ਸਾਲ 2025-26: ਡੀਸੀ ਨੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕੀਤੀ ਅਹਿਮ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਸਾਲ 2025-26 ਦੌਰਾਨ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਜ਼ਿਲ੍ਹੇ ਵਿੱਚ ਕੰਮ ਕਰਦੇ ਬੇਲਰ ਅਪਰੇਟਰਾਂ ਅਤੇ ਪਰਾਲੀ ਦੀਆਂ ਵਰਤੋਂ ਕਰਨ ਵਾਲੀਆਂ ਫਰਮਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ, ਡੀਐਸਪੀ (ਐੱਚ) ਹਰਸਿਮਰਤ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਰਮਵੀਰ ਕੌਰ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਬੀਰ ਸਿੰਘ ਢਿੱਲੋਂ ਅਤੇ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ।
ਡੀਸੀ ਵੱਲੋਂ ਬੇਲਰ ਮਾਲਕਾਂ/ਅਪਰੇਟਰਾਂ ਨੂੰ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਅਤੇ ਸਪਲਾਈ ਕਰਨ ਸਮੇਂ ਦਰਪੇਸ਼ ਮੁਸ਼ਕਲਾਂ ਬਾਰੇ ਪੁੱਛਿਆ ਗਿਆ। ਬੇਲਰ ਮਾਲਕਾਂ ਨੇ ਦੱਸਿਆ ਕਿ ਖੇਤਾਂ ’ਚੋਂ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਉਪਰੰਤ ਸਬੰਧਤ ਫਰਮਾਂ ਨੂੰ ਸਪਲਾਈ ਕਰਨ ਸਮੇਂ ਖਰਾਬ ਰਸਤਿਆਂ, ਬਿਜਲੀ ਦੀਆਂ ਲਟਕਦੀਆਂ ਤਾਰਾਂ, ਟੋਲ ਪਲਾਜ਼ਿਆਂ ਤੇ ਰੋਕ ਅਤੇ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਬੀਮਾ ਆਦਿ ਨਾ ਹੋਣ ਕਾਰਨ ਬੇਲਰ ਮਾਲਕਾਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈਦਾ ਹੈ। ਡੀਸੀ ਨੇ ਰਸਤਿਆਂ ਦੀ ਮੁਰੰਮਤ, ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕਰਨ, ਟੋਲ ਪਲਾਜ਼ਾ ਲਈ ਪਾਸ ਜਾਰੀ ਕਰਨ ਅਤੇ ਪਰਾਲੀ ਦੀਆਂ ਵਰਤੋਂ ਕਰਨ ਵਾਲੀਆਂ ਫਰਮਾਂ ਵੱਲੋਂ ਬੇਲਰ ਮਾਲਕਾਂ ਨਾਲ ਤਾਲਮੇਲ ਕਰਕੇ ਪਰਾਲੀ ਦਾ ਬੀਮਾ ਕਰਵਾਉਣ ਲਈ ਸਬੰਧਤ ਵਿਭਾਗਾਂ ਅਤੇ ਫਰਮਾਂ ਨੂੰ ਹੁਕਮ ਕੀਤੇ।
ਡੀਸੀ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਬੇਲਰ ਮਾਲਕਾਂ ਪਾਸੋ ਪਿੰਡ ਵਾਰ ਲਿਸਟਾਂ ਪ੍ਰਾਪਤ ਕੀਤੀਆਂ ਜਾਣ ਤਾਂ ਜੋ ਤਿਆਰ ਕੀਤੀਆਂ ਜਾਣ ਵਾਲੀਆਂ ਪਰਾਲੀ ਦੀਆਂ ਗੰਢਾਂ ਦੀ ਸੁਚੱਜੇ ਰੂਪ ਵਿੱਚ ਸਪਲਾਈ ਸਬੰਧਤ ਫਰਮਾਂ ਨੂੰ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟਰੇਟ, ਡੀਐਸਪੀ, ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ ਅਤੇ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ, ਕਰਮਚਾਰੀਆਂ ਦਾ ਵੱਟਸਅੱਪ ਗਰੁੱਪ ਤਿਆਰ ਕਰਨ ਲਈ ਵੀ ਕਿਹਾ ਤਾਂ ਜੋ ਪਰਾਲੀ ਪ੍ਰਬੰਧਨ ਸਬੰਧੀ ਲੋੜੀਂਦੀ ਕਾਰਵਾਈ ਨੂੰ ਸਮੇਂ ਸਿਰ ਕਰਨਾ ਯਕੀਨੀ ਬਣਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਪਰਾਲੀ ਪ੍ਰਬੰਧਨ ਸਕੀਮ ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਗੁਰਦਿਆਲ ਕੁਮਾਰ, ਬਲਾਕ ਖੇਤੀਬਾੜੀ ਅਫ਼ਸਰ ਡਾ. ਸੁਭਕਰਨ ਸਿੰਘ, ਡਾ. ਰਮਨ ਕਰੋੜੀਆ, ਗੁਰਸ਼ਰਨ ਸਿੰਘ ਸਹਾਇਕ ਫੂਡ ਸਪਲਾਈ ਅਫ਼ਸਰ, ਪਰਮਜੀਤ ਸਿੰਘ ਮਾਲਕ ਸ਼ਕਤੀਮਾਨ ਐਗਰੋ ਸੇਲ ਮਾਛੀਵਾੜਾ ਅਤੇ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਨਾਚੀਕੇਤਾ ਪੇਪਰ ਮਿੱਲ, ਨਾਹਰ ਇੰਡਸਟਰੀ, ਟੀਸੀ ਸਪਿੰਨਰ ਇੰਡਸਟਰੀ, ਵਾਈਸੀਡੀ ਅਤੇ ਸੀਡੀਬੀ ਐੱਲ ਫਰਮਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

Load More Related Articles
Load More By Nabaz-e-Punjab
Load More In Awareness/Campaigns

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…