nabaz-e-punjab.com

ਪੰਜਾਬ ਦੇ ਵੈਟਰਨਰੀ ਡਾਕਟਰਾਂ ਵੱਲੋਂ ਖਟਕੜ ਕਲਾਂ ਵਿੱਚ ਸਰਕਾਰ ਖਿਲਾਫ਼ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ 2 ਅਗਸਤ:
ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਮਿਤੀ 11-08-2025, ਦਿਨ ਸੋਮਵਾਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਸਟੇਟ ਪੱਧਰੀ ਧਰਨਾ ਲਗਾਉਣ ਅਤੇ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ । ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਕਨਵੀਨਰ, ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਸਾਰੇ ਪੰਜਾਬ ਦੇ ਵੈਟਨਰੀ ਡਾਕਟਰ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਬੈਨਰ ਅਧੀਨ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੈਡੀਕਲ ਡਾਕਟਰਾਂ ਨਾਲ ਪੇਅ-ਪੈਰਿਟੀ ਅਤੇ ਡੀ.ਏ.ਸੀ.ਪੀ. ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ 42 ਸਾਲ ਚੱਲੀ ਪੇਅ-ਪੈਰਿਟੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਨਵਰੀ 2021 ਵਿੱਚ ਧੋਖੇ ਨਾਲ ਖਤਮ ਕਰ ਦਿੱਤੀ ਸੀ । ਉਸ ਸਰਕਾਰ ਵੱਲੋਂ ਵੈਟਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲੋਂ ਪੇਅ-ਪੈਰਿਟੀ ਤੋੜਦੇ ਹੋਏ ਵੈਟਰਨਰੀ ਡਾਕਟਰਾਂ ਦਾ ਮੁਢਲਾ ਤਨਖਾਹ ਸਕੇਲ 56100 ਤੋਂ ਘਟਾ ਕੇ 47600 ਕਰ ਦਿੱਤਾ ਗਿਆ ਸੀ ਜਿਸਨੂੰ ਕਿ ਮੁੜ 56100 ਕਰਵਾਉਣ ਲਈ ਪੰਜਾਬ ਦੇ ਵੈਟਰਨਰੀ ਡਾਕਟਰਾਂ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ ਸਰਕਾਰ, ਕੇਂਦਰ ਸਰਕਾਰ, ਇੰਡੀਅਨ ਆਰਮੀ, ਬੀ ਐਸ ਐਫ, ਰਾਜਸਥਾਨ, ਉੜੀਸਾ, ਹਰਿਆਣਾ ਸਰਕਾਰ ਸਮੇਤ ਹੋਰ ਬਹੁਤ ਰਾਜ ਸਰਕਾਰਾਂ ਵੈਟਰਨਰੀ ਅਫ਼ਸਰਾਂ ਨੂੰ ਮੈਡੀਕਲ ਅਫ਼ਸਰਾਂ ਦੇ ਬਰਾਬਰ 56100 ਦਾ ਸਕੇਲ ਦੇ ਰਹੀਆਂ ਹਨ ਪਰ ਪੰਜਾਬ ਦੇ ਵੈਟਰਨਰੀ ਡਾਕਟਰਾਂ ਨਾਲ ਇਹ ਮਤਰੇਈ ਮਾਂ ਵਰਗਾ ਸਲੂਕ ਨਾ-ਸਹਿਣਯੋਗ ਹੈ। ਪੰਜਾਬ ਦੇ ਵੈਟਰਨਰੀ ਡਾਕਟਰਾਂ ਨਾਲ ਇਹ ਧੱਕਾ ਬੇਬੁਨਿਆਦ ਹੈ ਤੇ ਇਹ ਹੁਣ ਉਹਨਾਂ ਲਈ ਇੱਕ ਮਾਨਸਿਕ ਤਸੀਹੇ ਵਾਂਗ ਬਣ ਗਿਆ ਹੈ ਕਿਉਂਕਿ ਇਹ ਫੈਸਲਾ ਕਾਂਗਰਸ ਸਰਕਾਰ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਨੂੰ ਵੀ ਅੱਖੋਂ ਪਰੋਖੇ ਕਰਕੇ ਲਾਗੂ ਕੀਤਾ ਗਿਆ ਸੀ।
ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਕੋ-ਕਨਵੀਨਰ, ਡਾ. ਪੁਨੀਤ ਮਲਹੋਤਰਾ ਅਤੇ ਡਾ. ਅਬਦੁਲ ਮਜੀਦ ਨੇ ਕਿਹਾ ਪੰਜਾਬ ਦੇ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ ਪੇਅ-ਪੈਰੀਟੀ ਬਹਾਲ ਕਰਵਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਸਦਾ ਯਤਨਸ਼ੀਲ ਰਹੀ ਹੈ। ਇਸ ਸਬੰਧੀ ਜੇ.ਏ.ਸੀ. ਵੱਲੋਂ ਅਨੇਕਾਂ ਵਾਰ ਪਸ਼ੂ ਪਾਲਣ ਵਿਭਾਗ ਦੇ ਮੁਖੀਆਂ, ਉਚ-ਅਧਿਕਾਰੀਆਂ ਅਤੇ ਪਸ਼ੂ ਪਾਲਣ ਵਿਭਾਗ ਦੇ ਤਤਕਾਲੀ ਮੰਤਰੀ ਧਾਲੀਵਾਲ, ਭੁੱਲਰ ਅਤੇ ਮੌਧੂਦਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਸਬ-ਕਮੇਟੀ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ । ਇਥੋਂ ਤੱਕ ਕਿ ਸਰਕਾਰ ਵੱਲੋਂ ਇਹ ਭਰੋਸਾ ਦਿੱਤੇ ਜਾਣ ਤੇ ਕਿ ਵੈਟਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ ਪੇਅ-ਪੈਰਿਟੀ ਜਲਦ ਹੀ ਬਹਾਲ ਕਰ ਦਿੱਤੀ ਜਾਵੇਗੀ , ਵੈਟਰਨਰੀ ਡਾਕਟਰਾਂ ਨੇ ਕਈ ਵਾਰ ਆਪਣਾ ਸਰਕਾਰ ਖਿਲਾਫ ਵਿੱਢਿਆ ਸੰਘਰਸ਼ ਮੁਲਤਵੀ ਵੀ ਕੀਤਾ ਹੈ ਪ੍ਰੰਤੂ ਇਸ ਸਭ ਦੇ ਬਾਵਜੂਦ ਵੈਟਰਨਰੀ ਡਾਕਟਰਾਂ ਦੇ ਹੱਥ ਅੱਜ ਤੱਕ ਸਿਰਫ ਲਾਰੇ ਅਤੇ ਡੰਗ ਟਪਾਊ ਵਾਅਦਿਆਂ ਤੋਂ ਬਿਨ੍ਹਾਂ ਹੋਰ ਕੁੱਝ ਵੀ ਨਹੀਂ ਲੱਗਿਆ ਹੈ। ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਕੋਆਡੀਨੇਟਰ, ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਗਲਤ ਫੈਸਲੇ ਵੀ ਸਹੀ ਕਰਨਾ ਯੋਗ ਕਦਮ ਨਹੀਂ ਸਮਝ ਰਹੀ ਹੈ । ਵੈਟਰਨਰੀ ਡਾਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀਆਂ ਕਰਨ ਦੀ ਥਾਂ ਸਰਕਾਰ ਦੀ ਲਾਰੇਬਾਜੀ ਦੀ ਨੀਤੀ ਨੇ ਪੰਜਾਬ ਦੇ ਕਾਬਿਲ ਵੈਟਨਰੀ ਡਾਕਟਰਾਂ ਨੂੰ ਪੰਜਾਬ ਛੱਡ ਕੇ ਇੱਕ ਵਧੀਆ ਜ਼ਿੰਦਗੀ ਜੀਣ ਲਈ ਵਿਦੇਸ਼ਾਂ ਦਾ ਰੁਖ ਅਪਨਾਉਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵੈਟਨਰੀ ਡਾਕਟਰ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਮੱਲਾਂ ਮਾਰ ਰਹੇ ਹਨ ਤੇ ਇਸਦੀ ਪੁਸ਼ਟੀ ਪੰਜਾਬ ਦੇ ਮੁੱਖ-ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਆਪਣੇ ਵਿਧਾਨ ਸਭਾ ਦੇ ਭਾਸ਼ਨ ਵਿੱਚ ਕਰਦੇ ਸੁਣੇ ਜਾ ਸਕਦੇ ਹਨ । ਇਹੋ ਜਿਹੇ ਹਾਲਾਤਾਂ ਵਿੱਚ ਸੂਬੇ ਦੇ ਮੁੱਖ-ਮੰਤਰੀ ਨੂੰ ਵੈਟਰਨਰੀ ਡਾਕਟਰਾਂ ਦੀਆਂ ਮੰਗਾਂ ਨੂੰ ਤੁਰੰਤ ਦਖਲ ਦੇ ਕੇ ਹੱਲ ਕਰਨਾ ਚਾਹੀਦਾ ਹੈ।
ਪੰਜਾਬ ਦੇ ਵੈਟਰਨਰੀ ਡਾਕਟਰਾਂ ਨੇ ਮਿਤੀ 11-08-2025 ਦਿਨ ਸੋਮਵਾਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ , ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਸਟੇਟ ਪੱਧਰੀ ਧਰਨਾ ਲਗਾ ਕੇ ਅਤੇ ਰੋਸ ਮਾਰਚ ਕੱਢ ਕੇ ਸਰਕਾਰ ਦੀ ਆਈਡਿਆਲੋਜੀ ਨੂੰ ਯਾਦ ਕਰਵਾਉਣ ਦਾ ਫੈਸਲਾ ਲਿਆ ਹੈ। ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਮੀਡੀਆ ਅਡਵਾਈਜ਼ਰ, ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਬੜੀ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਸਰਕਾਰ ਸਮਾਜ ਦੇ ਪੜੇ-ਲਿਖੇ ਵਰਗ ਵੈਟਨਰੀ ਡਾਕਟਰ ਜੋ ਕਿ ਬੇਜ਼ੁਬਾਨ ਪਸ਼ੂਆਂ ਦੀ ਮਰਜ਼ ਸਮਝ ਕੇ ਉਸਦਾ ਇਲਾਜ ਕਰਕੇ ਉਸਨੂੰ ਰੋਗ ਮੁਕਤ ਕਰਦੇ ਹਨ , ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੋਲਿਆਂ ਕਰਕੇ ਉਹਨਾਂ ਕੋਲ ਸੜਕਾਂ ਤੇ ਆਉਣ ਤੋਂ ਬਿਨ੍ਹਾਂ ਕੋਈ ਵੀ ਰਸਤਾ ਬਾਕੀ ਨਹੀਂ ਛੱਡਿਆ ਹੈ। ਉਨ੍ਹਾਂ ਦੱਸਿਆ ਕਿ 11-08-2025 ਦਿਨ ਸੋਮਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ , ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਰੱਖੇ ਗਏ ਇਸ ਧਰਨੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰਾਂ ਸਮੇਤ ਸੀਨੀਅਰ ਵੈਟਨਰੀ ਅਫਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਸੇਵਾ ਮੁਕਤ ਵੈਟਰਨਰੀ ਡਾਕਟਰ ਵੀ ਸ਼ਿਰਕਤ ਕਰਨਗੇ ।

Load More Related Articles
Load More By Nabaz-e-Punjab
Load More In General News

Check Also

Cyber Fraud Racket Targeting Women to Extort Money Busted in Punjab

Cyber Fraud Racket Targeting Women to Extort Money Busted in Punjab Nabaz-e-Punjab, Chandi…