ਸੀਆਈਏ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 15 ਸਤੰਬਰ:
ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲੀਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਐਸਪੀ (ਜਾਂਚ) ਸੌਰਵ ਜਿੰਦਲ, ਐਸਪੀ (ਅਪਰੇਸ਼ਨ) ਤਲਵਿੰਦਰ ਸਿੰਘ, ਡੀਐਸਪੀ (ਜਾਂਚ), ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ 06/07-09-2025 ਦੀ ਦਰਮਿਆਨੀ ਰਾਤ ਨੂੰ ਚਾਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਪਿੰਡ ਸੇਖਨ ਮਾਜਰਾ ਵਿੱਚ ਘਰ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਪਰਿਵਾਰਿਕ ਮੈਂਬਰਾਂ ਨੂੰ ਜ਼ਖ਼ਮੀ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ’ਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਮਿਤੀ 07-09-2025 ਨੂੰ ਕੁਲਵੰਤ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਦੇ ਬਿਆਨਾਂ ਦੇ ਆਧਾਰ ’ਤੇ ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 120 ਮਿਤੀ 07-09-2025 ਅ/ਧ 115(2), 305, 307, 331(4), 351(2), 3(5) ਬੀ.ਐਨ.ਐਸ. ਥਾਣਾ ਆਈ.ਟੀ. ਸਿਟੀ, ਮੁਹਾਲੀ ਵਿੱਚ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 06/07-09-2025 ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤਾ ਪਿਆ ਸੀ ਤਾਂ ਸਮਾਂ ਕਰੀਬ ਸਵਾ 1 ਵਜੇ ਉਸ ਨੂੰ, ਉਸਦੇ ਲੜਕੇ ਲਖਵਿੰਦਰ ਸਿੰਘ ਅਤੇ ਉਸਦੀ ਪਤਨੀ ਦੇ ਚੀਕ-ਚਿਲਾਉਣ ਦੀ ਆਵਾਜ ਆਈ। ਉਸਦੇ ਸ਼ੈੱਡ ਦਾ ਬੱਲਬ ਬੰਦ ਸੀ, ਜਦੋਂ ਉਹ ਆਪਣੇ ਲੜਕੇ ਦੇ ਕਮਰੇ ਵੱਲ ਜਾਣ ਲੱਗਾ ਤਾਂ ਉਸ ਨੂੰ ਇੱਕ ਵਿਅਕਤੀ ਨੇ ਫੜ ਲਿਆ, ਜਿਨ੍ਹਾਂ ਪਾਸ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਉਸ ਨੂੰ ਇੱਕ ਵਿਅਕਤੀ ਨੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਗੋਲੀ ਮਾਰ ਕੇ ਖ਼ਤਮ ਦੇਵੇਗਾ ਤਾਂ ਉਸਦੇ ਲੜਕੇ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੇ ਲੜਕੇ ਲਖਵਿੰਦਰ ਸਿੰਘ ਦੇ ਸਿਰ ਵਿੱਚ ਅਤੇ ਬਾਹਾਂ ’ਤੇ ਦਾਤਰ ਨਾਲ ਵਾਰ ਕੀਤੇ, ਜਿਸ ਨਾਲ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਅਤੇ ਉਸਦੀਆਂ ਬਾਹਾਂ ਦੀ ਨਾੜਾ ਵੱਢੀਆਂ ਗਈਆਂ। ਇਸ ਤਰ੍ਹਾਂ ਪਰਿਵਾਰ ਨੂੰ ਜ਼ਖ਼ਮੀ ਕਰਕੇ ਲੁਟੇਰੇ ਘਰ ਵਿੱਚ ਪਏ ਸੋਨੇ ਦੇ ਗਹਿਣੇ ਅਤੇ ਨਗਦੀ ਲੁੱਟ ਕਰਕੇ ਲੈ ਗਏ।
ਸੱਟਾਂ ਲੱਗਣ ਕਾਰਨ ਉਸਦਾ ਲੜਕਾ 7 ਦਿਨ ਚੀਮਾ ਹਸਪਤਾਲ ਫੇਜ਼-4 ਵਿੱਚ ਦਾਖ਼ਲ ਰਿਹਾ ਹੈ। ਸੰਗੀਨ ਅਪਰਾਧ ਹੋਣ ਕਰਕੇ ਉਕਤ ਮੁਕੱਦਮਾ ਦੀ ਤਫਤੀਸ਼ ਐੱਸਐੱਸਪੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸੀ.ਆਈ.ਏ. ਸਟਾਫ਼ ਨੂੰ ਸੌਂਪੀ ਗਈ। ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਪਾਸੋਂ ਲੁੱਟ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਉਰਫ਼ ਬੋਪਾਰਾਏ, ਤੇਜਿੰਦਰ ਸਿੰਘ ਉਰਫ਼ ਪ੍ਰਿੰਸ ਅਤੇ ਨਿਤੇਸ਼ ਕੁਮਾਰ ਵਾਸੀਅਨ ਸੀਆਰਪੀਐਫ਼ ਕਲੋਨੀ ਦੁੱਗਰੀ (ਲੁਧਿਆਣਾ) ਵਜੋਂ ਹੋਈ ਹੈ ਜਦੋਂਕਿ ਇੱਕ ਸਾਥੀ ਮਨਵਿੰਦਰ ਸਿੰਘ ਉਰਫ਼ ਬੱਬੂ ਵਾਸੀ ਨਿਰਮਲ ਨਗਰ, ਲੁਧਿਆਣਾ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Load More Related Articles
Load More By Nabaz-e-Punjab
Load More In Crime & Police

Check Also

ਮੁਹਾਲੀ ਪੁਲੀਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ, ਇੱਕ ਫ਼ਰਾਰ

ਮੁਹਾਲੀ ਪੁਲੀਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ, ਇੱਕ ਫ਼ਰਾਰ ਮੁਲਜ਼ਮਾਂ ਨੇ ਕਤਲ ਤੋਂ ਬ…