ਫਾਇਰਿੰਗ ਕਰਕੇ ਫਿਰੌਤੀਆਂ ਵਸੂਲਣ ਵਾਲੇ ਗਰੋਹ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, ਸਤੰਬਰ, 9 ਸਤੰਬਰ:
ਮੁਹਾਲੀ ਪੁਲੀਸ ਨੇ ਫਾਇਰਿੰਗ ਕਰਕੇ ਫਿਰੌਤੀਆਂ ਵਸੂਲਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਅੱਜ ਇੱਥੇ ਦੱਸਿਆ ਕਿ ਕਿ ਡੀ.ਆਈ.ਜੀ ਰੂਪਨਗਰ ਰੇਂਜ, ਹਰਚਰਨ ਸਿੰਘ ਭੁੱਲਰ, ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ, ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਐਸਪੀ (ਦਿਹਾਤੀ), ਮਨਪ੍ਰੀਤ ਸਿੰਘ, ਐਸਪੀ (ਜਾਂਚ), ਸੌਰਵ ਜਿੰਦਲ ਅਤੇ ਐਸਪੀ (ਅਪਰੇਸ਼ਨ) ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀਆਂ ਟੀਮਾਂ ਵੱਲੋਂ ਫਿਰੌਤੀ ਮੰਗਣ ਦੀ ਨੀਅਤ ਨਾਲ ਅਮਨ ਹੋਟਲ ਗੁਲਾਬਗੜ੍ਹ ਰੋਡ ਡੇਰਾਬੱਸੀ ‘ਤੇ ਬੀਤੀ 01-09-2025 ਨੂੰ ਰਾਤ ਸਮੇਂ ਫਾਇਰਿੰਗ ਕਰਨ ਵਾਲੇ 2 ਵਿਅਕਤੀਆ ਨੂੰ ਗ੍ਰਿਫ਼ਤਾਰ ਕਰਕੇ, ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੇ 2 ਪਿਸਤੌਲ ਸਮੇਤ 4 ਮੈਗਜੀਨ ਅਤੇ ਵਾਰਦਾਤ ਵਿੱਚ ਵਰਤੀ ਹਾਂਡਾ ਐਕਟੀਵਾ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਐਸਐਸਪੀ ਹਾਂਸ ਨੇ ਦੱਸਿਆ ਕਿ ਮਿਤੀ 01-09-2025 ਨੂੰ ਗੁਲਾਬਗੜ੍ਹ ਰੋਡ ਡੇਰਾਬੱਸੀ ਵਿਖੇ ਅਮਨ ਹੋਟਲ ਉਤੇ ਰਾਤ ਕਰੀਬ 2 ਵਜੇ ਤੜਕਸਾਰ ਫਾਇਰਿੰਗ ਦੀ ਘਟਨਾ ਵਾਪਰੀ, ਜਿਸ ਤੇ ਥਾਣਾ ਡੇਰਾਬੱਸੀ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਮਨ ਹੋਟਲ ਦੇ ਮਾਲਕ ਕਰਨ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਰੋਜ਼ਵੁੱਡ ਅਸਟੇਟ ਜੀ.ਬੀ.ਪੀ, ਰੋਡ ਗੁਲਾਬਗੜ੍ਹ ਦੇ ਬਿਆਨ ਤੇ ਮੁਕੱਦਮਾ ਨੰਬਰ 250, ਮਿਤੀ 01-09-2025 ਅ/ਧ 308(4) ਬੀ.ਐਨ.ਐਸ, 25 ਅਸਲਾ ਐਕਟ ਥਾਣਾ ਡੇਰਾਬੱਸੀ ਦਰਜ ਕੀਤਾ।
ਫਾਇਰਿੰਗ ਦੀ ਇਸ ਘਟਨਾ ਦੀ ਗੰਭੀਰਤਾ ਦੇ ਮੱਦੇਨਜ਼ਰ ਉਨ੍ਹਾਂ (ਐਸ.ਐਸ.ਪੀ) ਵੱਲੋਂ ਸਥਾਨਕ ਪੁਲਿਸ ਤੋਂ ਇਲਾਵਾ ਇੰਚਾਰਜ ਐਂਟੀ ਨਾਰਕੋਟਿਕਸ ਸੈਲ, ਐਸ.ਏ.ਐਸ ਨਗਰ ਮੁਬਾਰਿਕਪੁਰ ਅਤੇ ਇੰਚਾਰਜ ਸਪੈਸ਼ਲ ਸੈਲ, ਮੋਹਾਲੀ ਦੀਆਂ ਅੱਡ-ਅੱਡ ਟੀਮਾਂ ਬਣਾ ਕੇ ਇਨ੍ਹਾਂ ਟੀਮਾਂ ਨੂੰ ਕਪਤਾਨ ਪੁਲਿਸ, ਤਫਤੀਸ਼, ਕਪਤਾਨ ਪੁਲਿਸ, ਆਪਰੇਸ਼ਨਜ ਅਤੇ ਉਪ ਕਪਤਾਨ ਪੁਲਿਸ ਡੇਰਾਬੱਸੀ ਦੀ ਅਗਵਾਈ ਵਿੱਚ ਅੱਡ-ਅੱਡ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਨ੍ਹਾਂ ਟੀਮਾਂ ਵੱਲੋਂ ਤੁਰੰਤ ਮੌਕੇ ਦਾ ਅਧਿਐਨ ਕਰਕੇ, ਮੌਕੇ ਤੇ ਮੌਜੂਦ ਸਬੂਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਵਿਗਿਆਨਿਕ ਢੰਗ ਨਾਲ ਤਫਤੀਸ਼ ਨੂੰ ਅੱਗੇ ਵਧਾਇਆ ਗਿਆ। ਟੈਕਨੀਕਲ ਅਤੇ ਇਲੈਕਟਰੋਨਿਕ ਸਾਧਨਾਂ ਦੀ ਵਰਤੋ ਕਰਦੇ ਹੋਏ ਹੋਰ ਸਬੂਤ ਇਕੱਤਰ ਕੀਤੀ। ਫਿਰ ਇਸ ਸਬੂਤ ਦਾ ਮਿਲਾਨ ਸਥਾਨਕ ਖੁਫੀਆ ਤੰਤਰ ਤੋਂ ਮਿਲੀਆਂ ਇਤਲਾਹਾਂ ਨਾਲ ਕੀਤਾ। ਦੋਹਾਂ ਤਰ੍ਹਾਂ ਦੇ ਸਬੂਤ ਤੇ ਸੂਚਨਾਵਾਂ ਦਾ ਸੁਮੇਲ ਕਰਕੇ, ਇਸ ਅਦਮ ਸੁਰਾਗ ਵਾਰਦਾਤ ਦਾ ਸੁਰਾਗ 8 ਦਿਨਾਂ ਦੇ ਅੰਦਰ-ਅੰਦਰ ਲਗਾਇਆ ਅਤੇ ਵਾਰਦਾਤ ਵਿੱਚ ਸ਼ਾਮਲ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਐਸਐਸਪੀ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਤੋਂ ਹੀ ਐਂਟੀ ਨਾਰਕੋਟਿਸ ਸੈਲ ਤੇ ਸਪੈਸ਼ਲ ਸੈਲ, ਮੋਹਾਲੀ ਦੀਆਂ ਟੀਮਾਂ ਨੇ ਵਿਗਿਆਨਕ ਤਰੀਕਿਆ ਨਾਲ ਤਫਤੀਸ਼ ਕੀਤੀ ਅਤੇ ਮੁਹਾਲੀ ਇਲਾਕੇ ਵਿੱਚ ਖ਼ੁਫ਼ੀਆ ਅਪਰੇਸ਼ਨ ਕਰਕੇ ਇਸ ਗਿਰੋਹ ਦਾ ਸੁਰਾਗ ਲਗਾਇਆ ਜੋ ਪਿੰਡ ਬਾਕਰਪੁਰ ਅਤੇ ਪਿੰਡ ਮਟਰਾਂ ਥਾਣਾ ਐਰੋਸਿਟੀ ਤੋਂ ਸੰਚਾਲਨ ਕਰ ਰਿਹਾ ਸੀ। ਜਿਉਂ ਹੀ ਪੁਲੀਸ ਨੇ ਇਨ੍ਹਾਂ ਇਲਾਕਿਆਂ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਮੁਲਜ਼ਮ ਆਪਣੇ ਟਿਕਾਣਿਆਂ ਤੋਂ ਫਰਾਰ ਹੋ ਗਏ। ਜਿਨ੍ਹਾਂ ਦਾ ਪਿੱਛਾ ਕਰਕੇ ਵਾਰਦਾਤ ਸਮੇਂ ਹਾਂਡਾ ਐਕਟਿਵਾ ਸਕੂਟੀ ਚਲਾ ਰਹੇ ਨਵਜੋਤ ਸਿੰਘ ਉਰਫ ਸੈਂਟੀ ਵਾਸੀ ਪਿੰਡ ਮਟਰਾਂ ਥਾਣਾ ਐਰੋਸਿਟੀ ਨੂੰ ਪਿੰਡ ਮੌਲੀ ਸੈਕਟਰ-80 ਤੋਂ ਮਿਤੀ 07-09-2025 ਨੂੰ ਗ੍ਰਿਫ਼ਤਾਰ ਕੀਤਾ ਅਤੇ ਫਾਇਰਿੰਗ ਕਰਨ ਵਾਲੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਪਿੰਡ ਪੱਤੋੰ ਥਾਣਾ ਸੋਹਾਣਾ ਨੂੰ ਪਿੰਡ ਸੁਲਤਾਨਪੁਰ ਨੇੜੇ ਬਰਵਾਲਾ ਤੋਂ ਮਿਤੀ 08-09-2025 ਨੂੰ ਗ੍ਰਿਫਤਾਰ ਕੀਤਾ। ਪੁਲੀਸ ਨੇ ਦੋਹਾਂ ਦੀ ਨਿਸ਼ਾਨਦੇਹੀ ‘ਤੇ ਵਾਰਦਾਤ ਵਿੱਚ ਵਰਤੇ ਦੋ ਪਿਸਟਲ 7.65 ਐਮ.ਐਮ ਸਮੇਤ 4 ਮੈਗਜੀਨ ਅਤੇ ਵਰਤੀ ਹਾਂਡਾ ਐਕਟਿਵਾ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦਾ ਇਕ ਸਾਥੀ ਅਨੀਕੇਤ ਸਿੰਘ ਵਾਸੀ ਪਿੰਡ ਬਾਕਰਪੁਰ ਫਰਾਰ ਹੈ, ਜਿਸ ਦੀ ਤਲਾਸ਼ ਜਾਰੀ ਹੈ।
ਐਸ.ਐਸ.ਪੀ ਹਾਂਸ ਨੇ ਦੱਸਿਆ ਕਿ ਮੁਲਜ਼ਮ ਨਵਜੋਤ ਸਿੰਘ ਉਰਫ ਸੈਂਟੀ ਨਸ਼ੇ ਕਰਨ ਦਾ ਆਦੀ ਹੈ।
ਦੋਵੇ ਮੁਲਜ਼ਮਾਂ ਖਿਲਾਫ਼ ਮੁਕੱਦਮੇ ਦਰਜ ਹਨ, ਦੋਵੇਂ ਜਮਾਨਤ ‘ਤੇ ਹਨ। ਅਮਨਦੀਪ ਸਿੰਘ ਉਰਫ ਅਮਨਾ ਨੇ ਵਾਰਦਾਤ ਕਰਨ ਤੋਂ ਪਹਿਲਾਂ ਆਪਣੀ ਦਾਹੜੀ ਕੇਸ ਕਟਵਾ ਲਏ ਸਨ ਤਾਂ ਕਿ ਇਸ ਦੀ ਸ਼ਨਾਖਤ ਨਾ ਹੋ ਸਕੇ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਮਨ ਹੋਟਲ ਵਾਲਿਆ ਨੂੰ ਕਾਫੀ ਸਮਾਂ ਪਹਿਲਾਂ ਕਿਸੇ ਨਾਮਲੂਮ ਸਖ਼ਸ਼ ਨੇ ਵਿਦੇਸ਼ੀ ਫੋਨ ਤੋਂ ਧਮਕੀ ਭਰੀ ਕਾਲ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ, ਜਿਸ ਨੂੰ ਇਨ੍ਹਾਂ ਵੱਲੋਂ ਅਣਗੌਲਿਆਂ ਕਰ ਦਿੱਤਾ ਗਿਆ ਸੀ ਅਤੇ ਇਹ ਕਾਰੋਬਾਰੀ ਨਿਸ਼ਚਿੰਤ ਹੋ ਕੇ ਆਪਣਾ ਕਾਰੋਬਾਰ ਕਰ ਰਹੇ ਸਨ ਪਰ ਫਾਇਰਿੰਗ ਦੀ ਘਟਨਾ ਨੇ ਇਨ੍ਹਾਂ ਅੰਦਰ ਸਹਿਮ ਪੈਦਾ ਕਰ ਦਿੱਤਾ ਸੀ, ਜਿਸ ਨੂੰ 8 ਦਿਨਾਂ ਦੇ ਅੰਦਰ ਅੰਦਰ ਸੁਲਝਾ ਕੇ ਮੁਹਾਲੀ ਪੁਲੀਸ ਵੱਲੋਂ ਭਰੋਸਾ ਪੈਦਾ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…