ਮੁਹਾਲੀ ਦੇ ਕੂੜੇ ਦੇ ਸੰਕਟ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਗਮਾਡਾ: ਕੁਲਜੀਤ ਬੇਦੀ

ਗਮਾਡਾ ਨਵਾਂ ਸ਼ਹਿਰ ਵਸਾਉਣ ਲਈ ਉਤਾਵਲਾ ਪਰ ਮੁਹਾਲੀ ਦੀ ਮਾੜੀ ਹਾਲਤ ਪ੍ਰਤੀ ਲਾਪਰਵਾਹ

ਨਬਜ਼-ਏ-ਪੰਜਾਬ, ਮੁਹਾਲੀ, 10 ਜੁਲਾਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਗਮਾਡਾ ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਮਾਡਾ ਨੇ ਤੁਰੰਤ ਮੁਹਾਲੀ ਵਿੱਚ ਢੰਗ ਦੀ ਸੌਲਿਡ ਵੇਸਟ ਮੈਨੇਜਮੈਂਟ ਨੀਤੀ ਤਿਆਰ ਨਾ ਕੀਤੀ ਤਾਂ ਲੋਕ ਸੜਕਾਂ ਤੇ ਉਤਰਨ ਤੇ ਮਜਬੂਰ ਹੋਣਗੇ। ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਗਮਾਡਾ ਇਕ ਪਾਸੇ ਨਵੇਂ ਵਿਕਾਸ ਪ੍ਰਾਜੈਕਟਾਂ ਜਿਵੇਂ ਕਿ ਐਰੋਟ੍ਰੋਪੋਲਿਸ ਵਾਂਗ ਨਵੇਂ ਸ਼ਹਿਰ ਵਸਾਉਣ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਮੌਜੂਦਾ ਮੁਹਾਲੀ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੀ ਗੰਭੀਰ ਘਾਟ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਗਮਾਡਾ ਖੁਦ ਆਪਣੇ ਖੇਤਰਾਂ ’ਚੋਂ ਨਿਕਲਣ ਵਾਲਾ ਕੂੜਾ ਮੁਹਾਲੀ ਨਗਰ ਨਿਗਮ ਦੀ ਹੱਦ ਵਿੱਚ ਸੁੱਟਵਾ ਰਿਹਾ ਹੈ, ਜਿਸ ਨਾਲ ਫੇਜ਼-5, ਫੇਜ਼-7, ਫੇਜ਼-11, ਸੈਕਟਰ-71 ਅਤੇ ਹੋਰ ਇਲਾਕਿਆਂ ਵਿੱਚ ਆਰ ਐਮ ਸੀ ਪੁਆਇੰਟਾਂ ਨੇ ਲੋਕਾਂ ਦੀ ਜ਼ਿੰਦਗੀ ਦੁੱਭਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਕਈ ਵੱਡੀਆਂ ਕਮਰਸ਼ੀਅਲ ਇਮਾਰਤਾਂ, ਮਾਲ, ਫੂਡ ਕੋਰਟ, ਪੀਜੀ ਅਤੇ ਹੋਰ ਢਾਂਚੇ ਮੌਜੂਦ ਹਨ, ਜਿੱਥੋੱ ਹਰ ਰੋਜ਼ ਟਨਾਂ ਦੇ ਹਿਸਾਬ ਨਾਲ ਕੂੜਾ ਨਿਕਲਦਾ ਹੈ। ਪਰੰਤੂ ਗਮਾਡਾ ਕੋਲ ਇਸਨੂੰ ਨਿਪਟਾਉਣ ਲਈ ਨਾ ਕੋਈ ਯੋਜਨਾ ਹੈ ਅਤੇ ਨਾ ਹੀ ਇਸ ਵਾਸਤੇ ਕੋਈ ਢਾਂਚਾ ਹੈ।
ਗਮਾਡਾ ਵੱਲੋਂ ਨਗਰ ਨਿਗਮ ਨੂੰ ਝੰਜੇੜੀ ਵਿੱਚ ਡੰਪਿੰਗ ਗਰਾਊਂਡ ਬਣਾਉਣ ਲਈ ਜ਼ਮੀਨ ਦੇਣ ਦੀ ਗੱਲ ਤੇ ਉਨ੍ਹਾਂ ਕਿਹਾ ਕਿ ਗਮਾਡਾ ਕੋਲ ਝੰਜੇੜੀ ਵਿੱਚ ਜ਼ਮੀਨ ਹੀ ਨਹੀਂ ਹੈ ਬਲਕਿ ਇਹ ਜ਼ਮੀਨ ਪੰਚਾਇਤ ਵਿਭਾਗ ਦੀ ਹੈ ਅਤੇ ਇਸ ਤੇ ਲੋਕਾਂ ਦੇ ਕਬਜ਼ੇ ਹਨ ਪ੍ਰੰਤੂ ਗਮਾਡਾ ਇਸ ਜ਼ਮੀਨ ਤੇ ਦਾਅਵਾ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਤਾਂ ਝੰਜੇੜੀ ਦੀ ਜ਼ਮੀਨ ਦੀ ਮੰਗ ਹੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਜਗ੍ਹਾ ਦੀ ਗੱਲ ਨਹੀਂ ਹੈ ਬਲਕਿ ਸਾਡੇ ਸ਼ਹਿਰ ਦੀ ਸਿਹਤ, ਵਾਤਾਵਰਨ ਅਤੇ ਇੱਜ਼ਤ ਦੀ ਗੱਲ ਹੈ। ਮੁਹਾਲੀ ਦੇ ਲੋਕ ਪੜ੍ਹੇ-ਲਿਖੇ ਤੇ ਸਮਝਦਾਰ ਹਨ। ਉਹ ਹੁਣ ਗਲਤ ਨੀਤੀਆਂ ਨੂੰ ਸਹਿਣ ਵਾਲੇ ਨਹੀਂ ਹਨ।
ਉਹਨਾਂ ਮੰਗ ਕੀਤੀ ਕਿ ਮੁਹਾਲੀ ਵਿੱਚ ਆਧੁਨਿਕ ਤਕਨੀਕ ਨਾਲ ਵੇਸਟ ਟਰੀਟਮੈਂਟ ਪਲਾਂਟ ਦੀ ਤੁਰੰਤ ਯੋਜਨਾ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਗਮਾਡਾ ਆਪਣੇ ਸੀਐਲਯੂ ਰਾਹੀਂ ਇਕੱਠੇ ਕੀਤੇ ਅਰਬਾਂ ਰੁਪਏ ’ਚੋਂ ਨਗਰ ਨਿਗਮ ਮੁਹਾਲੀ ਨੂੰ ਸਹਾਇਤਾ ਦੇਵੇ ਅਤੇ ਝੰਜੇੜੀ ਜਾਂ ਕਿਸੇ ਹੋਰ ਵਿਵਾਦਤ ਜਗ੍ਹਾ ਨੂੰ ਡੰਪਿੰਗ ਗਰਾਊਂਡ ਵਜੋਂ ਚੁਣਨ ਤੋਂ ਪਹਿਲਾਂ ਲੋਕਾਂ ਦੀ ਰਜ਼ਾਮੰਦੀ ਅਤੇ ਕਾਨੂੰਨੀ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਗਮਾਡਾ ਦੇ ਨਵੇਂ ਪ੍ਰਾਜੈਕਟਾਂ ਤੋਂ ਪਹਿਲਾਂ ਮੌਜੂਦਾ ਮੁਹਾਲੀ ਸ਼ਹਿਰ ਦੀ ਹਾਲਤ ਤੇ ਤੁਰੰਤ ਮੀਟਿੰਗ ਬੁਲਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁਹਾਲੀ ਨੂੰ ਨਵਾਂ ਡੱਡੂ ਮਾਜਰਾ ਨਹੀ ਬਣਨ ਦਿੱਤਾ ਜਾਵੇਗਾ ਅਤੇ ਗਮਾਡਾ ਨੂੰ ਨਿਵੇਕਲੇ, ਆਧੁਨਿਕ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਦੇ ਹੱਲ ਲੱਭਣੇ ਪੈਣਗੇ ਵਰਨਾ ਲੋਕ ਸੜਕਾਂ ਉੱਤੇ ਆ ਕੇ ਲੰਬੀ ਲੜਾਈ ਲਈ ਤਿਆਰ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…