ਸੈਕਟਰ-77 ਵਿੱਚ 1 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਚੋਰੀ ਹੋਏ ਸੋਨੇ ਦੇ ਗਹਿਣੇ, ਨਕਦੀ ਅਤੇ ਅਸਲਾ ਵੀ ਕੀਤਾ ਬਰਾਮਦ

ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਮੁਹਾਲੀ ਪੁਲੀਸ ਵੱਲੋਂ ਸੈਕਟਰ-77 ਵਿੱਚ ਹੋਈ 1 ਕਰੋੜ ਦੀ ਚੋਰੀ ਦੇ ਮਾਮਲੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਵਿਅਕਤੀਆਂ ਤੋੱ ਚੋਰੀ ਹੋਏ ਸੋਨੇ ਦੇ ਗਹਿਣੇ, ਨਕਦੀ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐਸਪੀ ਸਿਟੀ ਦਿਲਪ੍ਰੀਤ ਸਿੰਘ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਬੀਤੀ 14 ਫਰਵਰੀ ਨੂੰ ਸੈਕਟਰ-77 ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਸਫਲਤਾਪੂਰਵਕ ਟਰੇਸ ਕਰਦਿਆਂ ਚੋਰ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਤੋਂ 37 ਤੋਲੇ ਸੋਨੇ ਦੇ ਗਹਿਣੇ, 1,50,000 ਰੁਪਏ ਨਕਦ, ਇੱਕ ਪਿਸਟਲ.30 ਬੋਰ ਸਮੇਤ 2 ਜਿੰਦਾ ਰੌਂਦ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪ੍ਰਸ਼ੋਤਮ ਵਸ਼ਿਸਟ ਵਾਸੀ ਸੁਨਾਮ (ਜ਼ਿਲ੍ਹਾ ਸੰਗਰੂਰ) ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੋਹਾਣਾ ਵਿੱਚ ਬੀ. ਐਨ. ਐਸ. ਦੀ ਧਾਰਾ 305 (ਏ), 61(2), 317(2) ਅਤੇ ਅਸਲਾ ਐਕਟ ਦੀ ਧਾਰਾ 25-54-59 ਆਰਮਜ਼ ਐਕਟ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਹ 14 ਫਰਵਰੀ ਨੂੰ ਆਪਣੀ ਭਾਣਜੀ ਦੇ ਵਿਆਹ ਸਮਾਗਮ ਲਈ ਮੁਹਾਲੀ ਵਿਖੇ ਆਪਣੀ ਭੈਣ ਦੇ ਘਰ ਠਹਿਰੇ ਹੋਏ ਸਨ। ਰਾਤ ਸਮੇਂ ਉਨ੍ਹਾਂ ਦੇ ਕਮਰੇ ’ਚੋਂ ਗਹਿਣਿਆਂ ਅਤੇ ਹੋਰ ਸਮਾਨ ਨਾਲ ਭਰੀ ਅਟੈਚੀ ਚੋਰੀ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਹਰਮਨਦੀਪ ਸਿੰਘ ਹਾਂਸ ਵੱਲੋਂ ਇਸ ਕੇਸ ਨੂੰ ਹਰ ਹਾਲਤ ਵਿੱਚ ਟਰੇਸ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਸੋਹਾਣਾ ਥਾਣਾ ਅਤੇ ਜ਼ਿਲ੍ਹਾ ਸੀ.ਆਈ.ਏ. ਸਟਾਫ ਮੁਹਾਲੀ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਐਸਪੀ (ਜਾਂਚ) ਸੌਰਵ ਜਿੰਦਲ, ਐਸਪੀ (ਅਪਰੇਸ਼ਨ) ਤਲਵਿੰਦਰ ਸਿੰਘ ਗਿੱਲ, ਡੀਐਸਪੀ (ਜਾਂਚ) ਰਾਜਨ ਪਰਮਿੰਦਰ ਸਿੰਘ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮਾਂ ਨੇ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਾ ਪਤਾ ਲਗਾਇਆ ਗਿਆ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਕਾਰਵਾਈ ਦੌਰਾਨ ਬਲਕਾਰ ਸਿੰਘ ਉਰਫ਼ ਬੌਬੀ, ਜਸਕਰਨ ਸਿੰਘ ਉਰਫ਼ ਜੱਸ, ਪ੍ਰਿਤਪਾਲ ਸਿੰਘ ਉਰਫ਼ ਅਰਸ਼ੀ, ਅਤੇ ਨੇਹਾ ਧਮੀਜਾ ਸਾਰੇ ਵਾਸੀਅਨ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਨੇਹਾ ਧਮੀਜਾ ਪਿਛਲੇ 4-5 ਮਹੀਨਿਆਂ ਤੋਂ ਸ਼ਿਕਾਇਤਕਰਤਾ ਦੇ ਘਰ ਬੇਬੀ ਕੇਅਰ ਦੇ ਰੂਪ ਵਿੱਚ ਕੰਮ ਕਰ ਰਹੀ ਸੀ ਅਤੇ ਉਸ ਨੂੰ ਘਰ ਵਿੱਚ ਮੌਜੂਦ ਗਹਿਣਿਆਂ ਅਤੇ ਸਮਾਨ ਬਾਰੇ ਪੂਰੀ ਜਾਣਕਾਰੀ ਸੀ।
ਉਨ੍ਹਾਂ ਦੱਸਿਆ ਕਿ ਨੇਹਾ ਧਮੀਜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੋਰੀ ਦੀ ਯੋਜਨਾ ਬਣਾਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਚੋਰੀ ਕੀਤੀ ਰਕਮ ਨਾਲ ਉਨ੍ਹਾਂ ਵੱਲੋਂ ਹੋਰ ਵਾਰਦਾਤਾਂ ਕਰਨ ਦੇ ਉਦੇਸ਼ ਨਾਲ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਪਿਸਤੌਲ ਅਤੇ ਗੋਲਾ-ਬਾਰੂਦ ਵੀ ਖਰੀਦਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ .30 ਬੋਰ ਸਮੇਤ 2 ਜਿੰਦਾ ਰੌਂਦ, ਕਰੀਬ 37 ਤੋਲੇ ਸੋਨੇ ਦੇ ਗਹਿਣੇ, ਡੇਢ ਲੱਖ ਦੀ ਨਗਦੀ, ਚੋਰੀ ਦੀ ਰਕਮ ਨਾਲ ਖਰੀਦਿਆ ਫਰਨੀਚਰ ਅਤੇ ਇਲੈਕਟ੍ਰਾਨਿਕ ਸਮਾਨ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਬਰਾਮਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਇਸ ਸਮੇਂ ਪੁਲੀਸ ਰਿਮਾਂਡ ’ਤੇ ਹਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਗਹਿਣਿਆਂ ਅਤੇ ਨਗਦੀ ਤੋਂ ਇਲਾਵਾ ਹੋਰ ਸਮਾਨ ਚੋਰੀ ਕਰਨ ਤੋਂ ਬਾਅਦ ਨੀਲੋਂ ਨਹਿਰ ਵਿੱਚ ਸੁੱਟ ਦਿੱਤਾ ਸੀ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਹੋਰ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

Three Linked to Mule Account Gang Involved in Routing Fraud Funds to Chinese Citizens Held

Three Linked to Mule Account Gang Involved in Routing Fraud Funds to Chinese Citizens Held…