ਪਾਵਰਕੌਮ ਦੇ ਸੇਵਾ ਕੇਂਦਰ ਦੀ ਛੱਤ ਦੀ ਸੀਲਿੰਗ ਡਿੱਗੀ, ਬੰਦ ਕੰਮ, ਲੋਕ ਪੇ੍ਰਸ਼ਾਨ

ਨਬਜ਼-ਏ-ਪੰਜਾਬ, ਮੁਹਾਲੀ, 3 ਸਤੰਬਰ:
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਇੱਥੋਂ ਦੇ ਸਨਅਤੀ ਏਰੀਆ ਫੇਜ਼-1 ਸਥਿਤ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਵਿਚਲੇ ਸੇਵਾ ਕੇਂਦਰ ਦੀ ਛੱਤ ’ਤੇ ਲਗਾਈ ਗਈ ਸੀਲਿੰਗ ਦਾ ਅਚਾਨਕ ਕੁੱਝ ਹਿੱਸਾ ਟੁੱਟ ਕੇ ਜ਼ਮੀਨ ’ਤੇ ਡਿੱਗ ਗਿਆ, ਜਿਸ ਕਾਰਨ ਸੇਵਾ ਕੇਂਦਰ ਦਾ ਕੰਮ ਠੱਪ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਾਵਰਕੌਮ ਦੇ ਮੁਹਾਲੀ ਮੁੱਖ ਦਫ਼ਤਰ ਵਿੱਚ ਸੇਵਾ ਕੇਂਦਰ ਸਥਿਤ ਹੈ, ਜਿੱਥੇ ਪਾਵਰਕੌਮ (ਬਿਜਲੀ ਵਿਭਾਗ) ਵਿਭਾਗ ਨਾਲ ਸਬੰਧਤ ਕੰਮ ਕਰਵਾਉਣ ਲਈ ਆਉਣ ਵਾਲੇ ਖਪਤਕਾਰਾਂ ਦੇ ਕੰਮ ਕੀਤੇ ਜਾਂਦੇ ਹਨ। ਇੱਥੇ ਵੱਡੀ ਗਿਣਤੀ ਵਿੱਚ ਲੋਕ ਬਿਜਲੀ ਦੇ ਕੰਮਾਂ ਲਈ ਆਉਂਦੇ ਹਨ ਪ੍ਰੰਤੂ ਸੀਲਿੰਗ ਡਿੱਗਣ ਤੋਂ ਬਾਅਦ ਸੇਵਾ ਕੇਂਦਰ ਦਾ ਕੰਮ ਠੱਪ ਹੋਣ ਕਾਰਨ ਦਫ਼ਤਰ ਵਿੱਚ ਆਉਣ ਵਾਲੇ ਖਪਤਕਾਰਾਂ ਨੂੰ ਦਿੱਕਤਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਛੱਤ ਦੀ ਸੀਲਿੰਗ ਟੁੱਟ ਕੇ ਡਿੱਗ ਜਾਣ ਕਾਰਨ ਸੇਵਾ ਕੇਂਦਰ ਵਿੱਚ ਰੱਖੇ ਕੰਪਿਊਟਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਕੇਂਦਰ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਰਿਹਾ ਹੈ, ਜਿਸ ਕਾਰਨ ਦਫ਼ਤਰ ਵਿੱਚ ਸਰਕਾਰੀ ਫਾਇਲਾਂ ਅਤੇ ਹੋਰ ਜ਼ਰੂਰੀ ਦਸਤਾਵੇਜ਼ ਖਰਾਬ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਇਸ ਸਬੰਧੀ ਇੱਕ ਮੁਲਾਜ਼ਮ ਨੇ ਉਸ ਦਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਾਵਰਕੌਮ ਦਫ਼ਤਰ ਦੀ ਪੂਰੀ ਇਮਾਰਤ ਦੀ ਹਾਲਤ ਹੀ ਖਸਤਾ ਬਣੀ ਹੋਈ ਹੈ ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਇਸ ਦਫ਼ਤਰ ਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਹੁਣ ਇਮਾਰਤ ਡਿੱਗਣੀ ਸ਼ੁਰੂ ਹੋ ਗਈ ਹੈ। ਉਧਰ, ਇਸ ਸਬੰਧੀ ਪਾਵਰਕੌਮ ਦੇ ਐਕਸੀਅਨ ਤਰਨਜੀਤ ਸਿੰਘ ਦਾ ਕਹਿਣਾ ਹੈ ਕਿ ਸੇਵਾ ਕੇਂਦਰ ਦੀ ਫਾਲਸ ਸੀਲਿੰਗ ਦੀ ਇੱਕ ਸ਼ੀਟ ਡਿੱਗ ਜਾਣ ਕਾਰਨ ਕੰਮ ਪ੍ਰਭਾਵਿਤ ਹੋਇਆ ਸੀ ਪ੍ਰੰਤੂ ਹੁਣ ਇਸ ਨੂੰ ਠੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਹੁਣ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਮਾਰਤ ਦੀ ਖਸਤਾ ਹਾਲਤ ਬਾਰੇ ਅਧਿਕਾਰੀ ਨੇ ਕਿਹਾ ਕਿ ਇਮਾਰਤ ਦੀ ਮੁਰੰਮਤ ਦਾ ਕੰਮ ਵੀ ਛੇਤੀ ਹੀ ਕਰਵਾ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…