ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ’ਤੇ 367 ਨੋਟਿਸ ਜਾਰੀ, 82 ਚਲਾਨ ਕੀਤੇ

ਡੇਰਾਬੱਸੀ ਵਿੱਚ ਇੱਕ ਹੀ ਮਾਮਲੇ ਵਿੱਚ 37 ਹਜ਼ਾਰ ਰੁਪਏ ਵਸੂਲੇ ਜਾਣਗੇ: ਜ਼ਿਲ੍ਹਾ ਮੈਜਿਸਟਰੇਟ

ਨਬਜ਼-ਏ-ਪੰਜਾਬ, ਮੁਹਾਲੀ, 17 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਜਰੇਟ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਮਾਨਸੂਨ ਦੇ ਮੌਸਮ ਦੌਰਾਨ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਬਿਮਾਰੀਆਂ ਦੇ ਫੈਲਾਅ ਤੋਂ ਬਚਾਅ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ, ਮੁਹਾਲੀ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਵਿੱਚ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਰਵਾਈ ਸ਼ੁਰੂ ਕੀਤੀ ਹੈ। ਪਹਿਲੇ ਪੜਾਅ ਵਿੱਚ, ਪਛਾਣੇ ਗਏ 689 ਪਲਾਟ ਮਾਲਕਾਂ ’ਚੋਂ 367 ਨੂੰ ਉਲੰਘਣਾ ਦੇ ਨੋਟਿਸ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ 26 ਜੂਨ, 2025 ਦੇ ਮਨਾਹੀ ਹੁਕਮ ਦੇ ਤਹਿਤ, ਸਾਰੇ ਖਾਲੀ ਪਲਾਟ ਮਾਲਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਬਿਮਾਰੀਆਂ ਦੇ ਫੈਲਣ ਦੇ ਵਧੇ ਹੋਏ ਜੋਖਮ ਦੇ ਮੱਦੇਨਜ਼ਰ ਆਪਣੀਆਂ ਖਾਲੀ ਥਾਵਾਂ ਤੋਂ ਕੂੜਾ ਅਤੇ ਰਹਿੰਦ-ਖੂੰਹਦ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਹੁਕਮ ਵਿੱਚ ਗੈਰ-ਕਾਨੂੰਨੀ ਡੰਪਿੰਗ ਨੂੰ ਰੋਕਣ ਲਈ ਚਾਰਦੀਵਾਰੀ ਜਾਂ ਵਾੜ ਬਣਾਉਣ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਡੇਰਾਬੱਸੀ, ਜ਼ੀਰਕਪੁਰ, ਖਰੜ, ਬਨੂੜ, ਲਾਲੜੂ, ਕੁਰਾਲੀ, ਘੜੂੰਆਂ ਅਤੇ ਨਯਾਗਾਓਂ ਵਿੱਚ ਸਥਾਨਕ ਸੰਸਥਾਵਾਂ ਨੇ ਹੁਣ ਤੱਕ 367 ਨੋਟਿਸ ਜਾਰੀ ਕੀਤੇ ਹਨ। ਡੇਰਾਬੱਸੀ ਵਿੱਚ ਨਗਰ ਕੌਂਸਲ ਵੱਲੋਂ ਇੱਕ ਹੀ ਉਲੰਘਣਾ ਕਰਨ ਵਾਲੇ ‘ਤੇ ਸਫਾਈ ਕਰਵਾਉਣ ਦਾ ਵੱਡਾ ਜੁਰਮਾਨਾ 37,000 ਰੁਪਏ ਲਗਾਇਆ ਜਾ ਚੁੱਕਾ ਹੈ, ਜਦੋਂਕਿ 81 ਹੋਰ ਚਲਾਨਾਂ ਦੇ ਨਤੀਜੇ ਵਜੋਂ ਕੁੱਲ 49,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਨਗਰ ਕੌਂਸਲਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਗਮਾਡਾ ਅਤੇ ਮੁਹਾਲੀ ਨਗਰ ਨਿਗਮ ਨੂੰ ਵੀ ਗੰਦਗੀ ਦੀ ਬਦਬੂ ਨੂੰ ਖ਼ਤਮ ਕਰਨ ਅਤੇ ਜਨਤਾ ਲਈ ਸਿਹਤ ਜੋਖਮਾਂ ਨੂੰ ਘਟਾਉਣ ਲਈ ਇਸੇ ਤਰ੍ਹਾਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮਿਉਂਸਪਲ ਐਕਟ, 1976 ਦੀ ਧਾਰਾ 292 ਅਤੇ 293, ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 15, ਮਿਊਂਸੀਪਲ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮ, 2016, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) 2023 ਦੀ ਧਾਰਾ 163 ਸਮੇਤ ਕਈ ਕਾਨੂੰਨੀ ਉਪਬੰਧਾਂ ਤਹਿਤ ਨੋਟਿਸ ਜਾਰੀ ਕੀਤੇ ਗਏ ਹਨ।
ਨੋਟਿਸ ਪਲਾਟ ਮਾਲਕਾਂ ਨੂੰ ਆਪਣੇ ਅਹਾਤੇ ਨੂੰ ਸਾਫ਼ ਕਰਨ ਅਤੇ ਚਾਰਦੀਵਾਰੀ ਤੁਰੰਤ ਬਣਾਉਣ ਦਾ ਨਿਰਦੇਸ਼ ਦਿੰਦੇ ਹਨ। ਪਾਲਣਾ ਨਾ ਕਰਨ ਦੀ ਸੂਰਤ ਵਿੱਚ, ਸਰਕਾਰੀ ਏਜੰਸੀਆਂ ਸਫਾਈ ਕਰਨਗੀਆਂ, ਅਤੇ ਲਾਗਤ ਮਾਲਕਾਂ ਤੋਂ ਵਸੂਲੀ ਜਾਵੇਗੀ। ਭੁਗਤਾਨ ਨਾ ਕਰਨ ’ਤੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀ ਹੋਵੇਗੀ ਅਤੇ ਉਪਰੋਕਤ ਦੱਸੇ ਗਏ ਕਾਨੂੰਨਾਂ ਤਹਿਤ ਪੁਲਿਸ ਦਖਲਅੰਦਾਜ਼ੀ ਸਮੇਤ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡੀਸੀ ਕੋਮਲ ਮਿੱਤਲ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਪਹਿਲ ਬਰਸਾਤ ਦੇ ਮੌਸਮ ਦੌਰਾਨ ਵੈਕਟਰ-ਜਨਿਤ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਜਨਤਕ ਹਿੱਤ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਲਈ ਇੱਕ ਸਾਫ਼ ਅਤੇ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ।

Load More Related Articles
Load More By Nabaz-e-Punjab
Load More In Environment

Check Also

ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ

ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਨਬਜ਼-ਏ-ਪੰਜਾਬ…