AAP MLA Kulwant Singh

ਪਿੰਡ ਪਾਪੜੀ ਜ਼ਮੀਨ ਵਿਵਾਦ: ਵਿਧਾਇਕ ਕੁਲਵੰਤ ਸਿੰਘ ਨੇ ਸਚਾਈ ਕੀਤੀ ਪੇਸ਼

ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਝੂਠਾ ਬੰਦਾ ਦੱਸਿਆ

ਨਬਜ਼-ਏ-ਪੰਜਾਬ, ਮੁਹਾਲੀ, 25 ਜੂਨ:
ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਤੋਂ ‘ਆਪ’ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ’ਤੇ ਪੰਚਾਇਤ ਵਿਭਾਗ ਦੀ ਮਿਲੀ ਭੁਗਤ ਨਾਲ ਪਿੰਡ ਪਾਪੜੀ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੌਡੀਆਂ ਦੇ ਭਾਅ ਹੜੱਪਣ ਦੇ ਲਗਾਏ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਇੱਕ ਝੂਠਾ ਬੰਦਾ ਹੈ, ਜਿਸ ਨੇ ਝੂਠ ਦੇ ਸਹਾਰੇ ਸਿਆਸਤ ਕਰਦੇ ਹੋਏ ਪਿਛਲੇ 15-20 ਸਾਲ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈ ਅਤੇ ਉਸ ਵੱਲੋਂ ਮੁਹਾਲੀ ਵਿੱਚ ਹੜੱਪ ਕੀਤੀਆਂ ਕੀਮਤੀ ਜ਼ਮੀਨਾਂ ਸਬੰਧੀ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡ ਪਾਪੜੀ ਦੀ ਜ਼ਮੀਨ ਦਾ ਜੋ ਮਸਲਾ ਹੈ, ਉਹ 10 ਸਾਲ ਪੁਰਾਣਾ ਹੈ, ਸਬੰਧਤ ਜ਼ਮੀਨ 10 ਸਾਲ ਪਹਿਲਾਂ ਜੇਐਲਪੀਐਲ ਵੱਲੋਂ ਪਿੰਡ ਪਾਪੜੀ ਦੀ ਉਸ ਸਮੇਂ ਦੀ ਗਰਾਮ ਪੰਚਾਇਤ ਤੋਂ ਸਰਕਾਰ ਵੱਲੋਂ ਨਿਰਧਾਰਿਤ ਕੀਮਤ ’ਤੇ ਲਈ ਗਈ ਸੀ ਅਤੇ ਮੇਰੀ ਕੰਪਨੀ ਸਾਰੀ ਕੀਮਤ ਤੁਰੰਤ ਅਦਾ ਕਰਕੇ ਰਜਿਸਟਰੀ ਕਰਵਾਉਣ ਲਈ ਤਿਆਰ ਸੀ ਅਤੇ ਮੇਰੇ ਕਾਰੋਬਾਰ ਵਿੱਚ ਵਿਘਨ ਪਾਉਣ ਕਾਰਨ ਬਲਬੀਰ ਸਿੱਧੂ ਦੀ ਸ਼ਹਿ ’ਤੇ ਇਸ ਜ਼ਮੀਨ ਦੀ ਖ਼ਰੀਦ ਸਬੰਧੀ ਮਾਨਯੋਗ ਅਦਾਲਤ ਵਿੱਚ ਕੇਸ ਫ਼ਾਈਲ ਕਰਕੇ ਸਟੇਅ ਲੈ ਲਈ ਸੀ। ਇਸ ਸਟੇਅ ਕਾਰਨ ਜੋ ਲਗਪਗ 20 ਕਰੋੜ ਦੀ ਰਕਮ ਪਾਪੜੀ ਪਿੰਡ ਦੀ ਪੰਚਾਇਤ ਨੂੰ 10 ਸਾਲ ਪਹਿਲਾਂ ਮਿਲਣੀ ਬਣਦੀ ਸੀ, ਉਹ ਨਹੀਂ ਮਿਲ ਪਾਈ। ਜਿਸ ਕਾਰਨ ਬਲਬੀਰ ਸਿੱਧੂ ਪਿੰਡ ਵਾਲਿਆਂ ਦਾ ਸਿੱਧਾ ਦੋਸ਼ੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਸਬੰਧਤ ਜ਼ਮੀਨ ਨੂੰ ਜੇਐਲਪੀਐਲ ਨੂੰ ਵੇਚਣ ਸਮੇਂ ਪਿੰਡ ਦੇ ਸਰਪੰਚ ਅਜੈਬ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਬਲਬੀਰ ਸਿੱਧੂ ਦੀ ਸ਼ਹਿ ’ਤੇ ਇੱਕ ਝੂਠੇ ਕੇਸ ਵਿੱਚ ਫਸਾ ਕੇ ਪਰਚਾ ਵੀ ਦਰਜ ਕਰਵਾ ਦਿੱਤਾ ਗਿਆ ਸੀ। ਜਿਸ ਕਾਰਨ ਪੈਦਾ ਹੋਈ ਮਾਨਸਿਕ ਪ੍ਰੇਸ਼ਾਨੀ ਕਾਰਨ ਅਜੈਬ ਸਿੰਘ ਇਸ ਦੁਨੀਆਂ ਤੋਂ ਚਲੇ ਗਏ। ਬਲਬੀਰ ਸਿੱਧੂ ਦਾ ਇਹ ਕਹਿਣਾ ਕਿ ਸਬੰਧਤ ਜ਼ਮੀਨ ’ਤੇ ਮੇਰੀ ਕੰਪਨੀ ਦਾ ਕਬਜ਼ਾ ਹੈ, ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ (ਬਲਬੀਰ ਸਿੱਧੂ) ਕਿੰਨਾ ਝੂਠਾ ਬੰਦਾ ਹੈ, ਕਿਉਂਕਿ ਸਬੰਧਤ ਜ਼ਮੀਨ ’ਤੇ ਕਬਜ਼ੇ ਸਬੰਧੀ ਡਾਇਰੈਕਟਰ ਪੰਚਾਇਤ ਵੱਲੋਂ ਕੋਰਟ ਵਿੱਚ ਦਿੱਤੇ ਬਿਆਨ ਵਿੱਚ ਸਪੱਸ਼ਟ ਕਿਹਾ ਗਿਆ ਸੀ ਕਿ ਇਸ ਜ਼ਮੀਨ ’ਤੇ ਕਿਸੇ ਵੀ ਪਾਰਟੀ ਦਾ ਕਬਜ਼ਾ ਨਹੀਂ ਹੈ।
ਜੇਐਲਪੀਐਲ ਵੱਲੋਂ ਜਦੋਂ ਵੀ ਇਸ ਜ਼ਮੀਨ ਦੀ ਰਜਿਸਟਰੀ ਕਰਵਾਈ ਜਾਵੇਗੀ ਜਾਂ ਕਬਜ਼ਾ ਲਿਆ ਜਾਵੇਗਾ ਤਾਂ ਉਹ ਸਰਕਾਰ ਵੱਲੋਂ ਨਿਰਧਾਰਿਤ ਕੀਮਤ ਅਦਾ ਕਰਕੇ ਹੀ ਲਿਆ ਜਾਵੇਗਾ। ਕਿਉਂਕਿ ਸਾਡੀ ਕੰਪਨੀ ਹਰ ਕੰਮ ਨਿਯਮਾਂ ਤਹਿਤ ਬਹੁਤ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕਰਦੀ ਹੈ। ਕੁਲਵੰਤ ਸਿੰਘ ਨੇ ਮੁਹਾਲੀ ਸਮੇਤ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਝੂਠੇ ਅਤੇ ਧੋਖੇਬਾਜ਼ ਬੰਦੇ ਦੇ ਬਿਆਨਾਂ ’ਤੇ ਬਿਲਕੁਲ ਵੀ ਯਕੀਨ ਨਾ ਕਰਨ ਕਿਉਂਕਿ ਪੈਰ ਪੈਰ ’ਤੇ ਝੂਠ ਬੋਲਣਾ ਅਤੇ ਮੱਕਾਰੀ ਕਰਨਾ ਇਸ ਦੀ ਜੰਮਾਂਦਰੂ ਆਦਤ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…