ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਮੇਅਰ ਅਤੇ ‘ਆਪ’ ਵਿਧਾਇਕ ਦੇ ਬੇਟੇ ’ਚ ਤਲਖ-ਕਲਾਮੀ

ਸਫ਼ਾਈ ਵਿਵਸਥਾ ਤੇ ਕੂੜੇ ਦੀ ਨਿਕਾਸੀ ਦੇ ਮੁੱਦੇ ’ਤੇ ਸੱਦੀ ਗਈ ਸੀ ਵਿਸ਼ੇਸ਼ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 3 ਨਵੰਬਰ:
ਮੁਹਾਲੀ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵਿੱਚ ਤਲਖ-ਕਲਾਮੀ ਹੋ ਗਈ। ਸ਼ਹਿਰ ਦੀ ਨਵੀਂ ਹਦਬੰਦੀ ਵਿੱਚ ਨੇੜਲੇ ਪਿੰਡ ਸ਼ਾਮਲ ਕਰਨ ਦੇ ਮੁੱਦੇ ’ਤੇ ਮੇਅਰ ਜੀਤੀ ਸਿੱਧੂ ਅਤੇ ਸਰਬਜੀਤ ਸਿੰਘ ਸਮਾਣਾ ਵੱਲੋਂ ਇੱਕ ਦੂਜੇ ’ਤੇ ਨਿੱਜੀ ਦੂਸ਼ਣਬਾਜ਼ੀ ਕਾਰਨ ਮਾਹੌਲ ਗਰਮਾ ਗਿਆ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੇਅਰ ਵੱਲੋਂ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਵਕਾਲਤ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀ ਅੱਖ ਸਬੰਧਤ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ’ਤੇ ਹੈ ਅਤੇ ਸਿੱਧੂ ਭਰਾਵਾਂ ਵੱਲੋਂ ਪਿੰਡ ਬਲੌਂਗੀ ਦੀ ਸ਼ਾਮਲਾਤ ਜ਼ਮੀਨ ਦੱਬੀ ਗਈ ਹੈ। ਇਸ ’ਤੇ ਰੋਹ ਵਿੱਚ ਆਏ ਮੇਅਰ ਜੀਤੀ ਸਿੱਧੂ ਨੇ ਪਲਟਵਾਰ ਕਰਦਿਆਂ ਸਰਬਜੀਤ ਸਮਾਣਾ ਨੂੰ ਕਿਹਾ ਕਿ ਉਸ ਦੇ ਪਿਤਾ ਕੁਲਵੰਤ ਸਿੰਘ ਨੇ ਸ਼ਾਮਲਾਤ ਜ਼ਮੀਨਾਂ ਦੱਬ ਕੇ ਬਿਲਡਿੰਗਾਂ ਬਣਾ ਦਿੱਤੀਆਂ ਹਨ। ਲਿਹਾਜ਼ਾ ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ।
ਫੇਜ਼-11 ਦੇ ਕੌਂਸਲਰ ਕੁਲਵੰਤ ਸਿੰਘ ਕਲੇਰ ਨੇ ਨਗਰ ਨਿਗਮ ਦੀ ਮੀਟਿੰਗ ਦੌਰਾਨ ਆਵਾਜ਼ ਉਠਾਈ, ਸ਼ਹਿਰ ਵਿੱਚ ਕੂੜੇ ਦੀ ਤਰਸਯੋਗ ਸਥਿਤੀ ਲਈ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ। ਸੈਕਟਰ-79 ਦੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਸੈਕਟਰ-79 ਦੀ ਸਲਿਪ ਰੋਡ ਅਤੇ ਸੈਕਟਰ-78 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਪ੍ਰਵਾਸੀਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ। ਮਹਿਲਾ ਕੌਂਸਲਰ ਬਲਰਾਜ ਕੌਰ ਧਾਲੀਵਾਲ ਨੇ ਆਪਣੇ ਵਾਰਡ (ਨੰਬਰ-9) ਵਿੱਚ ਸਫ਼ਾਈ ਠੇਕੇਦਾਰ ਵੱਲੋਂ ‘ਏ’ ਰੋਡ ਅਤੇ ‘ਬੀ’ ਰੋਡ ਦੀ ਸਫ਼ਾਈ ਨਾ ਕਰਨ ਦਾ ਮੁੱਦਾ ਚੁੱਕਿਆ ਅਤੇ ਉਸ ਦੇ ਵਾਰਡ ਨੰਬਰ-9 ਵਿੱਚ ਅਧਿਕਾਰੀਆਂ ਨੂੰ ਬਾਰ-ਬਾਰ ਮੰਗ ਕਰਨ ’ਤੇ ਵੀ ਹੁਣ ਤੱਕ ਸਟੀਲ ਨੰਬਰ ਪਲੇਟਾਂ ਨਹੀਂ ਲਾਈਆਂ ਗਈਆਂ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਦੋਵੇਂ ਧਿਰਾਂ ਸਿਰਫ਼ ਬਿਆਨਬਾਜ਼ੀ ਕਰ ਰਹੀਆਂ ਹਨ ਜਦੋਂਕਿ ਅਮਲੀ ਰੂਪ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ। ਜਿਸ ਕਾਰਨ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਪਿੰਡ ਮਟੌਰ ਦੀ ਕੌਂਸਲਰ ਗੁਰਪ੍ਰੀਤ ਕੌਰ ਬੈਦਵਾਨ ਨੇ ਮੰਗ ਕੀਤੀ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਵੱਲ ਵਧੇਰੇ ਧਿਆਨ ਦਿੱਤਾ ਜਾਵੇ ਅਤੇ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਲਈ ਵੱਖਰੇ ਬਾਈਲਾਜ ਬਣਾਏ ਜਾਣ ਅਤੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।
ਮੀਟਿੰਗ ਦੌਰਾਨ ਕੌਂਸਲਰਾਂ ਨੇ ਕਿਹਾ ਕਿ ਕੂੜੇ ਦੀ ਨਿਕਾਸੀ ਦੀ ਸਮੱਸਿਆ ਨਿਗਮ ਦੇ ਕਾਬੂ ਤੋਂ ਬਾਹਰ ਹੋ ਗਈ ਜਾਪਦੀ ਹੈ। ਨਿਗਮ ਦੀ ਕਥਿਤ ਲਾਪਰਵਾਹੀ ਕਾਰਨ ਕੂੜੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਮੰਨਿਆ ਕਿ ਕੂੜਾ ਸੁੱਟਣ ਲਈ ਕੋਈ ਜਗ੍ਹਾ ਨਹੀਂ ਹੈ। ਆਰਐਮਸੀ ਪੁਆਇੰਟ ਕੂੜੇ ਨਾਲ ਭਰੇ ਪਏ ਹਨ ਅਤੇ ਸ਼ਹਿਰ ਵਾਸੀਆਂ ਦਾ ਜਿਉਣਾ ਦੁੱਭਰ ਹੋਇਆ ਪਿਆ।
ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਅਸਥਾਈ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਲਈ ਜ਼ਮੀਨ ਅਲਾਟ ਕਰਨ ਲਈ ਗਮਾਡਾ ਨਾਲ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਸਫ਼ਾਈ ਦਾ ਮੁੱਦਾ ਬਹੁਤ ਗੰਭੀਰ ਹੈ। ਇਸ ਦਾ ਹੱਲ ਸਿਰਫ਼ ਉਦੋਂ ਹੀ ਨਿਕਲ ਸਕਦਾ ਹੈ ਜਦੋਂ ਸਾਰੀਆਂ ਧਿਰਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਂਝੇ ਯਤਨ ਕਰਨਗੀਆਂ। ਉਨ੍ਹਾਂ ਦੱਸਿਆ ਕਿ 13 ਏਕੜ ਜ਼ਮੀਨ ਦੀ ਕਾਗਜ਼ੀ ਮਲਕੀਅਤ ਨਗਰ ਨਿਗਮ ਨੂੰ ਮਿਲ ਚੁੱਕੀ ਹੈ ਪ੍ਰੰਤੂ ਫਿਜ਼ੀਕਲ ਪੁਜੈਸ਼ਨ ਹਾਲੇ ਮਿਲਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਸਮਗੋਲੀ ਪ੍ਰਾਜੈਕਟ ਲਈ ਹਾਲੇ ਹੋਰ ਸਮਾਂ ਲੱਗੇਗਾ। ਇਸ ਸਬੰਧੀ ਉਹ ਮੁੱਖ ਸਕੱਤਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮਿਲ ਕੇ ਨਵੀਂ ਜਗ੍ਹਾ ਖੋਜਣ ਜਾ ਰਹੇ ਹਨ, ਜਿੱਥੇ ਸ਼ਹਿਰ ਦਾ ਕੂੜਾ ਡੰਪ ਕੀਤਾ ਜਾ ਸਕੇ।
ਮੀਟਿੰਗ ਵਿੱਚ ਟੇਬਲ ਆਈਟਮ ਰਾਹੀਂ ਇੱਕ ਅਹਿਮ ਫ਼ੈਸਲਾ ਲਿਆ ਗਿਆ। ਹੁਣ ਪਾਲਤੂ ਪਸ਼ੂ ਫੜੇ ਜਾਣ ’ਤੇ ਜੁਰਮਾਨੇ ਦੀ ਰਾਸ਼ੀ 5000 ਰੁਪਏ ਤੋਂ ਵਧਾ ਕੇ 20,000 ਰੁਪਏ ਪ੍ਰਤੀ ਪਸ਼ੂ ਕੀਤਾ ਗਿਆ ਹੈ, ਤਾਂ ਜੋ ਸ਼ਹਿਰ ਵਿੱਚ ਪਸ਼ੂਆਂ ਦੀ ਸਮੱਸਿਆ ’ਤੇ ਕਾਬੂ ਪਾਇਆ ਜਾ ਸਕੇ। ਕੌਂਸਲਰ ਰਜਿੰਦਰ ਸਿੰਘ ਰਾਣਾ ਨੇ ਨਵੀਂ ਹੱਦਬੰਦੀ ਤਹਿਤ ਕਸਬਾ ਬਲੌਂਗੀ, ਬੜਮਾਜਰਾ, ਬਲਿਆਲੀ ਅਤੇ ਟੀਡੀਆਈ ਆਦਿ ਇਲਾਕਿਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਮੇਅਰ ਨੇ ਇਸ ਸਬੰਧੀ ਟੇਬਲ ਆਈਟਮ ਲਿਆਉਣ ਦੀ ਗੱਲ ਕੀਤੀ। ਕੌਂਸਲਰ ਗੁਰਪ੍ਰੀਤ ਕੌਰ ਬੈਦਵਾਨ (ਪਿੰਡ ਮਟੌਰ) ਨੇ ਕਿਹਾ ਕਿ ਪਹਿਲਾਂ ਮੁਹਾਲੀ ਨਗਰ ਨਿਗਮ ਦੇ ਮੌਜੂਦਾ ਪਿੰਡਾਂ ਦੀ ਹਾਲਤ ਸੁਧਾਰੀ ਜਾਵੇ। ਇਸ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਪਿਛਲੀ ਮੀਟਿੰਗ ਵਿੱਚ ਸਫ਼ਾਈ ਲਈ ਨਿੱਜੀ ਕੰਪਨੀ ਨੂੰ ਮੁੜ ਲਿਆਉਣ ਬਾਰੇ ਪੁੱਛਿਆ ਤਾਂ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਸ ਵਿੱਚ ਕਾਨੂੰਨੀ ਪੇਚ ਹੈ, ਇਸ ਲਈ ਅਜਿਹਾ ਸੰਭਵ ਨਹੀਂ। ਇਸ ’ਤੇ ਕਾਫ਼ੀ ਬਹਿਸ ਹੋਈ ਪਰ ਕਮਿਸ਼ਨਰ ਨੇ ਮਾਮਲਾ ਆਪਣੇ ਉੱਪਰ ਲੈਂਦਿਆਂ ਮੇਅਰ ਅਤੇ ਅਧਿਕਾਰੀਆਂ ਦਾ ਬਚਾਅ ਕੀਤਾ।

Load More Related Articles
Load More By Nabaz-e-Punjab
Load More In Development and Work

Check Also

1.60 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਫੇਜ਼-7 ਦੀ ਨੁਹਾਰ

1.60 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਫੇਜ਼-7 ਦੀ ਨੁਹਾਰ ਮੇਅਰ ਨੇ ਵਾਰਡ ਨੰਬਰ-10 ਵਿੱਚ ਸੜਕਾਂ ਤੇ ਪਾਰਕਿੰ…