ਅੰਮ੍ਰਿਤਸਰ ਵਿੱਚ ਦੋ ਔਰਤਾਂ ਸਮੇਤ ਛੇ ਨਸ਼ਾ ਤਸਕਰ 9 ਕਿਲੋ ਹੈਰੋਇਨ ਨਾਲ ਗ੍ਰਿਫਤਾਰ

ਨਬਜ਼-ਏ-ਪੰਜਾਬ, ਅੰਮ੍ਰਿਤਸਰ, 18 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਰਹੱਦ ਪਾਰ ਚੱਲ ਰਹੇ ਨਾਰਕੋ-ਅੱਤਵਾਦ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇ ਨਸ਼ਾ ਤਸਕਰਾਂ ਨੂੰ 9.066 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਦੋ ਹੋਰ ਨਸ਼ਾ ਤਸਕਰੀ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂਪੁਰ ਦੇ ਹਨੀ (18), ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਰਮਦੀਪ ਸਿੰਘ ਉਰਫ਼ ਪਾਰਸ (18), ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਹਰਵਿੰਦਰ ਸਿੰਘ ਉਰਫ਼ ਹਿੰਦਾ (19), ਅੰਮ੍ਰਿਤਸਰ ਦੇ ਪਿੰਡ ਡਾਂਡੇ ਦੇ ਗੁਰਪ੍ਰੀਤ ਸਿੰਘ ਉਰਫ਼ ਗੋਪੀ (25), ਤਰਨਤਾਰਨ ਦੇ ਪਿੰਡ ਢਾਲਾ ਦੀ ਜਸਬੀਰ ਕੌਰ (40) ਅਤੇ ਤਰਨਤਾਰਨ ਦੇ ਪਿੰਡ ਹਵੇਲੀਆਂ ਦੀ ਕੁਲਵਿੰਦਰ ਕੌਰ (54) ਵਜੋਂ ਹੋਈ ਹੈ।
ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਗਾ ਸਥਿਤ ਜਗਪ੍ਰੀਤ ਸਿੰਘ ਉਰਫ਼ ਜੱਗਾ ਦੁਆਰਾ ਚਲਾਏ ਜਾ ਰਹੇ ਨਸ਼ਾ ਤਸਕਰੀ ਸਿੰਡੀਕੇਟ, ਦੇ ਮੁੱਖ ਕਾਰਕੁੰਨ ਯਾਸੀਨ ਮੁਹੰਮਦ ਨੂੰ 7.1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੰਡਿਆਲਾ ਗੁਰੂ ਦੇ ਰਹਿਣ ਵਾਲਾ ਹਰਪ੍ਰੀਤ ਉਰਫ਼ ਹੈਪੀ ਜੱਟ ਵਿਦੇਸ਼ੀ ਗੈਂਗਸਟਰ ਦੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧੇ ਸਬੰਧ ਸੀ ਅਤੇ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਇਸ ਨੈੱਟਵਰਕ ਨੂੰ ਚਲਾ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਦੋ ਵੱਖ-ਵੱਖ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ ਦੋਵਾਂ ਮਾਮਲਿਆਂ ਵਿੱਚ ਵਿਆਪਕ ਨੈੱਟਵਰਕ ਅਤੇ ਸਰਹੱਦ ਪਾਰ ਦੇ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਪਹਿਲੇ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸ਼ੁਰੂ ਵਿੱਚ, ਮੁਲਜ਼ਮ ਹਨੀ ਨੂੰ 20 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੋਰ ਜਾਂਚ ਦੌਰਾਨ ਉਸਦੇ ਸਾਥੀ ਪਰਮਦੀਪ ਸਿੰਘ ਉਰਫ਼ ਪਾਰਸ ਨੂੰ ਨਾਮਜ਼ਦ ਕੀਤਾ ਗਿਆ , ਜੋ ਬਾਅਦ ਵਿੱਚ 5.032 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮਾਡਿਊਲ ਦੇ ਦੋ ਹੋਰ ਮੈਂਬਰਾਂ ਹਰਵਿੰਦਰ ਹਿੰਦਾ ਅਤੇ ਗੁਰਪ੍ਰੀਤ ਗੋਪੀ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਪੁਲਿਸ ਟੀਮਾਂ ਨੇ ਗੁਰਪ੍ਰੀਤ ਦੇ ਕਬਜ਼ੇ ਤੋਂ 3.010 ਕਿਲੋਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ, ਜਿਸ ਨਾਲ ਇਸ ਮਾਡਿਊਲ ਤੋਂ ਕੁੱਲ ਰਿਕਵਰੀ 8.062 ਕਿਲੋਗ੍ਰਾਮ ਹੋ ਗਈ ਹੈ।
ਸੀਪੀ ਭੁੱਲਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੁਰਪ੍ਰੀਤ ਅਤੇ ਪਰਮਦੀਪ ਸਰਹੱਦ ਪਾਰ ਤੋਂ ਡਰੋਨ ਦੀ ਵਰਤੋਂ ਕਰਕੇ ਸੁੱਟੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨਿਰਧਾਰਤ ਥਾਵਾਂ-ਜਿਵੇਂ ਕੂੜੇ ਦੇ ਢੇਰ ਜਾਂ ਨਿਸ਼ਾਦੇਹੀ ਕੀਤੇ ਪੋਲਾਂ, ਤੋਂ ਪ੍ਰਾਪਤ ਕਰਦੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਹੈਪੀ ਜੱਟ ਦੇ ਨਿਰਦੇਸ਼ਾਂ `ਤੇ ਹੈਰੋਇਨ ਦੀ ਖੇਪ ਨੂੰ ਅੱਗੇ ਸਪਲਾਈ ਕਰਦੇ ਸਨ।
ਇੱਕ ਹੋਰ ਕਾਰਵਾਈ ਵਿੱਚ ਸੀਪੀ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਜਸਬੀਰ ਕੌਰ ਅਤੇ ਕੁਲਵਿੰਦਰ ਕੌਰ ਨਾਮ ਦੀਆਂ ਦੋ ਮਹਿਲਾ ਤਸਕਰਾਂ ਨੂੰ 1.004 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਜਸਬੀਰ ਕੌਰ ਪਾਕਿ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ, ਉਨ੍ਹਾਂ ਕਿਹਾ ਕਿ ਦੋਵਾਂ ਮਾਡਿਊਲਾਂ ਵਿੱਚ ਇੱਕੋ ਹੀ ਪਾਕਿਸਤਾਨ-ਅਧਾਰਤ ਤਸਕਰ ਦਾ ਸਾਂਝਾ ਸਬੰਧ ਸੀ।
ਇਸ ਸਬੰਧ ਵਿੱਚ ਦੋ ਵੱਖ-ਵੱਖ ਮਾਮਲੇ-ਐਫਆਈਆਰ ਨੰਬਰ 185 ਮਿਤੀ 15-09-2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਬੀ, 21-ਸੀ ਅਤੇ 29 ਅਧੀਨ ਅਤੇ ਐਫਆਈਆਰ ਨੰਬਰ 187 ਮਿਤੀ 17-09-2025 ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਅਧੀਨ – ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਦਰਜ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Drug Cases

Check Also

Cross-Border Arms and Drug Smuggling Case: Five held with Heroin

Cross-Border Arms and Drug Smuggling Case: Five held with Heroin Nabaz-e-Punjab, Amritsar,…