ਚੰਡੀਗੜ੍ਹ ਤੋਂ ਹਟਾਈਆਂ ਝੁੱਗੀਆਂ ਕਾਰਨ ਮੁਹਾਲੀ ’ਤੇ ਵਧ ਰਿਹਾ ਦਬਾਅ, ਡਿਪਟੀ ਮੇਅਰ ਨੇ ਡੀਸੀ ਨੂੰ ਲਿਖਿਆ ਪੱਤਰ

ਝੁੱਗੀ ਵਾਸੀਆਂ ਦੀ ਨਵੀਂ ਆਬਾਦੀ ਨਾਲ ਇੰਫ੍ਰਾਸਟਰਕਚਰ, ਸੁਰੱਖਿਆ ਤੇ ਸਫ਼ਾਈ ਦਾ ਸੰਕਟ:ਕੁਲਜੀਤ ਬੇਦੀ

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚੰਡੀਗੜ੍ਹ ਪ੍ਰਸ਼ਾਸਨ ਚੁਸਤ ਮੁਹਾਲੀ ਪ੍ਰਸ਼ਾਸਨ ਸੁਸਤ ਤੇ ਲਾਪ੍ਰਵਾਹ: ਡਿਪਟੀ ਮੇਅਰ

ਨਬਜ਼-ਏ-ਪੰਜਾਬ, ਮੁਹਾਲੀ, 23 ਜੂਨ:
ਮੁਹਾਲੀ ਦੇ ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਿੱਚ ਵਧ ਰਹੀਆਂ ਝੁੱਗੀਆਂ ਅਤੇ ਇਸ ਨਾਲ ਪੈ ਰਹੇ ਭਾਰੀ ਇੰਫ੍ਰਾਸਟਰਕਚਰ ਦਬਾਅ ਨੂੰ ਲੈ ਕੇ ਮੁਹਾਲੀ ਦੀ ਡੀਸੀ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਢੰਗ ਨਾਲ ਕਾਰਵਾਈ ਨਾ ਹੋਈ ਤਾਂ ਮੁਹਾਲੀ ਵਿੱਚ ਗੰਭੀਰ ਕਾਨੂੰਨ ਵਿਵਸਥਾ ਦਾ ਸੰਕਟ ਖੜਾ ਹੋ ਸਕਦਾ ਹੈ। ਡਿਪਟੀ ਮੇਅਰ ਨੇ ਕਿਹਾ ਕਿ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਨਜਾਇਜ਼ ਕਬਜ਼ਿਆਂ ਖਿਲਾਫ ਸਖਤ ਕਾਰਵਾਈਆਂ ਕਰਦਾ ਦਿਖਾਈ ਦਿੰਦਾ ਹੈ ਉੱਥੇ ਮੁਹਾਲੀ ਪ੍ਰਸ਼ਾਸਨ ਇਸ ਪੱਖੋਂ ਬੇਹਦ ਸੁਸਤ ਅਤੇ ਲਾਪ੍ਰਵਾਹ ਹੈੈ। ਜਿਸ ਕਾਰਨ ਮੁਹਾਲੀ ਵਿੱਚ ਲਗਾਤਾਰ ਨਜਾਇਜ਼ ਕਬਜ਼ੇ ਵੱਧਦੇ ਦਿਖਾਈ ਦਿੰਦੇ ਹਨ।
ਡਿਪਟੀ ਮੇਅਰ ਨੇ ਦੱਸਿਆ ਕਿ ਹਾਲ ਹੀ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫੇਜ਼-2 ਲਾਗੇ ਦੀਆਂ ਗੈਰਕਾਨੂੰਨੀ ਝੁੱਗੀਆਂ ਉਤੇ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਝੁੱਗੀ ਵਾਸੀਆਂ ਨੇ ਮੁਹਾਲੀ ਦੀਆਂ ਕਈ ਕਲੋਨੀਆਂ ਜਿਵੇਂ ਕਿ ਅੰਬ ਸਾਹਿਬ ਕਲੋਨੀ, ਉਧਮ ਸਿੰਘ ਕਲੋਨੀ, ਜਗਤਪੁਰਾ, ਬੜਮਾਜਰਾ ਆਦਿ ਇਲਾਕਿਆਂ ਵੱਲ ਰੁੱਖ ਕਰ ਲਿਆ ਹੈ। ਇਨ੍ਹਾਂ ਝੁੱਗੀਵਾਸੀਆਂ ਦੀ ਵਧ ਰਹੀ ਆਬਾਦੀ ਨੇ ਇਲਾਕੇ ਦੇ ਪਾਣੀ, ਬਿਜਲੀ, ਸਫਾਈ ਅਤੇ ਸੁਰੱਖਿਆ ਜਿਹੇ ਬੁਨਿਆਦੀ ਢਾਂਚੇ ਉੱਤੇ ਗੰਭੀਰ ਦਬਾਅ ਪਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਵਧਦੀਆਂ ਝੁੱਗੀਆਂ ਦੀ ਸਮੱਸਿਆ ਨਹੀਂ, ਸਗੋਂ ਭਵਿੱਖ ਵਿੱਚ ਵਧਦੇ ਅਪਰਾਧ, ਰੁਜ਼ਗਾਰ ਘਾਟ ਅਤੇ ਆਮ ਵਾਸੀਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ। ਬੇਦੀ ਨੇ ਇਹ ਵੀ ਕਿਹਾ ਕਿ ਬੜਮਾਜਰਾ ਵਿਚ ਪਹਿਲਾਂ ਹੀ ਨਵੀਆਂ ਝੁੱਗੀਆਂ ਵੱਸ ਚੁੱਕੀਆਂ ਹਨ ਜੋ ਹਾਲਾਤ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੀਆਂ ਹਨ। ਡਿਪਟੀ ਮੇਅਰ ਨੇ ਆਪਣੇ ਪੱਤਰ ਰਾਹੀਂ ਪੰਜ ਮੁੱਖ ਮੰਗਾਂ ਰੱਖੀਆਂ ਹਨ ਜਿਨਾਂ ਵਿੱਚ ਮੁਹਾਲੀ ਦੀਆਂ ਸਾਰੀਆਂ ਝੁੱਗੀ-ਬਸਤੀਆਂ ਦਾ ਤੁਰੰਤ ਸਰਵੇ ਕਰਨ, ਨਵੇਂ ਝੁੱਗੀਵਾਸੀਆਂ ਦੀ ਪੁਲਿਸ ਰਾਹੀਂ ਜਾਂਚ ਕਰਵਾਉਣ, ਨਵੀਆਂ ਝੁੱਗੀਆਂ ਵੱਸਣ ਤੋਂ ਰੋਕਣ ਲਈ ਢਾਂਚਾਗਤ ਰੋਕਥਾਮ ਕਰਨ, ਗਮਾਡਾ ਅਤੇ ਨਗਰ ਪ੍ਰਸ਼ਾਸਨ ਵੱਲੋਂ ਨਿਗਰਾਨੀ ਸਖ਼ਤ ਕਰਨ ਅਤੇ ਝੁੱਗੀਵਾਸੀਆਂ ਦੀ ਪੁਨਰਵਾਸ ਨੀਤੀ ਬਾਰੇ ਯੋਜਨਾ ਤਿਆਰ ਕਰਕੇ, ਲੋੜਵੰਦਾਂ ਲਈ ਕਾਨੂੰਨੀ ਰਿਹਾਇਸ਼ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ। ਕੁਲਜੀਤ ਬੇਦੀ ਨੇ ਦੱਸਿਆ ਕਿ ਪੱਤਰ ਦੀ ਕਾਪੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਐਸਐਸਪੀ ਨੂੰ ਵੀ ਭੇਜੀ ਗਈ ਹੈ ਤਾਂ ਜੋ ਸਾਰੇ ਸੰਬੰਧਤ ਵਿਭਾਗ ਆਪਸੀ ਸਹਿਯੋਗ ਨਾਲ ਤਤਕਾਲ ਕਾਰਵਾਈ ਕਰ ਸਕਣ।

Load More Related Articles
Load More By Nabaz-e-Punjab
Load More In Environment

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…