ਸੀਜੀਸੀ ਯੂਨੀਵਰਸਿਟੀ ਮੁਹਾਲੀ ਵਿੱਚ 9ਵਾਂ ਸਾਲਾਨਾ ਖੇਡ ਮੇਲਾ ਸਮਾਪਤ
ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ:
ਸੀਜੀਸੀ ਯੂਨੀਵਰਸਿਟੀ ਮੁਹਾਲੀ ਦੇ ਕੈਂਪਸ ਵਿੱਚ ‘ਸਕੂਲ ਆਫ਼ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਾਇੰਸਿਜ਼‘ ਵੱਲੋਂ ਕਰਵਾਈ ਗਈ ਤਿੰਨ-ਰੋਜ਼ਾ ‘9ਵੀਂ ਸਾਲਾਨਾ ਖੇਡ ਮੀਟ 2026’ ਦੌਰਾਨ ਖੇਡਾਂ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਿਆ। ਇਸ ਸਮਾਗਮ ਨੇ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਜੋੜਦਿਆਂ ਨੌਜਵਾਨਾਂ ਦੀ ਊਰਜਾ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਮੀਟ ਦੀ ਸ਼ੁਰੂਆਤ ਇੱਕ ਸ਼ਾਨਦਾਰ ‘ਮਾਰਚ ਪਾਸਟ’ ਨਾਲ ਹੋਈ, ਜਿਸ ਨੇ ਪੂਰੇ ਕੈਂਪਸ ਵਿੱਚ ਅਨੁਸ਼ਾਸਨ ਅਤੇ ਜਿੱਤ ਦਾ ਜਜ਼ਬਾ ਭਰ ਦਿੱਤਾ।
ਇਸ ਮੌਕੇ ਦ੍ਰੋਣਾਚਾਰੀਆ ਐਵਾਰਡੀ ਅਤੇ ਭਾਰਤੀ ਤੀਰਅੰਦਾਜ਼ੀ ਟੀਮ ਦੇ ਕੋਚ ਜੀਵਨਜੋਤ ਸਿੰਘ ਤੇਜਾ, ਡਾਇਰੈਕਟਰ ਟਰੇਨਿੰਗ ਐਂਡ ਕਰੀਕੁਲਮ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਖਿਡਾਰੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਸਖ਼ਤ ਮਿਹਨਤ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਨਾਲ ਵਿਨੀਤ ਕੁਮਾਰ, ਡਿਪਟੀ ਡਾਇਰੈਕਟਰ ਜਨਰਲ ਅਤੇ ਸੀਨੀਅਰ ਐਗਜ਼ਿਕਿਊਟਿਵ ਡਾਇਰੈਕਟਰ, ਸਪੋਰਟਸ ਅਥਾਰਟੀ ਆਫ ਇੰਡੀਆ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ, ਪਟਿਆਲਾ ਅਤੇ ਸਰਪ੍ਰੀਤ ਸਿੰਘ , ਸਬ-ਇੰਸਪੈਕਟਰ ਪੰਜਾਬ ਪੁਲਿਸ ਅਤੇ ਨੈਸ਼ਨਲ ਸਾਈਕਲਿੰਗ ਚੈਂਪੀਅਨ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਖੇਡ ਨੈਤਿਕਤਾ ‘ਤੇ ਜ਼ੋਰ ਦਿੱਤਾ।
ਖੇਡਾਂ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਲੰਬੀ ਛਾਲ, ਉੱਚੀ ਛਾਲ, ਸ਼ਾਟਪੁੱਟ ਅਤੇ ਜੈਵਲਿਨ ਥਰੋਅ ਵਰਗੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵਿੱਚ ਮੁਕੁਲ ਨੂੰ ਸਰਵੋਤਮ ਪੁਰਸ਼ ਅਥਲੀਟ ਅਤੇ ਮੇਹੁਲ ਬਿਸ਼ਟ ਨੂੰ ਸਰਵੋਤਮ ਮਹਿਲਾ ਅਥਲੀਟ ਐਲਾਨਿਆ ਗਿਆ। ਸਾਲ 2025-26 ਲਈ ਲਕਸ਼ੈ ਜ਼ਿੰਦਲ ਅਤੇ ਜਾਗ੍ਰਿਤੀ ਤਿਵਾੜੀ ਨੂੰ ਕ੍ਰਮਵਾਰ ਸਰਵੋਤਮ ਖਿਡਾਰੀ (ਪੁਰਸ਼ ਅਤੇ ਮਹਿਲਾ) ਦੇ ਖਿਖ਼ਤਾਬ ਨਾਲ ਨਿਵਾਜਿਆ ਗਿਆ। ਰੀਲੇਅ ਦੌੜਾਂ ਅਤੇ ਮਿਕਸਡ ਰੀਲੇਅ ਈਵੈਂਟਸ ਖਿੱਚ ਦਾ ਕੇਂਦਰ ਰਹੇ, ਜਿੱਥੇ ਟੀਮ ਵਰਕ ਅਤੇ ਤਾਲਮੇਲ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ ਗਿਆ।
ਇਸ ਮੌਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਆਯੋਜਨਾਂ ਦਾ ਮਕਸਦ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਉਨ੍ਹਾਂ ਵਿੱਚ ਫਿਟਨੈਸ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨਾ ਹੈ। ਸਮਾਗਮ ਦੇ ਅੰਤ ਵਿੱਚ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।