ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਮੁਹਾਲੀ ਵਿੱਚ ਲਹਿਰਾਇਆ ਤਿਰੰਗਾ

ਨਬਜ਼-ਏ-ਪੰਜਾਬ, ਮੁਹਾਲੀ, 15 ਅਗਸਤ:
ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 79ਵੇਂ ਆਜ਼ਾਦੀ ਦਿਵਸ ਮੌਕੇ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਮੁਹਲੀ ਵਿਖੇ ਤਿਰੰਗਾ ਲਹਿਰਾਇਆ।
ਭਾਰਤ ਦੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਅਤੇ ਸ਼ਰਧਾਂਜਲੀ ਭੇਟ ਕਰਦਿਆਂ, ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਪੰਜਾਬੀਆਂ ਨੇ ਲਗਭਗ 80% ਕੁਰਬਾਨੀਆਂ ਦਾ ਯੋਗਦਾਨ ਪਾਇਆ। ਉਨ੍ਹਾਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਨਾਲ-ਨਾਲ ਹਜ਼ਾਰਾਂ ਅਣਗੌਲੇ ਅਜ਼ਾਦੀ ਸੰਘਰਸ਼ ਦੇ ਨਾਇਕਾਂ ਨੂੰ ਵੀ ਯਾਦ ਕੀਤਾ।
ਉਨ੍ਹਾਂ ਭਾਰਤੀ ਲੋਕਤੰਤਰ ਦੀ ਪ੍ਰਸ਼ੰਸਾ ਕਰਦਿਆਂ ਡਾ. ਬੀ.ਆਰ. ਅੰਬੇਡਕਰ ਨੂੰ ਇਸਦੀ ਨੀਂਹ ਰੱਖਣ ਦਾ ਸਿਹਰਾ ਦਿੱਤਾ, ਜਿਸ ਰਾਹੀਂ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਆਜ਼ਾਦੀ ਵੀ ਮਿਲੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦੇ ਹੋਏ, ਮੰਤਰੀ ਖੁੱਡੀਆਂ ਨੇ ਕਿਹਾ ਕਿ ਪ੍ਰਤੀ ਮਹੀਨਾ 300 ਯੂਨਿਟ ਤੱਕ ਮੁਫ਼ਤ ਘਰੇਲੂ ਬਿਜਲੀ, ਲਗਭਗ 80% ਆਬਾਦੀ ਨੂੰ ਲਾਭ ਪਹੁੰਚਾ ਰਹੀ ਹੈ। 55,000 ਤੋਂ ਵੱਧ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਪ੍ਰਦਾਨ ਕੀਤੀਆਂ ਗਈਆਂ ਹਨ ਜੋ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦੀਆਂ ਹਨ। ਆਮ ਆਦਮੀ ਕਲੀਨਿਕ ਮੁਫ਼ਤ ਸਿਹਤ ਜਾਂਚ, ਟੈਸਟ ਅਤੇ ਦਵਾਈਆਂ ਦੇ ਰਹੇ ਹਨ। ਸਕੂਲਾਂ ਨੂੰ ਬਿਹਤਰ ਬੁਨਿਆਦੀ ਢਾਂਚੇ ਅਤੇ ਗੁਣਵੱਤਾ ਵਾਲੀ ਸਿੱਖਿਆ ਨਾਲ ਅਪਗ੍ਰੇਡ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਫ਼ਸਲਾਂ ਵਾਸਤੇ ਜ਼ਮੀਨੀ ਪਾਣੀ ਤੇ ਨਿਰਭਰਤਾ ਨੂੰ ਘਟਾਉਣ ਲਈ ਨਹਿਰੀ ਪਾਣੀ ਦੀ ਸਪਲਾਈ ਦਾ ਵਿਸਤਾਰ ਕੀਤਾ ਗਿਆ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਕੇਂਦਰੀ ਪੂਲ ਵਿੱਚ ਲਗਭਗ 180 ਲੱਖ ਮੀਟਰਕ ਟਨ ਝੋਨਾ ਅਤੇ 130 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਉਂਦਾ ਹੈ।

ਉਨ੍ਹਾਂ ਕਿਹਾ ਕਿ ਰਾਜ ਨੇ ਸੂਬੇ ਨਾਲ ਸਬੰਧਤ ਫੌਜੀਆਂ ਦੀ ਸ਼ਹਾਦਤ ਦੇ ਸਨਮਾਨ ਵਜੋਂ 1 ਕਰੋੜ ਰੁਪਏ ਪ੍ਰਦਾਨ ਕਰਕੇ ਅਤੇ ਸਰਕਾਰੀ ਨੌਕਰੀਆਂ ਵਿੱਚ 13% ਕੋਟਾ ਰਾਖਵਾਂ ਰੱਖ ਕੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਦਿਖਾਈ ਹੈ।

ਉਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਨੂੰ ਪੱਛੜੀ ਖੇਡ ਪ੍ਰਤਿਭਾ ਨੂੰ ਸੂਬਾਈ ਅਤੇ ਕੌਮੀ ਮੰਚ ਤੇ ਲਿਆਉਣ ਦਾ ਸਭ ਤੋਂ ਕਾਰਗਰ ਵਸੀਲਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਖੇਡਾਂ ਕੇਵਲ ਕਬੱਡੀ ਤੱਕ ਹੀ ਸੀਮਤ ਰੱਖੀਆਂ ਜਾਂਦੀਆਂ ਸਨ, ਜਿਸ ਦਾ ਖਿਡਾਰੀਆਂ ਦੇ ਸੀਮਿਤ ਵਰਗ ਨੂੰ ਹੀ ਲਾਭ ਮਿਲਦਾ ਸੀ। ਉਨ੍ਹਾਂ ਕਿਹਾ ਕਿ ਓਲੰਪੀਅਨਾਂ ਅਤੇ ਏਸ਼ੀਆਈ ਤਗਮਾ ਜੇਤੂਆਂ ਨੂੰ ਨਕਦ ਇਨਾਮ, ਨੌਕਰੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰੀ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਕਿਉਂ ਜੋ ਹੁਣ ਅਸੀਂ ਖੇਤੀਬਾੜੀ ਦੀ ਵੱਧ ਤੋਂ ਵੱਧ ਉਪਜ/ਝਾੜ ਦੀ ਸੀਮਾ ਤੱਕ ਪੁੱਜ ਚੁੱਕੇ ਹਾਂ, ਇਸ ਲਈ ਫ਼ਸਲੀ ਵਿਭਿੰਨਤਾ ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਸਾਨਾਂ ਨੂੰ ਡੇਅਰੀ, ਸੂਰ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਵਰਗੀਆਂ ਸਹਾਇਕ ਗਤੀਵਿਧੀਆਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵੈਟਰਨਰੀ ਪੋਲੀਕਲੀਨਿਕਾਂ ਵਿੱਚ ਵੀ ਪਸ਼ੂਆਂ ਦੇ ਇਨਡੋਰ ਇਲਾਜ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਪੰਜਾਬ ਵਿੱਚ ਪਹਿਲੀ ਬਾਇਓ ਫਰਟੀਲਾਈਜ਼ਰ ਲੈਬ, ਜਲਦੀ ਹੀ ਮੋਹਾਲੀ ਵਿੱਚ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਉਸ ਤੋਂ ਬਾਅਦ ਗੁਰਦਾਸਪੁਰ ਅਤੇ ਬਠਿੰਡਾ ਵਿੱਚ ਖੋਲ੍ਹੀਆਂ ਜਾਣਗੀਆਂ, ਜਿਸ ਨਾਲ ਖੇਤੀਬਾੜੀ ਚ ਮਿਆਰੀ ਬੀਜ, ਖਾਦ ਤੇ ਰਸਾਇਣਾਂ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਸਰਕਾਰ ਦੀ ਨਸ਼ਾ ਵਿਰੋਧੀ ਵਚਨਬੱਧਤਾ ‘ਤੇ ਬੋਲਦਿਆਂ ਉਨ੍ਹਾਂ। ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਿਆਂ ਦੇ ਨੈੱਟਵਰਕ ਨੂੰ ਵੱਡੀ ਸੱਟ ਮਾਰੀ ਹੈ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੇ ਪੈਸੇ ਰਾਹੀਂ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਢਾਹੁਣਾ ਅਤੇ ਗੈਰ-ਕਾਨੂੰਨੀ ਤੌਰ ‘ਤੇ ਕਬਜ਼ੇ ਵਾਲੀਆਂ ਜ਼ਮੀਨਾਂ ਨੂੰ ਮੁੜ ਪ੍ਰਾਪਤ ਕਰਨਾ ਜਿਹੀਆਂ ਮਿਸਾਲੀ ਕਰਵਾਈਆਂ ਵੀ ਸ਼ਾਮਲ ਹਨ।

ਉਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਵਰ੍ਹੇਗੰਢ ‘ਤੇ 19-25 ਨਵੰਬਰ ਤੱਕ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਰਾਜ ਪੱਧਰੀ ਪ੍ਰੋਗਰਾਮਾਂ ਬਾਰੇ ਵੀ ਦੱਸਿਆ।

ਮੰਤਰੀ ਖੁੱਡੀਆਂ ਨੇ ਡੀ ਸੀ ਕੋਮਲ ਮਿੱਤਲ ਅਤੇ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਨਾਲ ਡੀ ਐਸ ਪੀ ਜਤਿੰਦਰ ਸਿੰਘ ਚੌਹਾਨ ਦੀ ਅਗਵਾਈ ਵਾਲੀ ਆਜ਼ਾਦੀ ਦਿਵਸ ਪਰੇਡ ਦਾ ਨਿਰੀਖਣ ਵੀ ਕੀਤਾ।

ਇਸ ਮੌਕੇ ਪੰਜ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਨੂੰ ਉਨ੍ਹਾਂ ਦੀ ਬਿਰਧ ਅਵਸਥਾ ਕਰਨ ਬੀਤੇ ਕਲ੍ਹ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਜਾ ਕੇ ਵਧਾਈ ਦਿੱਤੀ ਸੀ। ਖੇਤੀਬਾੜੀ ਮੰਤਰੀ ਨੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ) ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੇ ਨਾਮ ‘ਤੇ ਸਰਕਾਰੀ ਕਾਲਜ ਦਾ ਨਾਮ ਰੱਖਿਆ ਗਿਆ ਹੈ।

ਇਸ ਸਮਾਰੋਹ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ, ਸਕੂਲੀ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰਦਰਸ਼ਨ, ਐਨ.ਸੀ.ਸੀ. ਕੈਡਿਟਾਂ ਦੀ ਭਾਗੀਦਾਰੀ, ਅਤੇ ਸਰਕਾਰੀ ਪ੍ਰਾਇਮਰੀ ਸਕੂਲ, 3ਬੀ1 ਦੇ ਵਿਸ਼ੇਸ਼ ਵਿਦਿਆਰਥੀਆਂ ਦੁਆਰਾ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ।

ਇਸ ਮੌਕੇ ਡਾ. ਸੰਨੀ ਸਿੰਘ ਆਹਲੂਵਾਲੀਆ (ਚੇਅਰਮੈਨ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ), ਪਰਮਿੰਦਰ ਸਿੰਘ ਗੋਲਡੀ (ਚੇਅਰਮੈਨ, ਪੰਜਾਬ ਯੂਥ ਵਿਕਾਸ ਬੋਰਡ), ਪ੍ਰਭਜੋਤ ਕੌਰ (ਚੇਅਰਪਰਸਨ, ਜ਼ਿਲ੍ਹਾ ਯੋਜਨਾ ਕਮੇਟੀ), ਵਿਨੀਤ ਵਰਮਾ (ਮੈਂਬਰ, ਪੰਜਾਬ ਟ੍ਰੇਡਰਜ਼ ਕਮਿਸ਼ਨ), ਅਮਿਤ ਜੈਨ (ਮੈਂਬਰ, ਪੰਜਾਬ ਗਊ ਸੇਵਾ ਕਮਿਸ਼ਨ), ਹਰਸੁਖਿੰਦਰ ਸਿੰਘ ਬੱਬੀ ਬਾਦਲ, ਅਤੇ ਐਸ.ਐਸ. ਸ਼੍ਰੀਵਾਸਤਵ (ਵਿਸ਼ੇਸ਼ ਡੀ.ਜੀ.ਪੀ., ਸੁਰੱਖਿਆ, ਪੰਜਾਬ) ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…