ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਆਧੁਨਿਕ ਹਥਿਆਰਾਂ ਸਮੇਤ ਤਿੰਨ ਗ੍ਰਿਫ਼ਤਾਰ

ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਕਰਦੇ ਸਨ ਹਥਿਆਰਾਂ ਦੀ ਖ਼ਰੀਦ-ਫ਼ਰੋਖ਼ਤ: ਡੀਜੀਪੀ ਗੌਰਵ ਯਾਦਵ

ਭਾਰਤੀ ਖੇਤਰ ਵਿੱਚ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਭੇਜਦਾ ਸੀ ਪਾਕਿਸਤਾਨੀ ਹੈਂਡਲਰ: ਸੀਪੀ ਗੁਰਪ੍ਰੀਤ ਭੁੱਲਰ

ਨਬਜ਼-ਏ-ਪੰਜਾਬ, ਅੰਮ੍ਰਿਤਸਰ, 22 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖੁਫੀਆ ਇਤਲਾਹ `ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰ ਸਪਲਾਈ ਵਿੱਚ ਸ਼ਾਮਲ , ਸੰਗਠਿਤ ਹਥਿਆਰ ਅਤੇ ਹਵਾਲਾ ਨੈੱਟਵਰਕ ਦੇ ਤਿੰਨ ਕਾਰਕੁੰਨਾਂ ਨੂੰ 10 ਆਧੁਨਿਕ ਹਥਿਆਰਾਂ ਅਤੇ 2.5 ਲੱਖ ਰੁਪਏ ਹਵਾਲਾ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ ਉਰਫ਼ ਬਾਊ (22) ਵਾਸੀ ਮਾਝੀ ਮੇਓ (ਅੰਮ੍ਰਿਤਸਰ), ਮਨਬੀਰ ਸਿੰਘ (26) ਵਾਸੀ ਵਾਨ ਤਾਰਾ ਸਿੰਘ (ਤਰਨਤਾਰਨ) ਅਤੇ ਮੁਹੰਮਦ ਤੌਫੀਕ ਖਾਨ ਉਰਫ਼ ਬੱਬਲੂ (42) ਵਾਸੀ ਗੌਤਮ ਨਗਰ, ਮੁੰਬਈ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ .30 ਬੋਰ ਪੀਐਕਸ5 ਪਿਸਤੌਲਾਂ, ਤਿੰਨ 9 ਐਮਐਮ ਗਲਾਕ, ਇੱਕ 9ਐਮਐਮ ਬ੍ਰੇਟਾ ਅਤੇ ਤਿੰਨ .30 ਬੋਰ ਪਿਸਤੌਲ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਸੂਬੇ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੇ ਇਰਾਦੇ ਨਾਲ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਅੱਗੇ ਸਪਲਾਈ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਨ ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ ਅਤੇ ਸਰਹੱਦ ਪਾਰ ਸਬੰਧਾਂ ਦੀ ਪਛਾਣ ਕੀਤੀ ਜਾ ਸਕੇ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਖੁਫੀਆ ਇਤਲਾਹ ਤਹਿਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਅਮਰਜੀਤ ਉਰਫ਼ ਬਾਊ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਗਲੌਕ ਪਿਸਤੌਲ ਬਰਾਮਦ ਕੀਤਾ ਸੀ। ਬਾਅਦ ਵਿੱਚ, ਅਮਰਜੀਤ ਦੇ ਖੁਲਾਸੇ `ਤੇ, ਮਨਬੀਰ ਨੂੰ ਨਾਮਜ਼ਦ ਕੀਤਾ ਗਿਆ ਅਤੇ ਨੌਂ ਪਿਸਤੌਲਾਂ ਸਮੇਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅਮਰਜੀਤ ਅਤੇ ਮਨਬੀਰ ਦੋਵਾਂ ਦਾ ਇੱਕ ਸਾਂਝਾ ਪਾਕਿਸਤਾਨੀ ਹੈਂਡਲਰ ਸੀ, ਜੋ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਭਾਰਤੀ ਖੇਤਰ ਵਿੱਚ ਘੱਲਦਾ ਸੀ।

ਸੀਪੀ ਭੁੱਲਰ ਨੇ ਕਿਹਾ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਮੁੰਬਈ-ਅਧਾਰਤ ਵਿਅਕਤੀ, ਮੁਹੰਮਦ ਤੌਫੀਕ ਖਾਨ ਤਸਕਰੀ ਤੋਂ ਬਣਾਏ ਇਸ ਪੈਸੇ ਨੂੰ ਹਵਾਲਾ ਰਾਹੀਂ ਪਾਕਿਸਤਾਨ ਭੇਜਦਾ ਸੀ, ਜੋ ਨੈੱਟਵਰਕ ਚਲਾਉਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿੰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਤੌਫੀਕ ਨੂੰ 2.5 ਲੱਖ ਰੁਪਏ ਦੀ ਹਵਾਲਾ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧ ਵਿੱਚ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਆਰਮਜ਼ ਐਕਟ ਦੀ ਧਾਰਾ 25(6), 25(7) ਅਤੇ 25(8) ਦੇ ਤਹਿਤ ਐਫਆਈਆਰ ਨੰਬਰ 257 ਮਿਤੀ 17.09.2025 ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਮੁਹਾਲੀ ਪੁਲੀਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ, ਇੱਕ ਫ਼ਰਾਰ

ਮੁਹਾਲੀ ਪੁਲੀਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ, ਇੱਕ ਫ਼ਰਾਰ ਮੁਲਜ਼ਮਾਂ ਨੇ ਕਤਲ ਤੋਂ ਬ…