Share on Facebook Share on Twitter Share on Google+ Share on Pinterest Share on Linkedin ਡੀਸੀ ਨੇ ਜੈਅੰਤੀ ਮਾਜਰੀ, ਗੂੜਾ, ਕਸੌਲੀ ਤੇ ਹੋਰਨਾਂ ਪਿੰਡਾਂ ਦਾ ਲਿਆ ਜਾਇਜ਼ਾ ਤਿੰਨ ਸਰਕਾਰੀ ਵਿਭਾਗਾਂ ਨੂੰ ਫੌਰੀ ਆਰਜ਼ੀ ਰਸਤਾ ਬਣਾਉਣ ਦੇ ਸਖ਼ਤ ਨਿਰਦੇਸ਼ ਨਬਜ਼-ਏ-ਪੰਜਾਬ, ਮੁਹਾਲੀ, 5 ਸਤੰਬਰ: ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਜੈਅੰਤੀ ਮਾਜਰੀ, ਗੂੜਾ, ਕਸੌਲੀ, ਭਗਿੰਡੀ ਅਤੇ ਕਰੌਂਦੇ ਵਾਲਾ ਪਿੰਡਾਂ ਦਾ ਦੌਰਾ ਕਰਕੇ ਮੌਜੂਦਾ ਹਾਲਾਤਾਂ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਇਨ੍ਹਾਂ ਪਿੰਡਾਂ ਦੀ ਪਹੁੰਚ ਸੜਕ ਜੈਅੰਤੀ ਕੀ ਰਾਓ ਨਾਲੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈ ਸੀ। ਡੀਸੀ ਨੇ ਮੌਕੇ ’ਤੇ ਮੌਜੂਦ ਡਰੇਨੇਜ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਕਿ ਬਿਨਾਂ ਦੇਰੀ ਤੋਂ ਉਪਰੋਕਤ ਪਿੰਡਾਂ ਦੇ ਲੋਕਾਂ ਲਈ ਇੱਕੋ ਇੱਕ ਰਸਤੇ ਨੂੰ ਤੁਰੰਤ ਆਰਜ਼ੀ ਤੌਰ ’ਤੇ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਾਈ ਹੱਲ ਲਈ ਜੈਅੰਤੀ ਕੀ ਰਾਓ ਨਾਲੇ ’ਤੇ ਤਿੰਨ ਪੁਲ ਬਣਾਉਣ ਦਾ ਐਸਟੀਮੇਟ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਮਨਜ਼ੂਰੀ ਮਿਲਣ ’ਤੇ ਸਬੰਧਤ ਪੁਲਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਖਰੜ ਦੀ ਐਸਡੀਐਮ ਸ੍ਰੀਮਤੀ ਦਿਵਿਆ ਪੀ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਿਵੇਕ ਦੁਰੇਜਾ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਖੁਸ਼ਵਿੰਦਰ ਸਿੰਘ, ਪਾਵਰਕਾਮ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਉਪਰੋਕਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਜਾਣੀਆਂ, ਜਿਨ੍ਹਾਂ ਵਿੱਚ ਮੋਬਾਈਲ ਕਨੈਕਟੀਵਿਟੀ, ਕਰੌਂਦੇ ਵਾਲਾ ਤੋਂ ਉੱਪਰ ਨੂੰ ਜਾਂਦੇ ਰਸਤੇ ਦੇ ਨਿਰਮਾਣ ਵਿੱਚ ਵਣ ਵਿਭਾਗ ਦੀ ਕਲੀਅਰੈਂਸ ਨਾ ਮਿਲਣ ਕਾਰਨ ਹੋਈ ਦੇਰੀ ਸਮੇਤ ਹੋਰ ਮੁੱਦੇ ਸ਼ਾਮਲ ਸਨ। ਡੀਸੀ ਨੇ ਭਰੋਸਾ ਦਿੱਤਾ ਕਿ ਇਨ੍ਹਾਂ ’ਚੋਂ ਤੁਰੰਤ ਹੱਲ ਹੋ ਜਾਣ ਵਾਲੇ ਮੁੱਦਿਆਂ ’ਤੇ ਛੇਤੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਥੋੜਾ ਸਮਾਂ ਲੱਗੇਗਾ, ਉਸ ਲਈ ਪਿੰਡ ਵਾਸੀ, ਉਸ ਸਮੇਂ ਤੱਕ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਡੀਸੀ ਨੇ ਆਖਿਆ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਅਤੇ ਇਨ੍ਹਾਂ ਪਿੰਡਾਂ ਦੀ ਪਹੁੰਚ ਸੜਕ ਪਾਣੀ ਦੇ ਤੇਜ਼ ਵਹਾਅ ਕਾਰਨ ਬਰਕਰਾਰ ਨਹੀਂ ਰਹਿ ਸਕੀ, ਜਿਸ ਦੇ ਪੱਕੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਯਤਨ ਆਰੰਭ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਨੇ ਤੇਜ਼ ਵਹਾਅ ਵਾਲੇ ਮੌਸਮੀ ਨਾਲਿਆਂ ਵਿੱਚ ਆਫਰੋਡਿੰਗ ਜਿਹੀਆਂ ਗਤੀਵਿਧੀਆਂ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹਾ ਕਰਕੇ ਆਪਣੀਆਂ ਜਾਨਾਂ ਖਤਰੇ ਵਿੱਚ ਨਾ ਪਾਉਣ। ਜੇਕਰ ਫਿਰ ਵੀ ਉਹ ਅਜਿਹਾ ਕਰਨ ਤੋਂ ਬਾਜ਼ ਨਹੀਂ ਆਏ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਨਦੀਆਂ/ਨਾਲਿਆਂ ਦੇ ਨੇੜੇ ਜਾਣ ਤੋਂ ਰੋਕਣ ਦੀ ਅਪੀਲ ਵੀ ਕੀਤੀ। ਡੀਸੀ ਨੇ ਲੋਕਾਂ ਨੂੰ ਬਰਸਾਤਾਂ ਦੌਰਾਨ ਪੀਣ ਵਾਲਾ ਪਾਣੀ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰਕੇ ਪੀਣ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰੱਖਣ ਲਈ ਸਾਵਧਾਨੀਆਂ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਕਿਸੇ ਵੀ ਹੰਗਾਮੀ ਹਾਲਤ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕਰਨ ਲਈ, ਜ਼ਿਲਾ ਪੱਧਰ ਅਤੇ ਸਬ ਡਵੀਜ਼ਨ ਪੱਧਰ ’ਤੇ ਸਥਾਪਿਤ ਫਲੱਡ ਕੰਟਰੋਲ ਰੂਮ ਜਿਨ੍ਹਾਂ ਦੇ ਨੰਬਰ ਡੀਸੀ ਦਫ਼ਤਰ ਕੰਟਰੋਲ ਰੂਮ ਨੰਬਰ 0172-2219506, ਮੋਬਾਈਲ: 76580-51209, ਸਬ-ਡਵੀਜ਼ਨ ਖਰੜ 0160-2280222, ਸਬ-ਡਵੀਜ਼ਨ ਡੇਰਾਬੱਸੀ: 01762-283224 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ