ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉੱਤਰੇ ਪੀਆਰਟੀਸੀ ਦੇ ਵਰਕਰਜ਼

ਨਬਜ਼-ਏ-ਪੰਜਾਬ, ਪਟਿਆਲਾ, 22 ਜੁਲਾਈ:
ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੇ ਸੱਦੇ ’ਤੇ ਅੱਜ ਤੱਕ ਵਰਕਰਾਂ ਨੂੰ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਪੀਆਰਟੀਸੀ ਦੇ ਡਿੱਪੂਆਂ ਦੇ ਗੇਟਾਂ ਉੱਤੇ ਪੰਜਾਬ ਦੇ ਮੁੱਖ ਮੰਤਰੀ, ਖਜਾਨਾ ਮੰਤਰੀ ਅਤੇ ਵਿੱਤ ਸਕੱਤਰ ਦੇ ਪੁਤਲੇ ਸਾੜ ਕੇ ਰੋਸ ਮੁਜ਼ਾਹਰੇ ਕੀਤੇ ਗਏ। ਕਰਮਚਾਰੀਆਂ ਦੀਆਂ ਹਰ ਮਹੀਨੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਦੋਂ ਤਨਖ਼ਾਹ ਸਮੇਂ ਸਿਰ ਨਾ ਮਿਲੀ ਤਾਂ ਤੰਗੀ ਕਾਰਨ ਹਾਹਾਕਾਰ ਮੱਚੀ ਹੋਈ ਸੀ।
ਕਰਮਚਾਰੀਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਬੇਹਦ ਗੁੱਸਾ ਹੈ ਕਿਉਂਕਿ ਸਰਕਾਰ ਮੁਫ਼ਤ ਸਫਰ ਬਦਲੇ ਬਣਦੇ 700 ਕਰੋੜ ਵਿਚੋਂ ਤਨਖਾਹ ਦੇਣ ਜਿੰਨੇ ਪੈਸੇ ਵੀ ਸਮੇਂ ਸਿਰ ਨਹੀਂ ਦਿੰਦੀ। ਅਜਿਹੇ ਹਾਲਤਾਂ ਵਿੱਚ ਪੀ.ਆਰ.ਟੀ.ਸੀ. ਦੇ ਪੈਨਸ਼ਨਰ, ਰੈਗੂਲਰ ਕਰਮਚਾਰੀ, ਠੇਕਾ ਕਰਮਚਾਰੀ ਸਭਨਾ ਵਿੱਚ ਅਨਿਸਚਤਾ ਅਤੇ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਫਿਰ ਵੀ ਕਰਮਚਾਰੀ ਪੂਰੀ ਵਫਾਦਾਰੀ ਨਾਲ ਮਹਿਕਮੇ ਦੀ ਅਤੇ ਜਨਤਾ ਦੀ ਸੇਵਾ ਬਿਨਾਂ ਮਿਹਨਤਾਨਾ ਮਿਲਣ ਤੋਂ ਕਰਦੇ ਆ ਰਹੇ ਹਨ।
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਵਿੱਚ ਨਿਯੁਕਤ ਕੀਤੇ ਗਏ ਸਿਆਸੀ ਕਾਰਕੁੰਨ ਚੇਅਰਮੈਨ, ਵਾਈਸ ਚੇਅਰਮੈਨ ਅਤੇ 45 ਡਾਇਰੈਕਟਰਾਂ ਨੂੰ ਭੋਰਾ ਵੀ ਚਿੰਤਾ ਨਹੀਂ ਕਿ ਵਰਕਰਾਂ ਦੇ ਬਿਨਾਂ ਉਜ਼ਰਤਾਂ ਮਿਲਣ ਤੋਂ ਚੁੱਲੇ ਕਿਵੇਂ ਚਲਦੇ ਹੋਣਗੇ। ਮੈਨੇਜਮੈਂਟ ਭਾਵੇਂ ਆਪਣੇ ਪੱਧਰ ਤੇ ਸਰਕਾਰ ਕੋਲ ਵਰਕਰਾਂ ਦੀ ਤਕਲੀਫ ਦਸਕੇ ਵਾਸਤੇ ਪਾਉਂਦੀ ਹੈ ਪਰ ਇਸ ਮੁਲਾਜ਼ਮ ਵਿਰੋਧੀ ਨਾਤਜਰਬਾਕਾਰ ਸਰਕਾਰ ਦੇ ਕੰਨ ’ਤੇ ਜੂੰਅ ਨਹੀਂ ਸਰਕਦੀ।
ਵਰਕਰਾਂ ਦੇ 170 ਕਰੋੜ ਰੁਪਏ ਦੇ ਕੁੱਲ ਬਕਾਏ ਪਏ ਹਨ। ਸੇਵਾਮੁਕਤੀ ਲਾਭ ਅਤੇ ਹੋਰ ਏਰੀਅਰ ਸਾਲਾਂਬੱਧੀ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ। ਸਰਕਾਰ ਨੇ 4 ਸਾਲਾਂ ਵਿੱਚ ਇੱਕ ਵੀ ਨਵੀਂ ਬਸ ਨਹੀਂ ਪੈਣ ਦਿੱਤੀ। ਕੱਚੇ ਵਰਕਰਾਂ ਨੂੰ ਪੱਕੇ ਕਰਨ ਦੇ ਦਰਜਨਾਂ ਵਾਰੀ ਲਾਰੇ ਲਾਕੇ ਵੀ ਕੁੱਝ ਨਹੀਂ ਕੀਤਾ। ਉਹਨਾਂ ਦੇ ਗੁਜਾਰਿਆਂ ਦੀ ਮਜਬੂਰੀ ਦਾ ਫਾਇਦਾ ਉਠਾਕੇ ਉਨ੍ਹਾਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਵਰਕਰਾਂ ਦੀਆਂ ਕਾਨੂੰਨੀ ਤੌਰ ’ਤੇ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ।
ਅੱਜ ਰੋਸ ਵਜੋਂ ਪੁਰਾਣੇ ਬਸ ਸਟੈਂਡ ਪਟਿਆਲਾ ਦੇ ਗੇਟ ਉਪਰ ਸੈਂਕੜੇ ਮੌਜੂਦਾ ਅਤੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਰੋਸ ਭਰਪੂਰ ਰੈਲੀ ਕਰਨ ਉਪਰੰਤ ਲਾਈਟਾਂ ਵਾਲੇ ਚੌਂਕ ਵਿੱਚ ਸਰਕਾਰ ਦੇ ਪੁਤਲੇ ਫੂਕੇ ਗਏ। ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਦੇਵ ਰਾਜ, ਨਸੀਬ ਚੰਦ, ਅਮਨਦੀਪ ਸਿੰਘ, ਉਤਮ ਸਿੰਘ ਬਾਗੜੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅੱਜ ਦੇ ਐਕਸ਼ਨ ਪ੍ਰੋਗਰਾਮ ਵਿੱਚ ਸਮਰਥਨ ਵਜੋਂ ਸੀਟੂ ਨਾਲ ਸਬੰਧਤ ਕਰਮਚਾਰੀ ਵੀ ਤਰਸੇਮ ਸਿੰਘ ਦੀ ਅਗਵਾਈ ਵਿੱਚ ਸ਼ਾਮਲ ਹੋਏ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…