ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ, ਭਗਵੰਤ ਮਾਨ ਦਾ ਪੁਤਲਾ ਸਾੜਿਆਂ
ਨਬਜ਼-ਏ-ਪੰਜਾਬ, ਮੁਹਾਲੀ, 19 ਮਾਰਚ:
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਅੌਲਖ ਕਾਲਾ ਝਾੜ ਸਾਹਿਬ ਅਤੇ ਜ਼ਿਲ੍ਹਾ ਮੁਹਾਲੀ ਦੇ ਸਲਾਹਕਾਰ ਜਗਬੀਰ ਸਿੰਘ ਧਨੋਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ। ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵੀ ਸ਼ਮੂਲੀਅਤ ਕੀਤੀ। ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਅੌਲਖ ਨੇ ਦੱਸਿਆ ਕਿ ਪਿਛਲੇ ਸਾਲ 19 ਮਾਰਚ ਨੂੰ ਜੋ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਵਿੱਚ ਬੁਲਾ ਕਿ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੋ ਪਿੱਠ ਵਿੱਚ ਛੁਰਾ ਮਾਰਿਆ ਸੀ ਅਤੇ ਪਿੱਛੋਂ ਖਨੌਰੀ, ਸ਼ੰਭੂ ਅਤੇ ਰਤਨਪੁਰਾ ਰਾਜਸਥਾਨ ਬਾਰਡਰ ’ਤੇ ਬਜ਼ੁਰਗਾਂ, ਨੌਜਵਾਨਾਂ, ਮਾਵਾਂ ਅਤੇ ਭੈਣਾਂ ਉੱਤੇ ਲਾਠੀਚਾਰਜ ਅਤੇ ਤਸ਼ੱਦਦ ਢਾਹਿਆ ਗਿਆ ਅਤੇ ਜਬਰਦਸ਼ਤੀ ਪੱਕੇ ਮੋਰਚੇ ਚੁੱਕੇ ਗਏ।
ਇਸ ਦੇ ਵਿਰੋਧ ਵਿੱਚ ਅੱਜ ਮੁਹਾਲੀ ਵਿਖੇ ਡੀਸੀ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਪੱਕਾ ਮੋਰਚਾ 401 ਦਿਨ ਚੱਲਿਆ, ਜਿਸ ਵਿੱਚ ਐਮਐਸਪੀ ਗਰੰਟੀ ਕਾਨੂੰਨ, ਕਿਸਾਨ ਅਤੇ ਖੇਤ ਮਜ਼ਦੂਰ ਦੀ ਕਰਜ਼ਾ ਮੁਕਤੀ, ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤਹਿਤ ਫਸਲਾਂ ਦੇ ਭਾਅ, ਲਖੀਮਪੁਰ ਖੀਰੀ ਦਾ ਇਨਸਾਫ, ਮੋਰਚਾ ਭਾਗ 1 ਦੀਆਂ ਰਹਿਦੀਆਂ ਮੰਗਾਂ ਅਤੇ ਤਮਾਮ ਮੰਗਾਂ ਲਈ ਮੋਰਚਾ ਲੱਗਿਆ ਹੋਇਆ ਸੀ ਜਿਸ ਵਿੱਚ ਸਰਕਾਰ ਵੱਲੋਂ ਟਰਾਲੀਆਂ ਵੀ ਚੋਰੀ ਕੀਤੀਆਂ ਹੋਰ ਜਰੂਰੀ ਸਮਾਨ ਸਿਲੰਡਰ ਚੁੱਲੇ ਵਗੈਰਾ ਚੋਰੀ ਕੀਤੇ ਜੋ ਕਿ ਕਿਸਾਨਾਂ ਅਤੇ ਖੇਤੀ ਸੈਕਟਰ ਨਾਲ ਵੱਡਾ ਧਰੋ ਕਮਾਇਆ ਅਤੇ ਤਸ਼ੱਦਦ ਕਰਕੇ ਮੋਰਚਾ ਉਠਾਇਆ ਗਿਆ ਸੀ।
ਗੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਜਿੱਥੇ ਸ਼ੁਭਕਰਨ ਸਿੰਘ ਨੂੰ ਜਾਲਮ ਸਰਕਾਰਾਂ ਨੇ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ। ਉੱਥੇ ਹੋਰ 47 ਦੇ ਲਗਪਗ ਕਿਸਾਨ ਸ਼ਹੀਦ ਹੋਏ ਅਤੇ ਸੈਂਕੜੇ ਕਿਸਾਨਾਂ ਨੂੰ ਫੱਟੜ ਕੀਤਾ ਗਿਆ ਸੀ। ਇਸੇ ਕੜੀ ਤਹਿਤ ਸੰਘਰਸ਼ ਅੱਗੇ ਵੀ ਜਾਰੀ ਹੈ, 27 ਮਾਰਚ ਨੂੰ ਲਾਡੋਵਾਲ ਟੋਲ ਪਲਾਜਾ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪਰਚੀ ਮੁਕਤ ਕੀਤਾ ਜਾਵੇਗਾ। ਤਿੰਨ ਅਪਰੈਲ ਨੂੰ ਕਥੂ ਨੰਗਲ ਟੋਲ ਪਲਾਜਾ ਅੰਮ੍ਰਿਤਸਰ, 6 ਅਪਰੈਲ ਨੂੰ ਐਨਐਚ 54 ਉਸਮਾ ਟੋਲ ਪਲਾਜਾ ਤਰਨ ਤਾਰਨ, 10 ਅਪਰੈਲ ਨੂੰ ਅੰਮ੍ਰਿਤਸਰ ਦਿੱਲੀ ਰੋਡ ਜੰਡਿਆਲਾ ਟੋਲ ਪਲਾਜਾ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ। ਸੰਘਰਸ਼ ਨੂੰ ਅੱਗੇ ਜਾਰੀ ਰੱਖਦਿਆਂ ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਫਿਜ਼ੀਕਲ ਮੀਟਿੰਗ ਕਰਕੇ ਅਗਲੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਮੁਹਾਲੀ ਦੇ ਪ੍ਰਧਾਨ ਕੁਲਵੀਰ ਸਿੰਘ ਬਾਕਰਪੁਰ, ਪਾਲ ਸਿੰਘ ਘੜੂੰਆਂ, ਬਲਜੀਤ ਸਿੰਘ ਰੁੜਕੀ ਪੁਖਤਾ, ਜਸਵੀਰ ਸਿੰਘ ਬਾਕਰਪੁਰ, ਜੀਤ ਸਿੰਘ ਅੌਲਖ ਸੀਨੀਅਰ ਆਗੂ ਜ਼ਿਲ੍ਹਾ ਮਲੇਰਕੋਟਲਾ, ਹਰਦੀਪ ਸਿੰਘ ਮੋਹੀ ਖੁਰਦ, ਰੁਪਿੰਦਰ ਸਿੰਘ ਰਿੰਕੂ ਸਾਰੰਗਪੁਰ, ਚਰਨਜੀਤ ਸਿੰਘ ਚੰਡੀਗੜ੍ਹ, ਹਰਦੀਪ ਸਿੰਘ ਅੰਟਾਲ, ਚਰਨਜੀਤ ਸਿੰਘ ਦੇਸੂਮਾਜਰਾ, ਮੱਖਣ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਮਾਨਸਾ, ਮਨਪ੍ਰੀਤ ਸਿੰਘ ਬਡਹੇੜੀ, ਗੁਰਮੀਤ ਸਿੰਘ ਧਨੋਆ, ਸਰਦੂਲ ਸਿੰਘ ਅਭੇਪੁਰ, ਕਾਕਾ ਸਿੰਘ ਮੌਜਪੁਰ, ਗੁਰਬਿੰਦਰ ਸਿੰਘ ਧਨਾਸ ਅਤੇ ਗੁਰਸੇਵਕ ਸਿੰਘ ਸਾਰੰਗਪੁਰ ਆਦਿ ਹਾਜ਼ਰ ਸਨ।