‘ਆਪ’ ਸਰਕਾਰ ਦੀ ਅਣਦੇਖੀ: ਪੀੜਤ ਕਿਸਾਨਾਂ ਦੇ ਹੰਝੂ ਪੂੰਝਣ ਲਈ ਖਡੂਰ ਸਾਹਿਬ ਪਹੁੰਚੇ ਸੁਖਬੀਰ ਬਾਦਲ

ਮੁੱਖ ਮੰਤਰੀ ਦੀ ਗੈਰ-ਹਾਜ਼ਰੀ ‘ਤੇ ਚੁੱਕੇ ਸਵਾਲ, ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਵੱਡੀ ਰਾਹਤ ਦਾ ਐਲਾਨ

ਨਬਜ਼-ਏ-ਪੰਜਾਬ, ਤਰਨ ਤਾਰਨ 26 ਅਗਸਤ 2025:
ਹੜ੍ਹਾਂ ਦੀ ਭਿਆਨਕ ਮਾਰ ਝੱਲ ਰਹੇ ਖਡੂਰ ਸਾਹਿਬ ਹਲਕੇ ਦੇ ਪੀੜਤ ਕਿਸਾਨਾਂ ਦੀ ਬਾਂਹ ਫੜਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਗੱਲ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਜਦੋਂ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤਾਂ ਸੂਬੇ ਦੇ ਮੁੱਖ ਮੰਤਰੀ ਉਨ੍ਹਾਂ ਦੀ ਸਾਰ ਲੈਣ ਦੀ ਬਜਾਏ ਚੇਨਈ ‘ਚ ਛੁੱਟੀਆਂ ਮਨਾ ਰਿਹਾ ਹੈ।
ਸ੍ਰ. ਬਾਦਲ ਨੇ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਤੋਂ ਬਿਨਾਂ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਲੋਕ ਆਪਣੀ ਮਦਦ ਆਪ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਨਾਜ਼ੁਕ ਸਮੇਂ ‘ਤੇ ਲੋਕਾਂ ਨੂੰ ਇਕੱਲਾ ਨਹੀਂ ਛੱਡੇਗਾ ਅਤੇ ਇਸੇ ਲੜੀ ਤਹਿਤ ਰਾਹਤ ਕਾਰਜਾਂ ਲਈ 20 ਹਜ਼ਾਰ ਲੀਟਰ ਡੀਜ਼ਲ ਦੀ ਤੁਰੰਤ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਪੀੜਤਾਂ ਨੂੰ ਯਕੀਨ ਦਿਵਾਇਆ ਕਿ 2027 ‘ਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਦਰਿਆਈ ਬੰਨ੍ਹਾਂ ਨੂੰ ਪੱਕਾ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ, ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਨੂੰ ਹਲਕੇ ਦੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਲਗਭਗ 15 ਹਜ਼ਾਰ ਏਕੜ ਤੋਂ ਵੱਧ ਫ਼ਸਲ ਪਾਣੀ ਦੀ ਭੇਟ ਚੜ੍ਹ ਗਈ ਹੈ। ਉਨ੍ਹਾਂ ਕਿਹਾ ਕਿ ਇਹ ‘ਆਪ’ ਸਰਕਾਰ ਦੀ ਸੰਵੇਦਨਹੀਣਤਾ ਦੀ ਹੱਦ ਹੈ ਕਿ ਦਾਅਵੇ ਵੱਡੇ-ਵੱਡੇ ਕੀਤੇ ਗਏ ਪਰ ਜ਼ਮੀਨ ‘ਤੇ ਕੋਈ ਵੀ ਅਧਿਕਾਰੀ ਲੋਕਾਂ ਦੇ ਦੁੱਖ-ਸੁੱਖ ਪੁੱਛਣ ਨਹੀਂ ਆਇਆ। ਅੰਤ ਵਿੱਚ, ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਖੁਦ ਪਹੁੰਚਣ ਨਾਲ ਪੀੜਤ ਲੋਕਾਂ ਦੇ ਹੌਂਸਲੇ ਬੁਲੰਦ ਹੋਏ ਹਨ। ਇਸ ਮੌਕੇ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ, ਇਕਬਾਲ ਸਿੰਘ ਸੰਧੂ ਅਤੇ ਹਲਕੇ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਉਨ੍ਹਾਂ ਦੇ ਨਾਲ ਸੀ।

Load More Related Articles
Load More By Nabaz-e-Punjab
Load More In Protest

Check Also

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਨਬਜ਼-ਏ-ਪੰਜਾਬ, ਮੁਹਾਲੀ, 4 …