਫਾਜ਼ਿਲਕਾ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਵੀ ਵਿਧਾਇਕਾਂ ਨੇ ਰਾਹਤ ਸਮੱਗਰੀ ਵੰਡੀ

ਨਬਜ਼-ਏ-ਪੰਜਾਬ, ਚੰਡੀਗੜ੍ਹ, 11 ਸਤੰਬਰ:
ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ। ਬਿਮਾਰੀਆਂ ਦੀ ਰੋਕਥਾਮ ਲਈ ਸਿਹਤ, ਵੈਟਰਨਰੀ ਤੇ ਹੋਰ ਵਿਭਾਗਾਂ ਦਾ ਸਮੁੱਚਾ ਅਮਲਾ ਦਿਨ-ਰਾਤ ਜੁਟਿਆ ਹੋਇਆ ਹੈ। ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨਾਲ ਮੀਟਿੰਗ ਕਰਕੇ ਹੜ੍ਹਾਂ ਦੌਰਾਨ ਹੋਏ ਖਰਾਬੇ ਅਤੇ ਨੁਕਸਾਨ ਦੀ ਸਮੀਖਿਆ ਕੀਤੀ ਗਈ ਹੈ ਅਤੇ ਸਪੈਸ਼ਲ ਗਿਰਦਾਵਰੀ ਦਾ ਕੰਮ 50 ਪ੍ਰਤੀਸ਼ਤ ਮੁਕੰਮਲ ਕਰਵਾ ਲਿਆ ਹੈ।
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮ ਵੀ ਲਗਾਤਾਰ ਚੱਲ ਰਹੇ ਹਨ। ਬੈਂਸ ਨੇ ਦੱਸਿਆ ਕਿ ਮਲੇਰੀਆ ਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਦੇਖਦੇ ਹੋਏ ਫੋਗਿੰਗ ਮਸ਼ੀਨਾਂ ਇਲਾਕੇ ਵਿੱਚ ਭੇਜੀਆਂ ਜਾ ਰਹੀਆਂ ਹਨ। ਵੱਡੇ ਪਿੰਡਾਂ ਵਿੱਚ ਇਹ ਮਸ਼ੀਨਾਂ ਲਗਾਤਾਰ ਚਲਾਈਆਂ ਜਾਣਗੀਆਂ ਅਤੇ ਮੈਡੀਕਲ ਕੈਂਪ ਵੀ ਲਗਾਤਾਰ ਜਾਰੀ ਰਹਿਣਗੇ। ਵੈਟਰਨਰੀ ਟੀਮਾਂ ਨਿਰੰਤਰ ਹਲਕੇ ਵਿੱਚ ਪਸ਼ੂਆ ਦਾ ਇਲਾਜ ਅਤੇ ਵੈਕਸੀਨੇਸ਼ਨ ਕਰ ਰਹੀਆਂ ਹਨ। ਬੈਂਸ ਨੇ ਦੱਸਿਆ ਕਿ ਸਾਰੇ ਪਿੰਡਾਂ ਦੇ ਰਸਤੇ ਚਾਲੂ ਕੀਤੇ ਗਏ ਹਨ ਤਾਂ ਜੋ ਆਵਾਜਾਈ ਪ੍ਰਭਾਵਿਤ ਨਾ ਹੋਵੇ। ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਟੀਮਾਂ ਵੀ ਤਾਇਨਾਤ ਕੀਤੀਆਂ ਹੋਈਆਂ ਹਨ।
ਉੱਧਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਡੇਹਰੀਵਾਲ ਕਿਰਨ, ਰਣਸੀਕੇ ਤਿੱਲਾ, ਖੁਸ਼ਹਾਲਪੁਰ, ਰੱਤਾ ਅਤੇ ਸ਼ਾਹਪੁਰ ਜਾਜਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਬਲਬੀਰ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਅਤੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਗਏ। ਦੂਜੇ ਪਾਸੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਬਾਰਿਸ਼ ਕਾਰਨ ਜਿਨ੍ਹਾਂ ਘਰਾਂ ਦੀਆਂ ਛੱਤਾਂ ਡਿੱਗੀਆਂ ਸਨ ਉਨ੍ਹਾਂ ਘਰਾਂ ਦੇ ਮਾਲਕਾਂ ਨੂੰ ਮੌਕੇ ‘ਤੇ ਹੀ ਖੁਦ ਪੈਸੇ ਦੇ ਕੇ ਵਿੱਤੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਮਲੋਟ ਸ਼ਹਿਰ ਦੇ ਵਾਰਡਾਂ ਅਤੇ ਪਿੰਡਾਂ ਵਿਚ ਹੀ ਹਨ ਤੇ ਲੋਕਾਂ ਦੀ ਸਾਰ ਲੈ ਰਹੇ ਹਨ।

ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਰਿਆਈ ਪਾਣੀ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਲੋੜੀਂਦੀ ਰਾਹਤ ਸਮੱਗਰੀ, ਜ਼ਰੂਰੀ ਵਸਤੂਆਂ ਅਤੇ ਪਸ਼ੂਆਂ ਲਈ ਚਾਰਾ, ਫੀਡ ਅਤੇ ਚੋਕਰ ਆਦਿ ਦੀ ਵੰਡ ਕੀਤੀ। ਇਸ ਦੌਰਾਨ ਉਹ ਪਿੰਡ ਭਾਊਵਾਲ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਖੋਲ੍ਹੇ ਗਏ ਆਰਜ਼ੀ ਰਾਹਤ ਕੈਂਪ ਵਿੱਚ ਪਹੁੰਚੇ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਭੋਆ ਦੇ ਪਿੰਡ ਸਿਹੋੜਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਦਾ ਸਮਾਨ ਵੰਡਿਆ। ਹਰੇਕ ਪਰਿਵਾਰ ਨੂੰ ਦੋ ਫੋਲਡਿੰਗ ਮੰਜੇ, ਦੋ ਗੱਦੇ, ਇੱਕ ਗੈਸ ਸਿਲੰਡਰ ਅਤੇ ਇੱਕ ਇੱਕ ਮੱਛਰਦਾਨੀ ਦੀ ਵੰਡ ਕੀਤੀ ਗਈ ਹੈ।

ਇਸੇ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਮਕਰੌੜ ਸਾਹਿਬ ਅਤੇ ਮੂਨਕ ਵਿਖੇ ਟੋਹਾਣਾ ਪੁਲ ‘ਤੇ ਘੱਗਰ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਜੋ ਕਿ ਸਾਰਿਆਂ ਲਈ ਰਾਹਤ ਵਾਲੀ ਗੱਲ ਹੈ।
ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼੍ਰੀ ਰਾਮ ਤਲਾਈ, ਡੇਰਾਬੱਸੀ ਵਿਖੇ ਲਗਭਗ 150 ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਵਿੱਚ ਰਾਹਤ ਸਮੱਗਰੀ ਦੀ ਵੰਡ ਕੀਤੀ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਮਹਾਤਮ ਨਗਰ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆ ਅਤੇ ਰਾਹਤ ਸਮੱਗਰੀ ਵੰਡੀ। ਦੂਜੇ ਪਾਸੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਵੀ ਪ੍ਰਭਾਵਿਤ ਲੋਕਾਂ ਨੂੰ 15070 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਅਤੇ ਪਸ਼ੂ ਪਾਲਕਾਂ ਦੇ ਜਾਨਵਰਾਂ ਲਈ 6236 ਪੈਕੇਟ ਕੈਟਲ ਫੀਡ ਵੰਡੀ ਗਈ ਹੈ।

Load More Related Articles
Load More By Nabaz-e-Punjab
Load More In Government

Check Also

Punjab Cabinet Approves New Building Bye-laws

Punjab Cabinet Approves New Building Bye-laws Important decisions taken in Punjab Cabinet …