ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਗੰਭੀਰ, ਕੂੜਾ ਸੁੱਟਣ ਲਈ ਕੋਈ ਥਾਂ ਨਹੀਂ, ਜ਼ਿੰਮੇਵਾਰ ਕੌਣ

ਮੇਅਰ ਜੀਤੀ ਸਿੱਧੂ ਨੇ ਸ਼ਹਿਰ ਦੇ ਕੌਂਸਲਰਾਂ ਨਾਲ ਸਥਾਨਕ ਸਰਕਾਰ ਵਿਭਾਗ ਨੂੰ ਦਿੱਤਾ ਮੰਗ ਪੱਤਰ

ਕੂੜੇ ਦਾ ਨਿਪਟਾਰਾ ਨਾ ਹੋਣ ਕਾਰਨ ਤ੍ਰਾਹੀ-ਤ੍ਰਾਹੀ ਕਰ ਰਿਹਾ ਮੁਹਾਲੀ ਸ਼ਹਿਰ: ਕੌਂਸਲਰ

ਨਬਜ਼-ਏ-ਪੰਜਾਬ, ਮੁਹਾਲੀ, 9 ਅਕਤੂਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਆਪਣੇ ਸਾਥੀ ਕੌਂਸਲਰਾਂ ਨਾਲ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਅਤੇ ਸਕੱਤਰ ਨਾਲ ਮੁਲਾਕਾਤ ਕੀਤੀ ਅਤੇ ਕੂੜੇ ਦੀ ਗੰਭੀਰ ਸਮੱਸਿਆ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਕਾਬਜ ਧਿਰ ਦੇ ਵੱਡੀ ਗਿਣਤੀ ’ਚ ਕੌਂਸਲਰ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਕੂੜੇ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ, ਪਰ ਸਮਗੋਲੀ ਵਿੱਚ ਨਵੀਂ ਡੰਪਿੰਗ ਸਾਈਟ ਹੁਣ ਤੱਕ ਵਿਕਸਤ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਜਗ੍ਹਾ ਤਾਂ ਕਈ ਸਾਲ ਪਹਿਲਾਂ ਚੁਣੀ ਜਾ ਚੁੱਕੀ ਹੈ, ਪਰ ਨਾ ਕੋਈ ਰਸਤਾ ਬਣਿਆ, ਨਾ ਬਾਊਂਡਰੀ ਵਾਲ ਬਣੀ ਹੈ, ਨਾ ਹੀ ਕੋਈ ਵਿਭਾਗੀ ਤਿਆਰੀ ਹੋਈ ਹੈ। ਉਨ੍ਹਾਂ ਕਿਹਾ ਕਿ ’’ਅਸੀਂ ਹਰ ਰੋਜ਼ 100 ਤੋਂ 150 ਟਨ ਕੂੜਾ ਇਕੱਠਾ ਕਰਦੇ ਹਾਂ, ਜਿਸ ਵਿੱਚੋਂ ਲਗਭਗ 50 ਟਨ ਬਾਹਰਲੇ ਇਲਾਕਿਆਂ ਜਿਵੇਂ ਕਿ ਬਲੋਂਗੀ, ਜੇਐਲਪੀਐਲ, ਟੀਡੀਆਈ, ਤੇ ਗਮਾਡਾ ਦੇ ਵਸਾਏ ਹੋਏ ਸੈਕਟਰਾਂ ਦਾ ਕੂੜਾ ਵੀ ਸ਼ਾਮਲ ਹੁੰਦਾ ਹੈ। ਇਸ ਕਰਕੇ ਮੁਹਾਲੀ ਦਾ ਆਪਣਾ ਪ੍ਰਬੰਧ ਬਹੁਤ ਦਬਾਅ ਵਿੱਚ ਹੈ।’’
ਮੇਅਰ ਨੇ ਦੱਸਿਆ ਕਿ ਪਹਿਲਾਂ ਮੁਹਾਲੀ ਦੇ ਕੋਲ ਆਪਣੀ ਡੰਪਿੰਗ ਸਾਈਟ ਸੀ, ਪਰ ਐਨਜੀਟੀ ਅਤੇ ਹਾਈ ਕੋਰਟ ਦੇ ਹੁਕਮਾਂ ਕਰਕੇ ਉਹ ਥਾਂ ਬੰਦ ਕਰਨੀ ਪਈ। ਉਸ ਤੋਂ ਬਾਅਦ ਸ਼ਹਿਰ ਵਿੱਚ ਕੂੜਾ ਕਿਤੇ ਵੀ ਇਕੱਠਾ ਕਰਨ ਦੀ ਕੋਈ ਪੱਕੀ ਜਗ੍ਹਾ ਨਹੀਂ ਬਚੀ। ਇਸ ਕਾਰਨ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਕੂੜੇ ਦੇ ਢੇਰ ਲੱਗ ਰਹੇ ਹਨ, ਜਿਸ ਨਾਲ ਸਫ਼ਾਈ, ਬਦਬੂ ਤੇ ਬਿਮਾਰੀਆਂ ਦੀ ਸਮੱਸਿਆ ਵੱਧ ਰਹੀ ਹੈ। ਮੇਅਰ ਸਿੱਧੂ ਨੇ ਕਿਹਾ ਕਿ ’’ਅਸੀਂ ਹਰੇਕ ਸੰਭਵ ਅਧਿਕਾਰੀ ਨਾਲ ਮੀਟਿੰਗ ਕੀਤੀ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਮੇਤ ਨਿਗਮ ਕਮਿਸ਼ਨਰ ਅਤੇ ਸੈਕਟਰੀ ਸਥਾਨਕ ਸਰਕਾਰ ਨਾਲ ਪਰ ਹੁਣ ਤੱਕ ਮਸਲੇ ਦਾ ਸਥਾਈ ਹੱਲ ਨਹੀਂ ਨਿਕਲਿਆ।’’ ਉਨ੍ਹਾਂ ਕਿਹਾ ਕਿ ਅੱਜ ਸਾਰੇ ਕੌਂਸਲਰਾਂ ਨੇ ਮਿਲ ਕੇ ਸੈਕਟਰ-35 ਸਥਿਤ ਸਥਾਨਕ ਸਰਕਾਰ ਵਿਭਾਗ ਦੇ ਹੈੱਡ ਆਫ਼ਿਸ ਦਾ ਰੁਖ ਕੀਤਾ ਅਤੇ ਉੱਥੇ ਤੁਰੰਤ ਇਸ ਮਸਲੇ ਦਾ ਹੱਲ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਸ਼ਹਿਰ ਦੀ ਸਿਹਤ ਤੇ ਸਫ਼ਾਈ ਦੀ ਸਥਿਤੀ ਹੋਰ ਗੰਭੀਰ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੀਂ ਟੈਕਨੋਲੋਜੀ ਵਾਲੀਆਂ ਮਸ਼ੀਨਾਂ ਨਾਲ ਛੋਟੀ ਜਗ੍ਹਾ ਵਿੱਚ ਕੰਮ ਕੀਤਾ ਜਾ ਸਕਦਾ ਹੈ, ਪਰ ਉਸ ਲਈ ਫੰਡਾਂ ਦੀ ਘਾਟ ਸਭ ਤੋਂ ਵੱਡੀ ਰੁਕਾਵਟ ਹੈ ਤੇ ਨਾਲ ਹੀ ਕੂੜਾ ਸੁੱਟਣ ਵਾਸਤੇ ਡੰਪਿੰਗ ਸਾਈਡ ਦੇ ਫੌਰੀ ਪ੍ਰਬੰਧ ਦੀ ਲੋੜ ਹੈ। ‘‘ਮੁਹਾਲੀ ਹੁਣ ਇੱਕ ਵੱਡਾ ਸ਼ਹਿਰ ਬਣ ਚੁੱਕਾ ਹੈ, ਪਰ ਬਿਨਾਂ ਸਰਕਾਰੀ ਸਹਿਯੋਗ ਦੇ ਅਸੀਂ ਇਹ ਸਮੱਸਿਆ ਹੱਲ ਨਹੀਂ ਕਰ ਸਕਦੇ। ਸਾਨੂੰ ਤੁਰੰਤ ਫੰਡ ਅਤੇ ਸਾਈਟ ਵਿਕਾਸ ਦੀ ਮਨਜ਼ੂਰੀ ਚਾਹੀਦੀ ਹੈ।

ਸਥਾਨਕ ਸਰਕਾਰ ਵਿਭਾਗ ਵਿੱਚ ਮੇਅਰ ਨਾਲ ਕੌਂਸਲਰਾਂ ਦਾ ਵਫ਼ਦ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਕੁਲਵੰਤ ਸਿੰਘ ਅਤੇ ਸੀਈਓ ਪੀਐਮਆਈਡੀਸੀ ਅਦਿੱਤੀ ਨਵਲ ਨੂੰ ਮਿਲਿਆ ਅਤੇ ਵਿਸਤਾਰ ਨਾਲ ਮੁਹਾਲੀ ਦੇ ਕੂੜੇ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਦੋਵੇਂ ਅਧਿਕਾਰੀਆਂ ਨੇ ਬੜੀ ਗੰਭੀਰਤਾ ਨਾਲ ਮੇਅਰ ਅਤੇ ਕੌਂਸਲਰਾਂ ਦੀ ਗੱਲ ਸੁਣੀ ਅਤੇ ਫੌਰੀ ਇਸ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ।
ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਸੁੱਚਾ ਸਿੰਘ ਕਲੌੜ, ਕਮਲਪ੍ਰੀਤ ਸਿੰਘ ਬਨੀ, ਹਰਜੀਤ ਸਿੰਘ ਭੋਲੂ, ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਸ੍ਰੀਮਤੀ ਅਨੁਰਾਧਾ ਆਨੰਦ, ਜਗਦੀਸ਼ ਸਿੰਘ ਜੱਗਾ, ਮੀਨਾ ਕੌਂਡਲ, ਸੁਮਨ ਗਰਗ, ਮਾਸਟਰ ਚਰਨ ਸਿੰਘ, ਗੁਰਸਾਹਿਬ ਸਿੰਘ, ਗੁਰਚਰਨ ਸਿੰਘ ਭੰਵਰਾ, ਜਤਿੰਦਰ ਅਨੰਦ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In Protest

Check Also

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਨਬਜ਼-ਏ-ਪੰਜਾਬ, ਮੁਹਾਲੀ, 4 …