ਅੰਬਰੋ ਟੁੱਟਿਆ ਇੱਕ ਹੋਰ ਤਾਰਾ-ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ

ਮਲਕੀਅਤ ਸਿੰਘ ਅੌਜਲਾ
ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਮਲਵਈ ਬੋਲੀਆਂ ਲਈ ਮਸ਼ਹੂਰ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਪਿੰਡ ਚੱਠੇ ਸੇਖਵਾਂ ਦੀ ਹਦੂਦ ਅੰਦਰ ਪਿਤਾ ਚੂਹੜ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਪੈਦਾ ਹੋਇਆ ਅਤੇ ਬਚਪਨ ਵਿੱਚ ਭਲਵਾਨੀ ਦੇ ਜੌਹਰ ਸਿੱਖਦਾ ਵੱਡਾ ਹੋਇਆ ਕਰਮਜੀਤ ਸਿੰਘ ਬੱਗਾ ਭਰ ਜਵਾਨੀ ਵਿੱਚ ਚੰਡੀਗੜ੍ਹ ਆ ਕੇ ਸਿਹਤ ਵਿਭਾਗ ਵਿੱਚ ਨੌਕਰੀ ਲੱਗ ਪਿਆ। ਬੱਗੇ ਹੁਰਾਂ ਪੰਜ ਭਰਾ ਸਨ, ਜਿਨ੍ਹਾਂ ਵਿੱਚ ਚੰਦ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਬਾਲ ਕ੍ਰਿਸ਼ਨ ਅਤੇ ਕਰਮਜੀਤ ਬੱਗਾ ਸਭ ਤੋਂ ਛੋਟਾ ਤੇ ਸਾਰਿਆਂ ਦਾ ਲਾਡਲਾ ਸੀ।
ਚੰਡੀਗੜ੍ਹ ਆ ਕੇ ਉਹ ਪੰਜਾਬੀ ਸਭਿਆਚਾਰ ਨਾਲ ਜੁੜ ਗਿਆ। ਉਹ ਭਲਵਾਨੀ ਛੱਡ ਕੇ ਮਲੋਆ ਦੇ ਮੰਨੇ ਪ੍ਰਮੰਨੇ ਅਲਗੋਜ਼ਾ ਮਾਸਟਰ ਮੁੰਦਰੀ ਕੋਲੋਂ ਅਲਗੋਜ਼ੇ ਵਜਾਉਣਾ ਸਿੱਖਣ ਲੱਗਾ ਅਤੇ ਦਿਨਾਂ ਵਿੱਚ ਬਹੁਤ ਵਧੀਆ ਅਲਗੋਜ਼ਾ ਕਲਾਕਾਰ ਬਣ ਕੇ ਸਾਹਮਣੇ ਆਇਆ। ਮਲਵਈ ਬੋਲੀਆਂ ਦਾ ਅਤੇ ਸ਼ਾਇਰੋ ਸ਼ਇਰੀ ਵਿੱਚ ਮੰਚ ਸੰਚਾਲਨ ਦਾ ਉਸ ਕੋਲ ਅਥਾਹ ਭੰਡਾਰ ਸੀ। ਬਾਬੂ ਰਜਬ ਅਲੀ ਦੇ ਛੰਦ ਅਤੇ ਅਨੇਕਾਂ ਗੀਤ ਉਸ ਨੂੰ ਯਾਦ ਸਨ, ਜਿਨ੍ਹਾਂ ਦੀ ਉਹ ਅਕਸਰ ਪੇਸ਼ਕਾਰੀ ਕਰਦਾ ਸੀ।
ਸਟੇਜ ’ਤੇ ਆ ਕੇ ਜਦੋਂ ਉਸਨੇ ਅਲਗੋਜ਼ਿਆਂ ਦਾ ਲਹਿਰਾ ਛੇੜਣਾ ਤਾਂ ਸਮੇਂ ਨੂੰ ਤਰਤੀਬ ਵਿੱਚ ਬੰਨਣ ਦੀ ਉਸ ਕੋਲ ਖਾਸ ਮੁਹਾਰਤ ਸੀ। ਉਸ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਅਤੇ ਗੀਤਾਂ ਵਿੱਚ ਅਲਗੋਜ਼ੇ ਵਜਾਏ। ਉਸਨੂੰ ਸੁਰਜੀਤ ਬਿੰਦਰਖੀਏ ਵਰਗੇ ਚੋਟੀ ਦੇ ਫਨਕਾਰ ਨਾਲ ਵੀ ਅਲਗੋਜ਼ੇ ਵਜਾਉਣ ਦਾ ਮਾਣ ਹਾਸਲ ਹੋਇਆ। ਕਰਮਜੀਤ ਬੱਗਾ ਚੰਡੀਗੜ੍ਹ, ਮੁਹਾਲੀ ਅਤੇ ਨੇੜਲੇ ਇਲਾਕੇ ਵਿੱਚ ਹੁੰਦੀ ਹਰ ਮਹਿਫਲ ਦਾ ਸ਼ਿੰਗਾਰ ਸੀ। ਜਦੋੱ ਵੀ ਉਸ ਨੂੰ ਕਿਸੇ ਨੇ ਬੁਲਾਇਆ ਤਾਂ ਉਹ ਬਿਨਾਂ ਸ਼ਰਤ ਹਾਜਰ ਹੋਇਆ ਅਤੇ ਆਪਣੀ ਵਨੰਗੀ ਪੇਸ਼ ਕਰਕੇ ਅੱਗੇ ਚਲਾ ਜਾਂਦਾ। ਕਈ ਵਾਰ ਆਖਦਾ ਛੋਟੇ ਵੀਰ ਮੇਰਾ ਨੰਬਰ ਜਰਾ ਛੇਤੀ ਲਾ ਦੇਣਾ ਮੈਂ ਕਿਸੇ ਹੋਰ ਪ੍ਰੋਗਰਾਮ ਤੇ ਹਾਜਰੀ ਭਰਨ ਜਾਣਾ ਹੈ।
ਉਸ ਦੇ ਮਿੱਤਰ ਪਿਆਰਿਆਂ ਦਾ ਅਤੇ ਉਸ ਨੂੰ ਚਾਹੁਣ ਵਾਲਿਆਂ ਦਾ ਦਾਇਰਾ ਬਹੁਤ ਲੰਮਾ ਹੈ। ਉਹ ਸਿਰ ਤੇ ਸੋਹਣੀਆਂ ਰੰਗ ਬਿਰੰਗੀਆਂ ਨੋਕਦਾਰ ਦਸਤਾਰਾਂ ਸਜਾਉੱਦਾ ਅਤੇ ਅਕਸਰ ਸਟੇਜਾਂ ਤੇ ਕੁੜਤਾ ਚਾਦਰਾ ਤੇ ਸ਼ਮਲੇ ਵਾਲੀ ਪੱਗ ਬੰਨ ਕੇ ਅਲਗੋਜ਼ੇ ਵਜਾਉੱਦਾ ਨਜ਼ਰ ਆਉੱਦਾ। ਕਿਸਾਨੀ ਸੰਘਰਸ਼ ਤੋਂ ਬਾਅਦ ਉਸ ਨੇ ਪੱਕੇ ਤੌਰ ਤੇ ਗਲ ਵਿੱਚ ਸਾਫਾ ਰੱਖਣਾ ਸ਼ੁਰੂ ਕਰ ਦਿੱਤਾ ਸੀ।
ਅਲਗੋਜ਼ਿਆਂ ਦਾ ਜਨੂੰਨ ਬੱਗੇ ਨੂੰ ਐਨਾ ਜਿਆਦਾ ਸੀ ਕਿ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਸ ਨੇ ਵਿਭਾਗ ’ਚੋਂ ਸਮੇਂ ਤੋਂ ਪਹਿਲਾਂ ਬਤੌਰ ਅਸਿਸਟੈਂਟ ਯੂਨਿਟ ਅਫ਼ਸਰ ਰਿਟਾਇਰਮੈਂਟ ਲੈ ਲਈ। ਅਜੌਕੇ ਦੌਰ ’ਚੋਂ ਜਦੋਂ ਕਲਾਕਾਰ ਅਲਗੋਜ਼ਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਸ ਨੇ ਇਸ ਖੇਤਰ ਵਿੱਚ ਕਈ ਸ਼ਗਿਰਦ ਤਿਆਰ ਕੀਤੇ, ਉਨ੍ਹਾਂ ਨੂੰ ਅਲਗੋਜ਼ੇ ਵਜਾਉਣੇ ਸਿਖਾਏ ਅਤੇ ਸਾਹ ਪਲਟਾਉਣ ਦਾ ਹੁਨਰ ਦਿੱਤਾ। ਉਸ ਨੇ ਮੁੰਡਿਆਂ ਦੇ ਨਾਲ ਨਾਲ ਕਈ ਕੁੜੀਆਂ ਨੂੰ ਵੀ ਅਲਗੋਜ਼ੇ ਵਜਾਉਣੇ ਸਿਖਾਏ। ਉਸ ਦੇ ਜਿਗਰੀ ਯਾਰ ਅਦਾਕਾਰ ਨਰਿੰਦਰ ਨੀਨੇ ਦੀ ਬੇਟੀ ਅਨੁਰੀਤਪਾਲ ਕੌਰ ਵੀ ਬੱਗੇ ਦੀ ਸ਼ਗਿਰਦ ਹੈ, ਜੋ ਦੁਨੀਆਂ ਦੀ ਪਹਿਲੀ ਮਹਿਲਾ ਅਲਗੋਜ਼ਾ ਵਾਦਕ ਹੈ। ਅਨੁਰੀਤਪਾਲ ਦਾ ਨਾਂ ਲਿਮਕਾ ਬੁੱਕ ਰਿਕਾਰਡ ਵੀ ਦਰਜ ਹੈ। ਇਸ ਤੋਂ ਇਲਾਵਾ ਉਸ ਦੇ ਸ਼ਗਿਰਦਾਂ ਵਿੱਚ ਮਨਦੀਪ, ਗੁਰਪ੍ਰੀਤ (ਫਲੂਟਪ੍ਰੀਤ), ਸ਼ਗਨਪ੍ਰੀਤ, ਹਰਦੀਪ ਮਾਹਣਾ (ਭੰਗਾੜਾ ਕੋਚ) ਅਤੇ ਕੈਨੇਡਾ ਵਾਲੀ ਲੀਜ਼ਾ ਨੰਦਾ ਸਮੇਤ ਕਈ ਹੋਰ ਵੀ ਨਾਮ ਸ਼ਾਮਿਲ ਹਨ। ਆਪਣੀ ਕਲਾ ਦੇ ਸਿਰ ਤੇ ਉਸ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਫੇਰੀਆਂ ਪਾਈਆਂ।
ਕਰਮਜੀਤ ਬੱਗੇ ਦੀ ਜੀਵਨ ਸਾਥਣ ਪਰਵੀਨ ਬੱਗਾ ਵੀ ਸਿਹਤ ਮਹਿਕਮੇ ਵਿੱਚ ਕੰਮ ਕਰਦੀ ਸੀ, ਉਹਨਾਂ ਦਾ ਸਾਲ 2011 ਵਿੱਚ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਬੱਗੇ ਨੇ ਆਪਣੇ ਆਪ ਨੂੰ ਸੰਭਾਲਿਆ। ਆਪਣੇ ਬੇਟੇ ਕਰਮਪ੍ਰੀਤ ਬੱਗਾ ਅਤੇ ਬੇਟੀ ਪਰਕਰਮ ਬੱਗਾ ਨੂੰ ਪੜਾਇਆ, ਵਿਆਹਿਆ ਅਤੇ ਕੈਨੇਡਾ ਵਿੱਚ ਸੈੱਟਲ ਕੀਤਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੱਗਾ ਕੈਨੇਡਾ ਬੱਚਿਆਂ ਕੋਲ ਤਿੰਨ ਚਾਰ ਮਹੀਨੇ ਰਹਿਣ ਗਿਆ। ਉੱਥੇ ਜਾ ਕੇ ਵੀ ਮਹਿਫਲਾਂ ਵਿੱਚ ਸ਼ਾਮਿਲ ਹੁੰਦਾ ਰਿਹਾ ਅਤੇ ਸ਼ੋਸ਼ਲ ਮੀਡੀਆ ਤੇ ਪੇਸ਼ਕਾਰੀਆਂ ਪਾਉੱਦਾ ਰਿਹਾ। ਪਿਛਲੇ ਹਫਤੇ ਸਨਿੱਚਰਵਾਰ ਨੂੰ ਉਹ ਵਾਪਸ ਮੁੰਡੀ ਖਰੜ ਆਪਣੇ ਘਰ ਪਰਤਿਆ। ਉਸ ਦੇ ਮਿੱਤਰ ਬਲਜੀਤ ਫਿੱਡਿਆਂਵਾਲਾ, ਪਰਮਦੀਪ ਭਬਾਤ, ਪਰਮਜੀਤ ਪੱਡਾ, ਦਵਿੰਦਰ ਜੁਗਨੀ, ਜਸਪ੍ਰੀਤ ਰੰਧਾਵਾ, ਭੁਪਿੰਦਰ ਝੱਜ, ਸੁਰਜੀਤ ਸੁੰਮਨ, ਗੁਰਮੀਤ ਸਿੰਗਲ, ਲਖਬੀਰ ਲੱਖੀ, ਨਰੇਸ਼, ਸੰਜੂ ਅਤੇ ਕਈ ਹੋਰ ਬੱਗੇ ਦੀ ਆਮਦ ਵਿੱਚ ਰੰਗਾਰੰਗ ਜਸ਼ਨ ਮਨਾਉਣ ਦਾ ਪ੍ਰੋਗਰਾਮ ਉਲੀਕ ਰਹੇ ਸਨ ਕਿ ਅਚਾਨਕ ਭਾਣਾ ਵਾਪਰ ਗਿਆ।
ਬੀਤੀ 8 ਅਕਤੂਬਰ ਨੂੰ ਬੁੱਧਵਾਰ ਵਾਲੇ ਦਿਨ ਗਾਇਕ ਰਾਜਵੀਰ ਜਵੰਦੇ ਦੀ ਮੌਤ ਖਬਰ ਨੇ ਹੋਰਨਾਂ ਵਾਂਗ ਬੱਗੇ ਨੂੰ ਵੀ ਝੰਜੋੜ ਕੇ ਰੱਖ ਦਿੱਤਾ। ਉਸ ਨੇ ਦੁਪਹਿਰ 12 ਕੁ ਵਜੇ ਫੇਸਬੁੱਕ ’ਤੇ ਪੋਸਟ ਪਾ ਕੇ ਜਵੰਦੇ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਸ ਤੋਂ ਚਾਰ ਕੁ ਘੰਟੇ ਬਾਅਦ ਉਸ ਨੇ ਆਪ ਚਾਹ ਬਣਾ ਕੇ ਪੀਤੀ ਇਸ ਉਪਰੰਤ ਉਸ ਨੂੰ ਘਬਰਾਹਟ ਮਹਿਸੂਸ ਹੋਈ। ਉਸ ਨੇ ਆਪਣੇ ਭਤੀਜੇ ਸ਼ਿਵਦੇਵ ਨੂੰ ਫੋਨ ਕਰਕੇ ਬੁਲਾਇਆ ਅਤੇ ਜੀਭ ਹੇਠ ਰੱਖਣ ਵਾਲੀ ਗੋਲੀ ਮੰਗਾ ਕੇ ਲਈ। ਫਿਰ ਠੀਕ ਹੋ ਗਿਆ ਅਤੇ ਘਰ ਦੀਆਂ ਗੱਲਾਂ ਬਾਤਾਂ ਕਰਨ ਲੱਗ ਗਿਆ।
ਗੱਲਾਂ ਕਰਦਾ ਕਰਦਾ ਬੱਗਾ ਅਚਾਨਕ ਸੋਫੇ ਤੇ ਇੱਕ ਪਾਸੇ ਨੂੰ ਲੁਚਕ ਗਿਆ। ਸਟੇਜਾਂ ਤੇ ਸਮਾਂ ਬੰਨ ਕੇ ਰੱਖਣ ਵਾਲੇ ਕਰਮਜੀਤ ਬੱਗਾ ਦਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਿਹਾਂਤ ਹੋ ਗਿਆ। ਪੰਜਾਬੀ ਮਾਂ ਬੋਲੀ ਦੇ ਲਾਡਲੇ ਕਰਮਜੀਤ ਬੱਗੇ ਦਾ ਅੰਤਮ ਸੰਸਕਾਰ ਉਸ ਦੇ ਬੱਚਿਆਂ ਦੇ ਆਉਣ ਤੋਂ ਬਾਅਦ ਭਲਕੇ ਐਤਵਾਰ 12 ਅਕਤੂਬਰ ਨੂੰ ਸਵੇਰੇ 11 ਵਜੇ ਨਿੱਜਰ ਚੌਕ ਦੇ ਨੇੜੇ ਮੁੰਡੀ ਖਰੜ ਦੇ ਸ਼ਮਸ਼ਾਨਘਾਟ (ਖਰੜ-ਚੰਡੀਗੜ੍ਹ ਨੈਸ਼ਨਲ ਹਾਈਵੇਅ) ਵਿੱਚ ਹੋ ਰਿਹਾ ਹੈ।
ਮਲਕੀਅਤ ਸਿੰਘ ਅੌਜਲਾ
ਪ੍ਰਧਾਨ, ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:)

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…