ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਪੁਲੀਸ ਨੇ ਕਿਹੜੀ ਗੱਲੋਂ ਹਿਰਾਸਤ ਵਿੱਚ ਲਿਆ

ਸੁਖਬੀਰ ਬਾਦਲ ਤੇ ਹੋਰ ਆਗੂ ਗੁਰੂਘਰ ਮੱਥਾ ਟੇਕਣ ਜਾ ਰਹੇ ਸੀ ਜਾਂ ਧਰਨੇ ਵਿੱਚ ਹੋਣਾ ਸੀ ਸ਼ਾਮਲ?

ਨਬਜ਼-ਏ-ਪੰਜਾਬ, ਮੁਹਾਲੀ, 2 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਸੀਨੀਅਰ ਆਗੂਆਂ ਨੂੰ ਬੁੱਧਵਾਰ ਨੂੰ ਮੁਹਾਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਸੁਖਬੀਰ ਵਾਰ-ਵਾਰ ਪੁਲੀਸ ਅਧਿਕਾਰੀਆਂ ਨੂੰ ਕਹਿੰਦੇ ਰਹੇ ਕਿ ਉਹ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਹਨ ਪਰ ਪੁਲੀਸ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਸੁਖਬੀਰ ਹੁਰੀਂ ਵਾਰ-ਵਾਰ ਇਹ ਪੁੱਛਦੇ ਰਹੇ ਕਿ ਗੁਰੂਘਰ ਮੱਥਾ ਟੇਕਣ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਭਗਵੰਤ ਮਾਨ ਨੇ ਕਿਹਾ ਹੈ ਜਾਂ ਕੇਜਰੀਵਾਲ ਦੇ ਆਦੇਸ਼ ਹਨ ਤਾਂ ਪੁਲੀਸ ਅਧਿਕਾਰੀ ਨੂੰ ਕਹਿੰਦੇ ਸੁਣਿਆ ਕਿ ਸਰ ਤੁਹਾਨੂੰ ਸਾਰਾ ਕੁੱਝ ਭਲੀਭਾਂਤ ਪਤਾ ਹੈ, ਨਾਲ ਹੀ ਪੁਲੀਸ ਅਧਿਕਾਰੀ ਨੇ ਇਹ ਤਰਕ ਦਿੱਤਾ ਕਿ ਉਨ੍ਹਾਂ ਨੂੰ ਸੀਨੀਅਰਜ਼ ਦ ਆਦੇਸ਼ ਹਨ।
ਇਸ ਤਰ੍ਹਾਂ ਪੁਲੀਸ ਨੇ ਸੁਖਬੀਰ ਬਾਦਲ ਸਮੇਤ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸੁੱਚਾ ਸਿੰਘ ਲੰਗਾਹ, ਸਾਬਕਾ ਵਿਧਾਇਕ ਐਨਕੇ ਸ਼ਰਮਾ, ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸੀਨੀਅਰ ਮੀਤ ਪ੍ਰਧਾਨ ਜਸਬੀਰ ਕੌਰ ਜੱਸੀ ਅਤੇ ਸਾਬਕਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ ਭਾਗੋਮਾਜਰਾ, ਕਮਲਜੀਤ ਸਿੰਘ ਰੂਬੀ, ਬੀਬੀ ਕੁਲਦੀਪ ਕੌਰ ਕੰਗ, ਮਨਮੋਹਨ ਕੌਰ, ਅਜੈਪਾਲ ਸਿੰਘ ਮਿੱਡੂਖੇੜਾ, ਕੁਲਵੰਤ ਸਿੰਘ ਤ੍ਰਿਪੜੀ, ਸੁਖਵਿੰਦਰ ਸਿੰਘ ਛਿੰਦੀ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਖੁਸ਼ਇੰਦਰ ਸਿੰਘ ਬੈਦਵਾਨ ਸਮੇਤ ਹੋਰਨਾਂ ਅਕਾਲੀ ਆਗੂਆਂ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਬਾਹਰੋਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲੀਸ ਇਨ੍ਹਾਂ ਆਗੂਆਂ ਨੂੰ ਫੜ ਕੇ ਕਿਹੜੇ ਥਾਣੇ ਲੈ ਗਈ ਕਿਸੇ ਨੂੰ ਕੁੱਝ ਪਤਾ ਨਹੀਂ ਹੈ ਅਤੇ ਨਾ ਹੀ ਪੁਲੀਸ ਨੇ ਕੁੱਝ ਦੱਸਿਆ।
ਜਾਣਕਾਰੀ ਅਨੁਸਾਰ ਸੱਤ ਦਿਨ ਦਾ ਵਿਜੀਲੈਂਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਅਤੇ ਅਕਾਲੀ ਆਗੂ ਅਤੇ ਵਰਕਰ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਸਨ। ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਵਿਰੋਧ ਪ੍ਰਦਰਸ਼ਨ ਕਰਨ ਦਾ ਹਰੇਕ ਵਿਅਕਤੀ ਨੂੰ ਸੰਵਿਧਾਨਕ ਹੱਕ ਹੈ ਪ੍ਰੰਤੂ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅਤੇ ਧੱਕੇਸ਼ਾਹੀ ਦਾ ਦੌਰ ਚੱਲ ਰਿਹਾ ਹੈ। ਜਿਸ ਨੇ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਰੱਖ ਦਿੱਤੇ ਹਨ।

ਕਾਬਿਲੇਗੌਰ ਹੈ ਕਿ ਮੁਹਾਲੀ ਦੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ (ਡੀਐਸਪੀ ਸਿਟੀ-2) ਹਰਸਿਮਰਨ ਸਿੰਘ ਬੱਲ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਕਰ ਰਹੇ ਸੀ। ਉਧਰ, ਦੂਜੇ ਪਾਸੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਅਤੇ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਦੇ ਬਾਹਰ ਵੀ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।

Load More Related Articles
Load More By Nabaz-e-Punjab
Load More In Politics

Check Also

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਨਬਜ਼-ਏ-ਪੰਜਾਬ, ਮੁਹਾਲੀ, 4 …