ਪਾਕਿਸਤਾਨ ਆਈ.ਐਸ.ਆਈ. ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਲੀਕ ਕਰਨ ਲਈ ਇੱਕ ਫੌਜੀ ਜਵਾਨ ਤੇ ਉਸਦਾ ਸਾਥੀ ਗ੍ਰਿਫਤਾਰ

ਆਈ.ਐਸ.ਆਈ. ਹੈਂਡਲਰ ਰਾਣਾ ਜਾਵੇਦ ਦੇ ਸਿੱਧੇ ਸੰਪਰਕ ਵਿੱਚ ਸੀ ਜੰਮੂ ਵਿੱਚ ਤਾਇਨਾਤ ਫੌਜੀ ਗੁਰਪ੍ਰੀਤ ਸਿੰਘ; ਪੈੱਨ ਡਰਾਈਵ ਰਾਹੀਂ ਭੇਜਦਾ ਸੀ ਖੁਫ਼ੀਆ ਜਾਣਕਾਰੀ : ਡੀਜੀਪੀ ਗੌਰਵ ਯਾਦਵ

ਗੁੰਝਲਦਾਰ ਢੰਗ ਨਾਲ ਜਾਰੀ ਕੀਤਾ ਜਾਂਦਾ ਖੁਫੀਆ ਜਾਣਕਾਰੀ ਲੀਕ ਕਰਨ ਦਾ ਵਿੱਤੀ ਮੁਆਵਜ਼ਾ ; ਇਨਕ੍ਰਿਪਟਡ ਚੈਟ ਵਾਲੇ ਦੋ ਮੋਬਾਈਲ ਫੋਨ ਹੋਏ ਬਰਾਮਦ: ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ

ਚੰਡੀਗੜ੍ਹ/ਅੰਮ੍ਰਿਤਸਰ, 22 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਜਾਸੂਸੀ- ਵਿਰੋਧੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤੀ ਫੌਜ ਦੇ ਇੱਕ ਜਵਾਨ ਅਤੇ ਉਸਦੇ ਸਹਿਯੋਗੀ ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਨੂੰ ਲੀਕ ਕਰਨ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੋਜੀ ਵਾਸੀ ਧਾਰੀਵਾਲ, ਅੰਮ੍ਰਿਤਸਰ,ਜੋ ਮੌਜੂਦਾ ਸਮੇਂ ਭਾਰਤੀ ਫੌਜ ਦੇ ਜਵਾਨ ਵਜੋਂ ਜੰਮੂ ਵਿਖੇ ਤਾਇਨਾਤ ਹੈ ਅਤੇ ਉਸਦੇ ਸਾਥੀ ਸਾਹਿਲ ਮਸੀਹ ਉਰਫ਼ ਸ਼ਾਲੀ, ਜੋ ਕਿ ਅੰਮ੍ਰਿਤਸਰ ਦੇ ਧਾਰੀਵਾਲ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਪਾਕਿਸਤਾਨੀ ਆਈ.ਐਸ.ਆਈ. ਦੇ ਕਾਰਕੁੰਨਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਇਹ ਸ਼ੱਕ ਹੈ ਕਿ ਉਹ ਪੈੱਨ ਡਰਾਈਵ ਰਾਹੀਂ ਸੰਵੇਦਨਸ਼ੀਲ ਅਤੇ ਖੁਫ਼ੀਆ ਜਾਣਕਾਰੀ ਸਾਂਝੀ ਕਰਦਾ ਸੀ । ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਮੁੱਖ ਆਈ.ਐਸ.ਆਈ. ਹੈਂਡਲਰ ਦੀ ਪਛਾਣ ਰਾਣਾ ਜਾਵੇਦ ਵਜੋਂ ਹੋਈ ਹੈ।

ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਰਚੁਅਲ ਨੰਬਰਾਂ ਵਾਲੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਵਰਤੋਂ ਕਥਿਤ ਤੌਰ ’ਤੇ ਆਈਐਸਆਈ ਦੇ ਕਾਰਕੁੰਨਾਂ ਨਾਲ ਗੱਲਬਾਤ ਕਰਨ ਲਈ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਾਸੂਸੀ-ਦਹਿਸ਼ਤਗਰਦੀ ਦੇ ਵਿਆਪਕ ਨੈੱਟਵਰਕ ਨੂੰ ਜੜ੍ਹੋਂ ਤਬਾਹ ਕਰਨ ਅਤੇ ਇਸ ਮਾਮਲੇ ਵਿੱਚ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਵਾਸਤੇ ਹੋਰ ਜਾਂਚ ਕੀਤੀ ਜਾ ਰਹੀ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੋਜੀ 2016 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇਹ ਖ਼ਦਸ਼ਾ ਹੈ ਕਿ ਉਸਨੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਪੈੱਨ ਡਰਾਈਵ ਅਤੇ ਡਿਸਕਾਂ ਰਾਹੀਂ ਫੌਜ ਦੀ ਖੁਫ਼ੀਆ ਜਾਣਕਾਰੀ ਜੁਟਾਈ ਅਤੇ ਪਾਕਿਸਤਾਨ ਆਈਐਸਆਈ ਨੂੰ ਲੀਕ ਕੀਤੀ।

ਉਨ੍ਹਾਂ ਕਿਹਾ ਕਿ ਜਾਸੂਸੀ ਨੈੱਟਵਰਕ ਨੂੰ ਕਥਿਤ ਤੌਰ ’ਤੇ ਧਾਰੀਵਾਲ ਦੇ ਇੱਕ ਦੁਬਈ-ਅਧਾਰਤ ਨਸ਼ਾ ਤਸਕਰ, ਅਰਜਨ ਨੇ ਪੰਜ ਮਹੀਨੇ ਪਹਿਲਾਂ ਗੁਰਪ੍ਰੀਤ ਨੂੰ ਆਈਐਸਆਈ ਦੇ ਕਾਰਕੁਨਾਂ ਨਾਲ ਰੂਬਰੂ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕਿ ਉਸ ਸਮੇਂ ਤੋਂ, ਗੁਰਪ੍ਰੀਤ ਪਹਿਲਾਂ ਤੋਂ ਨਿਰਧਾਰਤ ਡਰਾਪ ਥਾਵਾਂ ਦੀ ਵਰਤੋਂ ਕਰਕੇ ਆਈਐਸਆਈ ਨੂੰ ਫੌਜ ਦਾ ਸੰਵੇਦਨਸ਼ੀਲ ਡੇਟਾ ਸਰਗਰਮੀ ਨਾਲ ਭੇਜਣ ਕਰਨ ਵਿੱਚ ਜੁਟਿਆ ਸੀ।

ਐਸਐਸਪੀ ਨੇ ਕਿਹਾ ਕਿ ਇਸ ਜਾਸੂਸੀ ਗਤੀਵਿਧੀ ਨੂੰ ਅੰਜਾਮ ਦੇਣ ਬਦਲੇ, ਦੋਸ਼ੀ ਗੁਰਪ੍ਰੀਤ ਨੂੰ ਬੜੇ ਗੁੰਝਲਦਾਰ ਨੈੱਟਵਰਕ ਰਾਹੀਂ ਇਵਜ਼ਾਨਾ ਮਿਲ ਰਿਹਾ ਸੀ ,ਜਿਸ ਵਿੱਚ ਦੋਸਤਾਂ, ਰਿਸ਼ਤੇਦਾਰਾਂ ਅਤੇ ਵਿਦੇਸ਼ੀ ਸਹਿਯੋਗੀਆਂ ਦੇ ਬੈਂਕ ਖਾਤਿਆਂ ਨੂੰ ਵਰਤਿਆ ਜਾਂਦਾ ਸੀ ਤਾਂ ਜੋ ਇਸ ਗਤੀਵਿਧੀ ਦਾ ਕਿਸੇ ਨੂੰ ਨਾ ਪਤਾ ਲੱਗੇ। ਖੁਫੀਆ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਗੁਰਪ੍ਰੀਤ ਅਤੇ ਉਸਦੇ ਸਾਥੀ ਸਾਹਿਲ ਮਸੀਹ ਨੂੰ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਹੋਰ ਸੰਵੇਦਨਸ਼ੀਲ ਡੇਟਾ ਲੀਕ ਕਰਨ ਦੀ ਤਾਕ ਵਿੱਚ ਸਨ।

ਉਨ੍ਹਾਂ ਕਿਹਾ ਕਿ ਵਿਆਪਕ ਗਠਜੋੜ ਦਾ ਪਰਦਾਫਾਸ਼ ਕਰਨ ਅਤੇ ਹੋਰ ਸਾਜ਼ਿਸ਼ਕਾਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਸਟੇਸ਼ਨ ਲੋਪੋਕੇ ਵਿਖੇ 21.06.2025 ਨੂੰ ਆਫੀਸ਼ੀਅਲ ਸੀਕਰਟ ਐਕਟ ਦੀ ਧਾਰਾ 3, 5, ਅਤੇ 9 ਅਤੇ ਬੀਐਨਐਸ ਦੀ ਧਾਰਾ 3(5) ਦੇ ਤਹਿਤ ਐਫਆਈਆਰ ਨੰਬਰ 140 ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…