Share on Facebook Share on Twitter Share on Google+ Share on Pinterest Share on Linkedin ਫ਼ਰਜ਼ੀ ਪੁਲੀਸ ਮੁਕਾਬਲਾ: ਸੀਬੀਆਈ ਅਦਾਲਤ ਵੱਲੋਂ ਪੱਟੀ ਦੇ ਸਾਬਕਾ ਐਸਐਚਓ ਨੂੰ ਉਮਰ ਕੈਦ ਇਸ ਮਾਮਲੇ ਵਿੱਚ ਨਾਮਜ਼ਦ ਦੂਜੇ ਦੋਸ਼ੀ ਥਾਣੇਦਾਰ ਨੂੰ 5 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਤਰਨਤਾਰਨ ਪੁਲੀਸ ਨੇ 1993 ਵਿੱਚ ਦੋ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਮਾਰਿਆ ਸੀ ਪੀੜਤ ਪਰਿਵਾਰਾਂ ਨੂੰ 32 ਸਾਲਾਂ ਬਾਅਦ ਮਿਲਿਆ ਇਨਸਾਫ਼, ਸਬੂਤਾਂ ਦੀ ਘਾਟ ਕਾਰਨ 5 ਮੁਲਜ਼ਮ ਬਰੀ ਨਬਜ਼-ਏ-ਪੰਜਾਬ, ਮੁਹਾਲੀ, 6 ਮਾਰਚ: ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 32 ਸਾਲ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੱਟੀ ਥਾਣੇ ਦੇ ਸਾਬਕਾ ਐਸਐਚਓ ਸੀਤਾ ਰਾਮ (80) ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਦੋਸ਼ੀ ਥਾਣੇਦਾਰ ਰਾਜਪਾਲ (57) ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਐਸਐਚਓ ’ਤੇ ਖਾੜਕੂਵਾਦ ਦੌਰਾਨ 1993 ਵਿੱਚ ਦੋ ਨੌਜਵਾਨਾਂ ਗੁਰਦੇਵ ਸਿੰਘ ਉਰਫ਼ ਦੇਬਾ ਅਤੇ ਸੁਖਵੰਤ ਸਿੰਘ ਨੂੰ ਘਰੋਂ ਚੁੱਕ ਕੇ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਹੈ। ਸੀਬੀਆਈ ਦੇ ਸਰਕਾਰੀ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ ਸਾਬਕਾ ਐਸਐਚਓ ਸੀਤਾ ਰਾਮ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ ਦੋ ਲੱਖ ਰੁਪਏ ਜੁਰਮਾਨਾ, ਧਾਰਾ 201 ਵਿੱਚ ਪੰਜ ਸਾਲ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇੰਜ ਹੀ ਦੂਜੇ ਦੋਸ਼ੀ ਥਾਣੇਦਾਰ ਰਾਜਪਾਲ ਸਿੰਘ ਨੂੰ ਧਾਰਾ 201 ਵਿੱਚ ਪੰਜ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨੇ ਦੀ ਰਾਸ਼ੀ ਜਮ੍ਹਾ ਨਾ ਕਰਵਾਉਣ ’ਤੇ ਦੋਸ਼ੀਆਂ ਨੂੰ ਇੱਕ ਸਾਲ ਵੱਧ ਸਮਾਂ ਸਜ਼ਾ ਭੁਗਤਣੀ ਪਵੇਗੀ। ਅਦਾਲਤ ਨੇ ਮ੍ਰਿਤਕ ਸੁਖਵੰਤ ਸਿੰਘ ਅਤੇ ਗੁਰਦੇਵ ਸਿੰਘ ਦੇ ਪਰਿਵਾਰਾਂ ਨੂੰ 1.5 ਲੱਖ ਪ੍ਰਤੀ ਵਿਅਕਤੀ ਮੁਆਵਜ਼ਾ ਦੇਣ ਦਾ ਵੀ ਹੁਕਮਾ ਕੀਤਾ ਹੈ ਜੋ ਜੁਰਮਾਨੇ ਦੀ ਰਾਸ਼ੀ ’ਚੋਂ ਅਦਾ ਕੀਤਾ ਜਾਵੇਗਾ। ਪੀੜਤ ਪਰਿਵਾਰਾਂ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਵਕੀਲਾਂ ਜਗਜੀਤ ਸਿੰਘ ਬਾਜਵਾ, ਪੁਸ਼ਪਿੰਦਰ ਸਿੰਘ ਨੱਤ ਅਤੇ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ 30 ਜਨਵਰੀ 1993 ਨੂੰ ਗੁਰਦੇਵ ਸਿੰਘ ਉਰਫ਼ ਦੇਬਾ ਵਾਸੀ ਗਲੀਲੀਪੁਰ, ਤਰਨਤਾਰਨ ਨੂੰ ਪੁਲੀਸ ਚੌਕੀ ਤਰਨਤਾਰਨ ਦੇ ਇੰਚਾਰਜ ਏਐਸਆਈ ਨੌਰੰਗ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਘਰੋਂ ਚੁੱਕਿਆ ਸੀ। ਇੰਜ ਹੀ 5 ਫਰਵਰੀ 1993 ਨੂੰ ਏਐਸਆਈ ਦੀਦਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇੱਕ ਹੋਰ ਨੌਜਵਾਨ ਸੁਖਵੰਤ ਸਿੰਘ ਵਾਸੀ ਪਿੰਡ ਬਾਹਮਣੀਵਾਲਾ, ਤਰਨਤਾਰਨ ਨੂੰ ਉਸ ਦੇ ਘਰੋਂ ਚੁੱਕਿਆ ਗਿਆ ਸੀ। ਬਾਅਦ ਵਿੱਚ ਦੋਵੇਂ ਨੌਜਵਾਨਾਂ ਨੂੰ 6 ਫਰਵਰੀ ਨੂੰ 1993 ਨੂੰ ਥਾਣਾ ਪੱਟੀ ਦੇ ਭਾਗੂਪੁਰ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ ਦਿਖਾਇਆ ਗਿਆ। ਫ਼ਰਜ਼ੀ ਮੁਕਾਬਲੇ ਦੀ ਕਹਾਣੀ ਬਣਾ ਕੇ ਥਾਣਾ ਪੱਟੀ ਵਿਖੇ ਕੇਸ ਦਰਜ ਕੀਤਾ ਗਿਆ। ਇਹੀ ਨਹੀਂ ਪੁਲੀਸ ਨੇ ਪਰਿਵਾਰਾਂ ਨੂੰ ਨੌਜਵਾਨਾਂ ਦੀਆਂ ਲਾਸ਼ਾਂ ਤੱਕ ਨਹੀਂ ਦਿੱਤੀਆਂ ਅਤੇ ਲਾਵਾਰਿਸ ਕਰਾਰ ਦਿੰਦੇ ਹੋਏ ਖ਼ੁਦ ਹੀ ਸਸਕਾਰ ਕਰ ਦਿੱਤਾ ਸੀ। ਉਸ ਸਮੇਂ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਤਲ, ਜਬਰੀ ਵਸੂਲੀ ਦੇ 300 ਮਾਮਲਿਆਂ ਵਿੱਚ ਸ਼ਾਮਲ ਸਨ। ਇਸ ਸਬੰਧੀ ਪੀੜਤ ਪਰਿਵਾਰਾਂ ਨੇ ਕਾਂਗਰਸ ਸਰਕਾਰ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਕਾਫ਼ੀ ਤਰਲੇ ਕੱਢੇ ਗਏ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਸ ਮਗਰੋਂ ਪੀੜਤ ਪਰਿਵਾਰਾਂ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਅਤੇ ਸਿਖਰਲੀ ਅਦਾਲਤ ਦੇ ਹੁਕਮਾਂ ’ਤੇ ਸੀਬੀਆਈ ਨੇ 1995 ਵਿੱਚ ਜਾਂਚ ਸ਼ੁਰੂ ਕੀਤੀ ਗਈ। ਸੀਬੀਆਈ ਨੇ 27 ਨਵੰਬਰ 1996 ਨੂੰ ਮ੍ਰਿਤਕ ਨੌਜਵਾਨ ਗੁਰਦੇਵ ਸਿੰਘ ਦੇਬਾ ਦੇ ਪਿਤਾ ਗਿਆਨ ਸਿੰਘ ਦੇ ਬਿਆਨ ਦਰਜ ਕੀਤੇ ਗਏ ਅਤੇ ਫਰਵਰੀ 1997 ਵਿੱਚ ਪੱਟੀ ਦੇ ਉਸ ਸਮੇਂ ਦੇ ਚੌਂਕੀ ਇੰਚਾਰਜ ਨੌਰੰਗ ਸਿੰਘ ਅਤੇ ਹੋਰਾਂ ਵਿਰੁੱਧ ਧਾਰਾ 364/34 ਅਧੀਨ ਕੇਸ ਦਰਜ ਕੀਤਾ ਗਿਆ। ਸੀਬੀਆਈ ਜਾਂਚ ਦੌਰਾਨ ਪੁਲੀਸ ਦੇ ਸਾਰੇ ਤੱਥ ਗਲਤ ਪਾਏ ਗਏ ਅਤੇ ਸਾਲ 2000 ਵਿੱਚ ਮੁਕੰਮਲ ਜਾਂਚ ਤੋਂ ਬਾਅਦ ਸੀਬੀਆਈ ਨੇ ਤਰਨਤਾਰਨ ਦੇ 11 ਪੁਲੀਸ ਅਫ਼ਸਰਾਂ ਜਿਨ੍ਹਾਂ ਵਿੱਚ ਨੌਰੰਗ ਸਿੰਘ ਤਤਕਾਲੀ ਇੰਚਾਰਜ ਕੈਰੋਂ ਚੌਂਕੀ, ਏਐਸਆਈ ਦੀਦਾਰ ਸਿੰਘ, ਕਸ਼ਮੀਰ ਸਿੰਘ ਤਤਕਾਲੀ ਡੀਐਸਪੀ, ਪੱਟੀ, ਸੀਤਾ ਰਾਮ ਤਤਕਾਲੀ ਐਸਐਚਓ ਪੱਟੀ, ਦਰਸ਼ਨ ਸਿੰਘ, ਗੋਬਿੰਦਰ ਸਿੰਘ ਤਤਕਾਲੀ ਐਸਐਚਓ ਵਲਟੋਹਾ, ਏਐਸਆਈ ਸਮੀਰ ਸਿੰਘ, ਏਐਸਆਈ ਫਕੀਰ ਸਿੰਘ, ਸਰਦੂਲ ਸਿੰਘ, ਰਾਜਪਾਲ ਅਤੇ ਅਮਰਜੀਤ ਸਿੰਘ ਤਿੰਨੇ ਸਿਪਾਹੀ ਸ਼ਾਮਲ ਸਨ, ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ ਗਈ। ਮੁਲਜ਼ਮਾਂ ਵਿਰੁੱਧ ਸਾਲ 2001 ਵਿੱਚ ਦੋਸ਼ ਤੈਅ ਕੀਤੇ ਗਏ ਸਨ ਪਰ ਬਾਅਦ ਵਿੱਚ ਪੰਜਾਬ ਡਿਸਟਰਬਡ ਏਰੀਆ ਐਕਟ 1983 ਦੇ ਤਹਿਤ ਉੱਚ ਅਦਾਲਤ ਨੇ ਕੇਸ ’ਤੇ ਰੋਕ ਲਗਾ ਦਿੱਤੀ। ਇਸ ਤਰ੍ਹਾਂ ਕਈ ਸਾਲ ਕੇਸ ਦੀ ਸੁਣਵਾਈ ਨਹੀਂ ਹੋ ਸਕੀ। ਹੈਰਾਨੀ ਦੀ ਗੱਲ ਹੈ ਕਿ ਸੀਬੀਆਈ ਵੱਲੋਂ ਇਕੱਠੇ ਕੀਤੇ ਗਏ ਸਾਰੇ ਸਬੂਤ ਕੇਸ ਦੀ ਨਿਆਇਕ ਫਾਈਲ ’ਚੋਂ ਗਾਇਬ ਹੋ ਗਏ ਅਤੇ ਉੱਚ ਅਦਾਲਤ ਵੱਲੋਂ ਸੂਚਿਤ ਕਰਨ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ’ਤੇ ਦੁਬਾਰਾ ਰਿਕਾਰਡ ਤਿਆਰ ਕੀਤਾ ਗਿਆ ਅਤੇ ਸਾਲ 2023 ਵਿੱਚ ਪਹਿਲੇ ਸਰਕਾਰੀ ਗਵਾਹ ਦਾ ਬਿਆਨ ਦਰਜ ਕੀਤਾ ਗਿਆ। ਪੀੜਤ ਪਰਿਵਾਰਾਂ ਦੇ ਵਕੀਲਾਂ ਨੇ ਦੱਸਿਆ ਕਿ ਸੀਬੀਆਈ ਨੇ ਇਸ ਕੇਸ ਵਿੱਚ 48 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਸੁਣਵਾਈ ਦੌਰਾਨ ਸਿਰਫ਼ 22 ਗਵਾਹਾਂ ਨੂੰ ਹੀ ਪੇਸ਼ ਕੀਤਾ ਗਿਆ ਕਿਉਂਕਿ 23 ਗਵਾਹਾਂ ਦੀ ਮੌਤ ਹੋ ਗਈ ਸੀ। ਇਹੀ ਨਹੀਂ ਕੇਸ ਲੰਮਾ ਚੱਲਣ ਕਾਰਨ ਦੋ ਥਾਣੇਦਾਰਾਂ ਸਮੀਰ ਸਿੰਘ ਤੇ ਦੀਦਾਰ ਸਿੰਘ ਦੋ ਸਿਪਾਹੀਆਂ ਸਰਦੂਲ ਸਿੰਘ ਤੇ ਅਮਰਜੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਪੰਜ ਮੁਲਜ਼ਮਾਂ ਸਾਬਕਾ ਡੀਐਸਪੀ ਕਸ਼ਮੀਰ ਸਿੰਘ ਸਮੇਤ ਥਾਣਾ ਵਲਟੋਹਾ ਦੇ ਤਤਕਾਲੀ ਐਸਐਚਓ ਗੋਬਿੰਦਰ ਸਿੰਘ, ਕੈਰੋਂ ਪੁਲੀਸ ਚੌਂਕੀ ਦੇ ਤਤਕਾਲੀ ਇੰਚਾਰਜ ਨੌਰੰਗ ਸਿੰਘ ਅਤੇ ਏਐਸਆਈ ਫਕੀਰ ਸਿੰਘ ਤੇ ਦਰਸ਼ਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ