Share on Facebook Share on Twitter Share on Google+ Share on Pinterest Share on Linkedin ਅਧਿਆਪਕਾਂ ਦੀਆਂ ਮੰਗਾਂ ਸਬੰਧੀ ਵਫ਼ਦ ਸਿੱਖਿਆ ਸਕੱਤਰ ਨੂੰ ਮਿਲਿਆ ਨਬਜ਼-ਏ-ਪੰਜਾਬ, ਮੁਹਾਲੀ, 27 ਜੂਨ: ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੀ ਪ੍ਰਾਇਮਰੀ ਕਾਡਰ ਦੀਆਂ ਬਹੁਤ ਚਿਰਾਂ ਤੋ ਚੱਲ ਰਹੀਆਂ ਮੰਗਾਂ ਸਬੰਧੀ ਸਿੱਖਿਆ ਸਕੱਤਰ ਪੰਜਾਬ ਨਾਲ ਵਿਸਥਾਰ ਪੂਰਵਕ ਚਰਚਾ ਹੋਈ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ,ਬਲਜੀਤ ਸਿੰਘ ਸਲਾਣਾ, ਜਸਵਿੰਦਰ ਸਿੰਘ ਅੌਲਖ, ਹਰਵਿੰਦਰ ਸਿੰਘ ਬਿਲਗਾ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ ਦੀ ਅਗਵਾਈ ਵਿੱਚ ਆਗੂਆਂ ਦਾ ਵਫਦ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਸ਼ਾਮਲ ਹੋਇਆ। ਆਗੂਆਂ ਨੇ ਦੱਸਿਆ ਕਿ ਬਹੁਤ ਸਮੇਂ ਬਾਅਦ ਪ੍ਰਾਇਮਰੀ ਕਾਡਰ ਦੀਆਂ ਲਟਕਦੀਆਂ ਮੰਗਾਂ ’ਤੇ ਸਿੱਖਿਆ ਸਕੱਤਰ ਨੇ ਬਹੁਤ ਵਿਸਥਾਰ ਨਾਲ ਗੱਲਬਾਤ ਕੀਤੀ। ਜਿਨ੍ਹਾਂ ਮੰਗਾਂ ਤੇ ਵਿਚਾਰ ਚਰਚਾ ਹੋਈ ਅਤੇ ਜਥੇਬੰਦੀਆਂ ਦੀ ਸਹਿਮਤੀ ਬਣੀ ਉਸ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬੀਪੀਈਓ ਜ਼ਿਲ੍ਹਾ ਕਾਡਰ ਹੋਵੇਗਾ। ਸਪੈਸ਼ਲ ਐਜੂਕੇਟਰ ਵਜੋਂ ਪ੍ਰਾਇਮਰੀ ਵਿੱਚ 1950 ਅਤੇ ਸੈਕੰਡਰੀ ਵਿੱਚ 1650 ਅਸਾਮੀਆਂ ’ਤੇ ਪਦਉਨਤੀਆਂ ਕਰਨ ਦੀ ਸੂਚਨਾ ਦਿੱਤੀ ਗਈ। ਜਨਵਰੀ ਤੋਂ ਦਸੰਬਰ ਤੱਕ ਹਰ ਵਰਗ ਦੀਆਂ ਪੋਸਟਾਂ ਖਾਲੀ ਹੋਣ ਤੋਂ ਪਹਿਲਾਂ ਪ੍ਰਮੋਸ਼ਨ ਲਈ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਈਟੀਟੀ ਤੋਂ ਐਚਟੀ, ਐਚਟੀ ਤੋਂ ਸੀਐਚਟੀ, ਸੀਐਚਟੀ ਤੋਂ ਬੀਪੀਈਓ ਦੀ ਵਿਭਾਗੀ ਪ੍ਰਮੋਸ਼ਨ ਦਾ ਕੋਟਾ 90% ਹੋਵੇਗਾ। ਪ੍ਰੀ-ਪ੍ਰਾਇਮਰੀ ਤੋਂ ਈਟੀਟੀ ਅਤੇ ਈਟੀਟੀ ਤੋਂ ਐਚਟੀ ਦੀ ਪ੍ਰਮੋਸ਼ਨ ਲਈ 4 ਸਾਲ ਦੀ ਸੇਵਾ ਦੀ ਸ਼ਰਤ ਹੋਵੇਗੀ, ਐਚਟੀ ਤੋਂ ਸੀਐਚਟੀ ਅਤੇ ਸੀਐਚਟੀ ਤੋਂ ਬੀਪੀਈਓ ਦੀ ਪ੍ਰਮੋਸ਼ਨ ਲਈ 2 ਸਾਲ ਦੀ ਸੇਵਾ ਦੀ ਸ਼ਰਤ ਹੋਵੇਗੀ। ਬੀਪੀਈਓ ਤੋਂ ਪ੍ਰਿੰਸੀਪਲ ਦੀ ਪ੍ਰਮੋਸ਼ਨ ਦੀ ਵੀ ਮੰਗ ਕੀਤੀ ਗਈ। ਸੈਂਟਰ ਪੱਧਰ ਤੇ ਪੀਟੀਆਈ ਅਧਿਆਪਕ, ਕੰਪਿਊਟਰ ਅਧਿਆਪਕ ਅਤੇ ਕਲਰਕ ਦੇਣ ਸਮੇਤ ਸਫਾਈ ਸੇਵਕ ਦੇਣ ਦੀ ਵੀ ਮੰਗ ਕਰਨ ’ਤੇ ਪ੍ਰਾਇਮਰੀ ਵਿਭਾਗ ਵਿੱਚ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ। ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਅਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕ ਦੇਣ ਦੀ ਮੰਗ ਦੀ ਪੂਰਤੀ ਲਈ ਨਵੀਆਂ ਭਰਤੀਆਂ ਕਰਨ ਲਈ ਪ੍ਰਕਿਰਿਆ ਤੇਜ ਕਰਨ ਦੀ ਸਹਿਮਤੀ ਬਣੀ। ਕੰਪਿਊਟਰ ਅਧਿਆਪਕਾਂ ਅਤੇ ਮੈਰੀਟੋਰੀਅਸ ਸਕੂਲਾਂ ਦੇ ਸਟਾਫ਼ ਨੂੰ ਰੈਗੂਲਰ ਕਰਨ ਦੀ ਮੰਗ ਤੇ ਹਾਂ ਪੱਖੀ ਹੁੰਗਾਰਾ ਮਿਲਿਆ, 180 ਈਟੀਟੀ ਅਧਿਆਪਕਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕਰਨ ਦਾ ਮਾਮਲਾ ਵਿੱਤ ਵਿਭਾਗ ਦੇ ਵਿਚਾਰ ਅਧੀਨ ਹੈ, ਰਹਿੰਦੇ 120 ਸਿੱਖਿਆ ਵਲੰਟੀਅਰਾਂ ਨੂੰ ਜਲਦ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ। 31/12/2025 ਤੱਕ 10 ਸਾਲ ਦੀ ਠੇਕਾ ਆਧਾਰਿਤ ਸੇਵਾ (2 ਸਾਲ ਦੇ ਕੋਰਸ ਦੇ ਸਮੇਂ ਸਮੇਤ) ਪੂਰੀ ਕਰਨ ਵਾਲਿਆਂ ਨੂੰ ਪੱਕਾ ਕੀਤਾ ਜਾਵੇਗਾ। ਐਸੋਸੀਏਟ ਟੀਚਰਾਂ ਅਤੇ ਅਸਿਸਟੈਂਟ ਅਸੋਸੀਏਟ ਟੀਚਰਾਂ ਦੇ ਸੇਵਾ ਨਿਯਮ ਬਣਾਉਣ ਲਈ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਗਿਆ। ਰਿਜਰਵ ਕੈਟਾਗਰੀਆਂ ਦਾ 2016 ਤੋਂ ਬੈਕਲਾਗ ਪੂਰਾ ਕਰਨ ਲਈ ਰੋਸਟਰ ਪੁਆਇੰਟ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਆਪਸੀ ਬਦਲੀਆਂ ਲਈ ਪਰਖ ਕਾਲ ਸਮੇਂ ਦੀ ਸ਼ਰਤ ਵਿੱਚ ਛੋਟ ਦੇਣ ਤੇ ਸਹਿਮਤੀ। ਬਣੀ। ਪਿਛਲੇ ਸਮੇਂ ਪਦਉਨਤ ਹੋਏ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਮੌਕਾ ਦੇਣ ਦੀ ਸਹਿਮਤੀ ਵੀ ਦਿੱਤੀ ਗਈ। ਪ੍ਰਾਇਮਰੀ ਕਾਡਰ ਦੀ ਪੇਅ ਅਨਾਮਲੀਆਂ ਦੂਰ ਕਰਦੇ ਹੋਏ ਸੈਂਟਰ ਹੈੱਡ ਟੀਚਰ, ਬੀਪੀਈਓ ਨੂੰ ਚੌਥੇ ਪੇਅ ਕਮਿਸ਼ਨ ਅਨੁਸਾਰ ਬਰਾਬਰ ਦਾ ਪੇਅ ਸਕੇਲ ਦੇਣ ਦੀ ਮੰਗ ਵੀ ਮੋਰਚੇ ਵੱਲੋਂ ਕੀਤੀ ਗਈ। ਅਧਿਆਪਕਾਂ ਦੇ ਰਹਿੰਦੇ ਸਮੂਹ ਮਸਲੇ ਹੱਲ ਕਰਨ ਲਈ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਰੱਖ ਕੇ ਸਹਿਮਤੀਆਂ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੀਟਿੰਗ ਵਿੱਚ ਪਰਵੀਨ ਕੁਮਾਰ, ਸਤਨਾਮ ਸਿੰਘ ਰੰਧਾਵਾ, ਗੁਰਬਿੰਦਰ ਸਿੰਘ ਸਸਕੌਰ ਐਨਡੀ ਤਿਵਾੜੀ, ਕ੍ਰਿਸ਼ਨ ਸਿੰਘ ਦੁੱਗਾਂ, ਅਮਰਜੀਤ ਸਿੰਘ, ਲਛਮਣ ਸਿੰਘ ਨਬੀਪੁਰ, ਸੁਰਿੰਦਰ ਕੁਮਾਰ, ਪਰਵਿੰਦਰ ਭਾਰਤੀ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ