ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਨਿਭਾਏਗਾ ਦਲਿਤ ਚੇਤਨਾ ਮੰਚ: ਪੁਰਖਾਲਵੀ

ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸੋਹਾਣਾ ਦਾ ਵਿਸ਼ੇਸ਼ ਸਨਮਾਨ

ਅਕਾਲੀ ਸਰਕਾਰ ਸਮੇਂ ਮੁਹਾਲੀ ਦੇ ਬੁਨਿਆਦੀ ਢਾਂਚੇ ’ਤੇ 2500 ਕਰੋੜ ਕੀਤੇ ਸੀ ਖਰਚ: ਪਰਵਿੰਦਰ ਸੋਹਾਣਾ

ਨਬਜ਼-ਏ-ਪੰਜਾਬ, ਮੁਹਾਲੀ, 11 ਜੁਲਾਈ:
ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਇੱਥੇ ਫੇਜ਼-9 ਸਥਿਤ ਹੋਟਲ ਮੈਜੇਸਟਿਕ ਵਿਖੇ ਸੰਸਥਾ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਸਨਮਾਨਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕੀਤਾ ਗਿਆ। ਸਮਾਗਮ ਦੌਰਾਨ ਪਰਵਿੰਦਰ ਸਿੰਘ ਸੋਹਾਣਾ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ, ਸਿਹਤ, ਖੇਡਾਂ ਅਤੇ ਬੁਨਿਆਦੀ ਢਾਂਚੇ ਖੇਤਰ ਵਿੱਚ ਵੱਡੇ ਕੰਮ ਹੋਏ। ਉਨ੍ਹਾਂ ਕਿਹਾ ਕਿ, ’’ਅਕਾਲੀ ਸਰਕਾਰ ਨੇ ਦਲਿਤ ਸਮਾਜ ਲਈ ਕਈ ਯੋਜਨਾਵਾਂ ਲਾਗੂ ਕਰਕੇ ਇਸ ਵੰਨਗੀ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ਕੀਤਾ, ਪਰ ਮੌਜੂਦਾ ਹਕੂਮਤ ਨੇ ਇਹ ਸਭ ਬੰਦ ਕਰਕੇ ਗਰੀਬਾਂ ਨਾਲ ਧੋਖਾ ਕੀਤਾ ਹੈ।’’
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਨਾ ਸਿਰਫ ਪੂਰੇ ਪੰਜਾਬ ਸਗੋਂ ਖਾਸ ਤੌਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ 2500 ਕਰੋੜ ਖਰਚ ਕੀਤੇ ਗਏ। ਇਸ ਦੌਰਾਨ ਮੁਹਾਲੀ ਦੀ ਸ਼ਾਪਿੰਗ ਸਟਰੀਟ ਨੂੰ ਚੌੜਾ ਕਰਕੇ ਡਬਲ ਸੜਕ ਬਣਾਈ ਗਈ, ਅੱਠ ਖੇਡ ਸਟੇਡੀਅਮ ਬਣਾਏ ਗਏ, ਜਿਲਾ ਕੰਪਲੈਕਸ ਬਣਾਇਆ ਗਿਆ, ਮੈਰੀਟੋਰੀਅਸ ਸਕੂਲ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮਾਈ ਭਾਗੋ ਅਕੈਡਮੀ, ਗੱਲ ਕੀ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੁਹਾਲੀ ਨੂੰ ਪ੍ਰਦਾਨ ਕੀਤੀਆਂ ਗਈਆਂ ਅਤੇ ਇਸ ਦੇ ਨਾਲ ਨਾਲ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਵਿੱਚ ਫਤਹਿ ਮੀਨਾਰ ਸਥਾਪਿਤ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਦਾ ਅੱਜ ਤੱਕ ਦਾ 90 ਫੀਸਦੀ ਵਿਕਾਸ ਅਕਾਲੀ ਰਾਜ ਵੇਲੇ ਹੋਇਆ ਹੈ ਅਤੇ ਉਸ ਕੀਤੇ ਗਏ ਵਿਕਾਸ ਦਾ ਰੱਖ ਰਖਾਅ ਵੀ ਸਮੇਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ।
ਉਨ੍ਹਾਂ ਆਪਣੀ ਨਵੀਂ ਜ਼ਿੰਮੇਵਾਰੀ ਅਤੇ ਦਲਿਤ ਚੇਤਨਾ ਮੰਚ ਵੱਲੋਂ ਮਿਲੇ ਮਾਣ ਨੂੰ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਸਮਾਰੋਹ ਵਿੱਚ ਮੌਜੂਦ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਦਲਿਤ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ, ’’ਸਾਡੀ ਜਥੇਬੰਦੀ ਪਿਛਲੇ 28 ਸਾਲਾਂ ਤੋਂ ਦਲਿਤ ਸਮਾਜ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸੀਂ ਸਿਆਸਤ ਨੂੰ ਵੀ ਨਜ਼ਦੀਕ ਤੋਂ ਵੇਖ ਰਹੇ ਹਾਂ ਅਤੇ ਅਗਲੀ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।’’ ਉਨ੍ਹਾਂ ਦਲਿਤ ਸਮਾਜ ਵਿਰੋਧੀ ਸੋਚ ਅਤੇ ਸਿਆਸੀ ਪਾਰਟੀਆਂ ਦੀ ਅਣਗਹਿਲੀ ਨੂੰ ਦੋਸ਼ ਦਿੰਦਿਆਂ ਕਿਹਾ ਕਿ ਇਹ ਵਰਗ ਅੱਜ ਵੀ ਇਨਸਾਫ ਲਈ ਥਾਣਿਆਂ ਅਤੇ ਦਫਤਰਾਂ ਦੇ ਚੱਕਰ ਲਗਾ ਰਿਹਾ ਹੈ। ਇਸ ਮੌਕੇ ਜਤਿੰਦਰਪਾਲ ਸਿੰਘ ਜੇਪੀ ਵੀ ਹਾਜ਼ਰ ਸਨ।

ਇਸ ਮੌਕੇ ਡਾ. ਹਰਪ੍ਰੀਤ ਸਿੰਘ, ਸਾਬਕਾ ਡਾਇਰੈਕਟਰ ਦਲਜੀਤ ਸਿੰਘ ਗਿੱਲ, ਹਰੀ ਸਿੰਘ (ਸਾਬਕਾ ਡਿਪਟੀ ਡਾਇਰੈਕਟਰ), ਬਾਬੂ ਰਾਮ ਦੀਵਾਨਾ, ਨਿਰਮਲ ਸਿੰਘ (ਸਾਬਕਾ ਈਟੀਓ), ਰਾਜਿੰਦਰ ਸਿੰਘ ਸਿੱਧੂ, ਪਵਿੱਤਰ ਸਿੰਘ ਵਿਰਦੀ (ਕੰਜਿਊਮਰ ਫੋਰਮ), ਐਚ.ਐਸ. ਕਮਲ (ਫੇਜ਼-4), ਅਜੀਤ ਸਿੰਘ (ਸੈਕਟਰ-89), ਬਿਸ਼ਨ ਦਾਸ ਸਵੈਨ (ਗੁਰੂ ਰਵਿਦਾਸ ਨੌਜਵਾਨ ਸਭਾ), ਬਲਜਿੰਦਰ ਕੌਰ ਢਿੱਲੋਂ, ਕਰਨ ਜੌਹਰ, ਡਾ. ਅਸ਼ਵਨੀ ਭਾਟੀਆ, ਦਰਸ਼ਨ ਸਿੰਘ ਜੌਲੀ ਅਤੇ ਕਈ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…