ਜ਼ਿੰਦਗੀ ਦੀ ਜੰਗ ਹਾਰ ਗਿਆ, ਪੰਜਾਬੀ ਗਾਇਕ ਰਾਜਵੀਰ ਜਵੰਦਾ

ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ:
ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇਕਦਮ ਧਰੂ ਤਾਰੇ ਵਾਂਗ ਚਮਕੇ ਉੱਘੇ ਲੋਕ ਗਾਇਕ ਰਾਜਵੀਰ ਸਿੰਘ ਜਵੰਦਾ (35) ਹੁਣ ਨਹੀਂ ਰਹੇ। ਭਰ ਜਵਾਨੀ ਵਿੱਚ ਉਨ੍ਹਾਂ ਦੇ ਅਚਾਨਕ ਏਦਾਂ ਤੁਰ ਜਾਣ ਨਾਲ ਪੰਜਾਬੀ ਗਾਇਕੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਸਨ। ਬੁੱਧਵਾਰ ਨੂੰ ਸਵੇਰੇ 10:45 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਬੀਤੀ 27 ਸਤੰਬਰ ਨੂੰ ਉਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੇ 1300 ਸੀਸੀ ਬੀਐੱਮਡਬਲਿਊ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਪਹਾੜ੍ਹਾਂ ਦੀ ਸੈਰ ਕਰਨ ਲਈ ਬੱਦੀ ਤੋਂ ਪਿੰਜੌਰ ਜਾ ਰਿਹਾ ਸੀ ਤਾਂ ਪਿਜ਼ੌਰ-ਨਾਲਾਗੜ੍ਹ ਸੜਕ ’ਤੇ ਸੈਕਟਰ-30 ਦੇ ਟੀ-ਪੁਆਇੰਟ ਉੱਤੇ ਦੋ ਸਾਨ੍ਹ ਆਪਸ ਵਿੱਚ ਭਿੜ ਰਹੇ ਸੀ, ਜੋ ਇੱਕ ਦੂਜੇ ਨਾਲ ਖਹਿੰਦੇ ਹੋਏ ਸੜਕ ਦੇ ਵਿਚਕਾਰ ਆ ਗਏ ਅਤੇ ਰਾਜਵੀਰ ਜਵੰਦਾ ਆਪਣਾ ਸੰਤੁਲਨ ਖੋਹ ਬੈਠਾ। ਇਸ ਹਾਦਸੇ ਵਿੱਚ ਰਾਜਵੀਰ ਸੜਕ ’ਤੇ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਉੱਤੇ ਗੰਭੀਰ ਚੋਟ ਲੱਗੀ ਸੀ। ਉਸ ਨੂੰ ਤੁਰੰਤ ਪਿਜ਼ੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।
ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹੂਲਤ ਦੇ ਕੇ ਉਸ ਨੂੰ ਸਰਕਾਰੀ ਹਸਪਤਾਲ ਪੰਚਕੂਲਾ ਰੈਫ਼ਰ ਕਰ ਦਿੱਤਾ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਪ੍ਰੰਤੂ ਰਾਜਵੀਰ ਨੂੰ ਪੀਜੀਆਈ ਦੀ ਥਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਦਿਨ ਤੋਂ ਹੀ ਉਹ ਵੈਂਟੀਲੇਟਰ ’ਤੇ ਸਨ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਲਿਆ ਸੀ। ਆਪਣੇ ਹਰਮਨ-ਪਿਆਰੇ ਗਾਇਕ ਦੀ ਸਿਹਤਯਾਬੀ ਲਈ ਪਰਿਵਾਰਕ ਮੈਂਬਰਾਂ ਸਮੇਤ ਹਰ ਕੋਈ ਗੁਰੂਘਰਾਂ, ਗੁਰਦੁਆਰਿਆਂ, ਮੰਦਰਾਂ ਵਿੱਚ ਅਰਦਾਸਾਂ ਕਰ ਰਿਹਾ ਸੀ ਪ੍ਰੰਤੂ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਕਿਸੇ ਦੀ ਵੀ ਅਰਦਾਸ ਉਸ ਦੇ ਕੰਮ ਨਹੀਂ ਆਈ ਅਤੇ ਉਹ ਇਸ ਫ਼ਾਨੀ ਦੁਨੀਆ ਨੂੰ ਹਮੇਸ਼ਾ ਹੀ ਅਲਵਿਦਾ ਕਹਿ ਕੇ ਤੁਰ ਗਿਆ। ਉਹ ਆਪਣੇ ਪਿੱਛੇ ਆਪਣੀ ਮਾਂ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਫੋਰਟਿਸ ਹਸਪਤਾਲ ’ਚੋਂ ਰਾਜਵੀਰ ਜਵੰਦਾ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਮੁਹਾਲੀ ਦੇ ਸੈਕਟਰ-71 ਸਥਿਤ 91 ਨੰਬਰ ਕੋਠੀ ਉਨ੍ਹਾਂ ਦੇ ਘਰ ਲਿਜਾਇਆ ਗਿਆ। ਜਿੱਥੇ ਦਰਸ਼ਕਾਂ ਲਈ ਜਵੰਦਾ ਦੀ ਲਾਸ਼ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ। ਤੁਰੰਤ ਬਾਅਦ ਪਤਵੰਤਿਆਂ ਦੀ ਸਹਿਮਤੀ ਨਾਲ ਜਾਵੰਦਾ ਦਾ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਇਆ ਗਿਆ। ਉਸ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਜਗਰਾਓਂ (ਜ਼ਿਲ੍ਹਾ ਲੁਧਿਆਣਾ) ਵਿੱਚ ਭਲਕੇ 9 ਅਕਤੂਬਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਅਮਰੀਕਾ ਵਿੱਚ ਰਹਿੰਦੀ ਜਵੰਦਾ ਦੀ ਭੈਣ ਵੀ ਆਪਣੇ ਭਰਾ ਦੇ ਅੰਤਿਮ ਦਰਸ਼ਨਾਂ ਲਈ ਚੱਲ ਪਈ ਹੈ। ਪੀੜਤ ਪਰਿਵਾਰ ਦਾ ਰੌ ਰੌ ਕੇ ਬਹੁਤ ਬੁਰਾ ਹਾਲ ਹੈ। ਸਿਆਸੀ ਪਾਰਟੀ ਦੇ ਆਗੂ, ਪੰਜਾਬੀ ਗਾਇਕ ਅਤੇ ਅਦਾਕਾਰਾਂ ਨੇ ਰਾਜਵੀਰ ਜਵੰਦਾ ਦੀ ਮੌਤ ’ਤੇ ਅਫ਼ਸੋਸ ਜਾਹਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ ਹੈ ਅਤੇ ਉਹ ਪਰਿਵਾਰ ਨੂੰ ਹੌਸਲਾ ਵੀ ਦਿੰਦੇ ਨਜ਼ਰ ਆਏ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…