Share on Facebook Share on Twitter Share on Google+ Share on Pinterest Share on Linkedin ਆਈਏਐਸ ਤੇ ਪੀਸੀਐਸ ਦੀ ਕੋਚਿੰਗ ਦੇਣ ਵਾਲਾ ਡਾ. ਅੰਬੇਦਕਰ ਇੰਸਟੀਚਿਊਟ ਸਰਕਾਰੀ ਅਣਦੇਖੀ ਦਾ ਸ਼ਿਕਾਰ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ, ਹੁਕਮਰਾਨਾਂ ਦੀ ਕੜ੍ਹੀ ਅਲੋਚਨਾ ਨਬਜ਼-ਏ-ਪੰਜਾਬ, ਮੁਹਾਲੀ, 25 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ‘ਆਪ’ ਸਰਕਾਰ ਜੋ ਪੰਜਾਬ ਦੇ ਬੱਚਿਆਂ ਨੂੰ ਆਈਏਐਸ, ਪੀਸੀਐਸ, ਬੈਂਕਿੰਗ, ਸਟੈਨੋ ਅਤੇ ਹੋਰ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਸਫਲ ਦੇਖਣ ਦੇ ਸੁਪਨੇ ਵੇਚਦੀ ਰਹੀ, ਉਸ ਦੀ ਸੱਚਾਈ ਮੁਹਾਲੀ ਦੇ ਫੇਜ਼-3ਬੀ2 ਸਥਿਤ ਡਾ. ਅੰਬੇਦਕਰ ਇੰਸਟੀਚਿਊਟ ਦੇ ਬੁਰੇ ਹਾਲਾਤਾਂ ਤੋਂ ਬਾਹਰ ਆ ਰਹੀ ਹੈ। ਜਿੱਥੇ ਕਾਬਲ ਅਫ਼ਸਰ ਤਿਆਰ ਹੋਣੇ ਸਨ, ਉੱਥੇ ਅੱਜ ਸਿਰਫ਼ ਖਾਲੀ ਕਲਾਸਰੂਮ, ਉੱਗਿਆ ਘਾਹ, ਬੰਦ ਲਾਇਬ੍ਰੇਰੀਆਂ ਅਤੇ ਨਿਯਮਤ ਸਟਾਫ ਦੀ ਥਾਂ ਗੈਸਟ ਫੈਕਲਟੀ ਦੇ ਸਹਾਰੇ ਖੰਡਰ ਵਰਗਾ ਦ੍ਰਿਸ਼ ਬਣਿਆ ਹੋਇਆ ਹੈ। ਇਹ ਗੱਲ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਉਕਤ ਸੰਸਥਾਨ ਦਾ ਦੌਰਾ ਕਰਨ ਉਪਰੰਤ ਵਿਸ਼ੇਸ਼ ਗੱਲਬਾਤ ਕਬਦਿਆਂ ਕਹੀ। ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਖ਼ਾਸ ਤੌਰ ‘ਤੇ ਐਸਸੀ ਬੱਚਿਆਂ ਲਈ ਸਥਾਪਿਤ ਕੀਤਾ ਗਿਆ ਸੀ, ਤਾਂ ਜੋ ਗਰੀਬ ਘਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਸਹੂਲਤਾਂ ਤੇ ਗੁਣਵੱਤਾ ਵਾਲੀ ਕੋਚਿੰਗ ਮਿਲ ਸਕੇ। ਪਰ ਹੁਣ ਹਾਲਾਤ ਇਹ ਹਨ ਕਿ 120 ਸੀਟਾਂ ਵਾਲਾ ਇਹ ਕੇਂਦਰ ਅਧਿਆਪਕਾਂ ਤੋਂ ਖਾਲੀ ਪਿਆ ਹੈ। ਪ੍ਰਿੰਸੀਪਲ, ਲੈਕਚਰਾਰ, ਲਾਇਬ੍ਰੇਰੀਅਨ, ਲੈਬ ਐਟੈਂਡੈਂਟ ਤੋਂ ਲੈ ਕੇ ਸਫ਼ਾਈ ਸੇਵਕ ਤੱਕ ਸਾਰੇ ਹੀ ਰਿਟਾਇਰ ਹੋ ਚੁੱਕੇ ਹਨ। ਨਾ ਨਵੀਆਂ ਭਰਤੀਆਂ ਹੋਈਆਂ ਤੇ ਨਾ ਹੀ ਕੋਈ ਸਥਾਈ ਤੌਰ ‘ਤੇ ਨਿਯੁਕਤੀ ਹੋਈ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਹੁਣ ਕੇਵਲ ਦੋ ਸਟੇਨੋ ਇੰਸਟਰਕਟਰਾਂ ਦੇ ਸਹਾਰੇ ਪੂਰੇ ਇੰਸਟੀਚਿਊਟ ਦਾ ਕੰਮ ਚਲਾਇਆ ਜਾ ਰਿਹਾ ਹੈ ਹੈ। ਉਹੀ ਦੋ ਬੰਦੇ ਕਲਾਸਾਂ ਤੋਂ ਲੈ ਕੇ ਹੋਸਟਲ ਤੱਕ ਦੇ ਇੰਚਾਰਜ ਹਨ। ਕੁੜੀਆਂ ਦੇ ਹੋਸਟਲ ਤੋਂ ਲੈ ਕੇ ਮੁੰਡਿਆਂ ਦੇ ਹੋਸਟਲ ਤੱਕ ਬੰਦੇ ਨੂੰ ਇੰਚਾਰਜ ਬਣਾਉਣਾ ਨਾ ਸਿਰਫ਼ ਕਾਨੂੰਨੀ ਤੌਰ ’ਤੇ ਗਲਤ ਹੈ, ਸਗੋਂ ਸੁਰੱਖਿਆ ਮਾਮਲਿਆਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਧੱਕਾ ਇਹ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਸਥਾਈ ਲੈਕਚਰਾਰ ਨਹੀਂ। ਗੈਸਟ ਫੈਕਲਟੀ ਰਾਹੀਂ ਪੜਾਉਣ ਦਾ ਬੂਤਾ ਸਾਰਿਆ ਜਾ ਰਿਹਾ ਹੈ। ਇਸ ਨਾਲ ਉਹ ਗੁਣਵੱਤਾ ਵਾਲੀ ਕੋਚਿੰਗ ਕਿੱਥੋਂ ਮਿਲੇਗੀ ਜਿਸਦਾ ਵਾਅਦਾ ਸਰਕਾਰ ਨੇ ਕੀਤਾ ਸੀ? ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਤਿਆਰ ਹੋਣ ਵਾਲੇ ਬੱਚੇ ਆਈਏਐਸ ਅਤੇ ਪੀਸੀਐਸ ਬਣ ਸਕਦੇ ਹਨ? ਜਵਾਬ ਸਪਸ਼ਟ ਹੈ ਕਦੇ ਨਹੀਂ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਦੀ ਇਮਾਰਤ ਵੀ ਅੱਜ ਬੇਹਾਲ ਹੈ। ਕਈ ਮਹੀਨਿਆਂ ਤੋਂ ਸਫਾਈ ਨਾ ਹੋਣ ਕਾਰਨ ਜੰਗਲੀ ਘਾਹ ਗੋਡੇ-ਗੋਡੇ ਤੱਕ ਉੱਗ ਚੁੱਕਾ ਹੈ। ਮੀਂਹ ਕਾਰਨ ਪਾਣੀ ਖੜ੍ਹਾ ਹੈ, ਜਿਸ ਨਾਲ ਮੱਛਰਾਂ ਤੇ ਕੀੜੇ-ਮਕੌੜਿਆਂ ਦੀ ਭਰਮਾਰ ਹੈ। ਡੇਂਗੂ ਤੇ ਹੋਰ ਬਿਮਾਰੀਆਂ ਦੇ ਖਤਰੇ ਵਿਚਕਾਰ ਬੱਚਿਆਂ ਨੂੰ ਇੱਥੇ ਰਿਹਾਇਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਹਾਲਾਤ ਕਿਸੇ ਵੀ ਜ਼ਿੰਮੇਵਾਰ ਸਰਕਾਰ ਲਈ ਸ਼ਰਮ ਤੋਂ ਘੱਟ ਨਹੀਂ। ਡਿਪਟੀ ਮੇਅਰ ਬੇਦੀ ਨੇ ਦੌਰੇ ਦੌਰਾਨ ਸਿੱਧਾ ਭਗਵੰਤ ਮਾਨ ਸਰਕਾਰ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਬੋਰਡਾਂ ਤੇ ਇਸ਼ਤਿਹਾਰਾਂ ਰਾਹੀਂ ਤਾਂ ਦਿਖਾਉਂਦੀ ਹੈ ਕਿ ‘‘ਪੰਜਾਬ ਦੇ ਬੱਚੇ ਆਈਏਐਸ ਬਣਣਗੇ, ਪੀਸੀਐਸ ਬਣਣਗੇ,’’ ਪਰ ਗਰਾਊਂਡ ਜ਼ੀਰੋ ‘ਤੇ ਹਕੀਕਤ ਇਸਦੇ ਉਲਟ ਹੈ। ਜਿੱਥੇ ਪੜ੍ਹਾਉਣ ਵਾਲੇ ਹੀ ਨਹੀਂ ਹਨ, ਉਥੇ ਅਧਿਆਪਕਾਂ ਤੋਂ ਬਿਨਾਂ ਆਫਸਰ ਕਿਵੇਂ ਬਣਣਗੇ? ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਪੰਜਾਬ ਦੇ ਭਵਿੱਖ ਨੂੰ ਸਵਾਰਣ ਲਈ ਬਣਾਇਆ ਗਿਆ ਸੀ, ਪਰ ਸਰਕਾਰ ਨੇ ਇਸ ਨੂੰ ਲਾਪਰਵਾਹੀ ਕਾਰਨ ਬਰਬਾਦ ਕਰ ਦਿੱਤਾ। ‘‘ਇਹ ਸਿਰਫ਼ ਇਕ ਇਮਾਰਤ ਦੀ ਬੇਹਾਲੀ ਨਹੀਂ, ਸਗੋਂ ਗਰੀਬ ਬੱਚਿਆਂ ਦੇ ਸੁਪਨਿਆਂ ਨਾਲ ਧੋਖਾ ਹੈ। ਰਾਜ ਸਰਕਾਰ ਨੇ ਜਿਨ੍ਹਾਂ ਵਾਅਦਿਆਂ ਨਾਲ ਲੋਕਾਂ ਦਾ ਭਰੋਸਾ ਜਿੱਤਿਆ ਸੀ, ਉਹ ਵਾਅਦੇ ਹੁਣ ਝੂਠੇ ਤੇ ਖੋਖਲੇ ਸਾਬਤ ਹੋ ਰਹੇ ਹਨ।’’ ਕੁਲਜੀਤ ਬੇਦੀ ਨੇ ਸਪੱਸ਼ਟ ਕਿਹਾ ਕਿ ਜੇ ਜਲਦੀ ਸਟਾਫ ਦੀ ਨਿਯੁਕਤੀ ਨਾ ਹੋਈ, ਤਾਂ ਇਹ ਗਰੀਬ ਤੇ ਪਿੱਛੜੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਦੇ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਇੰਸਟੀਚਿਊਟ ਵਰਗੇ ਕੇਂਦਰਾਂ ਨੂੰ ਰੱਬ ਭਰੋਸੇ ਛੱਡ ਦੇਣਾ ਦਰਅਸਲ ਪੰਜਾਬ ਦੇ ਭਵਿੱਖ ਨੂੰ ਖੰਡਰ ਬਣਾਉਣ ਦੇ ਸਮਾਨ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ