ਮੁਹਾਲੀ ਹਲਕਾ: ਗਰੀਬ ਲੋਕਾਂ ਦੇ ਮਕਾਨ ਬਣਾਉਣ ਦੇ ਮੁੱਦੇ ’ਤੇ ਸਿਆਸਤ ਭਖੀ
ਗਰੀਬ ਵਰਗ ਦੇ ਲੋਕਾਂ ਨਾਲ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ, ਮੁਹਾਲੀ, 10 ਅਕਤੂਬਰ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਉੱਤੇ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਬੇਘਰੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਪੰਜ-ਪੰਜ ਮਰਲੇ ਦੇ ਦਿੱਤੇ ਗਏ ਪਲਾਟਾਂ ਉੱਤੇ ਮਕਾਨ ਬਣਾਉਣ ਵਿੱਚ ਅੜਿੱਕੇ ਖੜੇ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਗਰੀਬ ਵਰਗ ਨਾਲ ਕੀਤਾ ਜਾ ਰਿਹਾ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਬੀਰ ਸਿੱਧੂ ਨੇ ਕਿਹਾ ਕਿ ਵਿਧਇਕ ਕੁਲਵੰਤ ਸਿੰਘ ਅਗਲੀ ਚੋਣ ਵਿੱਚ ਆਪਣੀ ਹਾਰ ਨੂੰ ਭਾਂਖਦਿਆਂ ਐਨਾ ਘਬਰਾ ਗਿਆ ਹੈ ਕਿ ਉਹ ਗਰੀਬ ਲੋਕਾਂ ਨੂੰ ਕਥਿਤ ਤੌਰ ’ਤੇ ਇਹ ਕਹਿ ਕੇ ਧਮਕਾ ਰਿਹਾ ਹੈ ਕਿ ਜਦੋਂ ਤੱਕ ਉਹ ਅਗਲੀ ਚੋਣ ਵਿੱਚ ਵੋਟਾਂ ਪਾਉਣ ਦੀ ਗਰੰਟੀ ਨਹੀਂ ਦਿੰਦੇ ਉਦੋਂ ਤੱਕ ਉਹ ਇਨ੍ਹਾਂ ਪਲਾਟਾਂ ਉੱਤੇ ਘਰ ਨਹੀਂ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਕੁਰੜਾ ਅਤੇ ਰਾਏਪੁਰ ਵਿੱਚ ਤਾਂ ਉਸ ਨੇ ਇਸ ਮਾਮਲੇ ਵਿੱਚ ਲੋਕਾਂ ਉੱਤੇ ਝੂਠੇ ਪਰਚੇ ਵੀ ਦਰਜ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਵਰਗ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਕੁਲਵੰਤ ਸਿੰਘ ਗ਼ਰੀਬ ਵਰਗ ਦੇ ਲੋਕਾਂ ਨੂੰ ਇਹ ਕਹਿ ਕੇ ਵੀ ਗੁੰਮਰਾਹ ਕਰ ਰਿਹਾ ਹੈ ਕਿ ਹਲਕੇ ਦੇ ਪਿੰਡਾਂ ਵਿਚ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਆਮ ਆਦਮੀ ਪਾਰਟੀ ਵੱਲੋਂ ਦਿਤੇ ਗਏ ਹਨ। ਹਲਕੇ ਦੇ ਪਿੰਡ ਬਲਿਆਲੀ ਦੇ 70 ਵਿਅਕਤੀਆਂ ਨੂੰ ਜਨਵਰੀ 2022 ਵਿੱਚ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਨ ਸਬੰਧੀ ਸਰਕਾਰੀ ਰਿਕਾਰਡ ਵਿਖਾਉਂਦਿਆਂ, ਉਹਨਾਂ ਕਿਹਾ ਕਿ ਹਲਕਾ ਵਿਧਾਇਕ ਹੁਣ ਇਹ ਪ੍ਰਚਾਰ ਕਰ ਰਿਹਾ ਹੈ ਕਿ ਇਹ ਪਲਾਟ ਆਮ ਆਦਮੀ ਪਾਰਟੀ ਦੀ ਸਰਕਾਰ ਵਿਲੋਂ ਦਿੱਤੇ ਗਏ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਮਾਜ ਦੇ ਗ਼ਰੀਬ ਵਰਗ ਦੀ ਭਲਾਈ ਅਤੇ ਇਸ ਨੂੰ ਉੱਪਰ ਚੁੱਕਣ ਲਈ ਵਚਨਬੱਧ ਰਹੀ ਹੈ। ਉਹਨਾਂ ਕਿਹਾ ਕਿ ਇਸੇ ਮਨਸ਼ਾ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਨੇ 1 ਅਕਤੂਬਰ 2021 ਨੂੰ ਪਿੰਡਾਂ ਵਿੱਚ ਰਹਿ ਰਹੇ ਬੇਘਰੇ ਲੋਕਾਂ ਨੂੰ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਵਿੱਚੋਂ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਨੀਤੀ ਬਣਾਈ ਸੀ ਜਿਸ ਤਹਿਤ ਇਹ ਪਲਾਟ ਅਲਾਟ ਕਰ ਕੇ ਪੱਕੀਆਂ ਸਨਦਾਂ ਦਿੱਤੀਆਂ ਗਈਆਂ ਸਨ।
ਸਿੱਧੂ ਨੇ ਕਿ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੀਤੀ ਨੂੰ ਜਾਰੀ ਰੱਖਣ ਦੀ ਥਾਂ ਅਲਾਟ ਕੀਤੇ ਗਏ ਪਲਾਟਾਂ ਉੱਤੇ ਵੀ ਮਕਾਨ ਨਾ ਬਣਨ ਦੇਣ ਦਾ ਗ਼ਰੀਬ ਵਿਰੋਧੀ ਰਾਹ ਫੜ ਲਿਆ ਹੈ। ਉਹਨਾਂ ਕਿਹਾ ਕਿ ਵਿਧਾਇਕ ਵੱਲੋਂ ਗ਼ਰੀਬ ਵਰਗ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਲਾਟੀਆਂ ਨੂੰ ਮਕਾਨ ਬਣਾਉਣ ਵਿਚ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਯੂਥ ਕਾਂਗਰਸ ਆਗੂ ਕੰਵਰਬੀਰ ਸਿੰਘ ਰੂਬੀ ਸਿੱਧੂ ਵੀ ਮੌਜੂਦ ਸਨ।