ਬ੍ਰਹਮਾਕੁਮਾਰੀਜ਼ ਮੁਹਾਲੀ ਵਿਖੇ ਜਗਦੰਬਾ ਸਰਸਵਤੀ ਯਾਦਗਾਰੀ ਦਿਵਸ ਮਨਾਇਆ

310 ਉੱਘੀਆਂ ਸ਼ਖ਼ਸੀਅਤਾਂ ਨੇ ਜਗਦੰਬਾ ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 24 ਜੂਨ:
ਬ੍ਰਹਮਾਕੁਮਾਰੀਜ ਦੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਅੱਜ ਇੱਥੇ ਸੁੱਖ-ਸ਼ਾਂਤੀ ਭਵਨ, ਫੇਜ਼-7 ਵਿਖੇ ਸੰਸਥਾ ਦੀ ਪਹਿਲੀ ਪ੍ਰਸ਼ਾਸਕੀ ਮੁਖੀ ਪਰਮ ਆਦਰਨੀਯ, ਪਰਮਪੂਜਨੀਯ ਹੰਸਵਾਹਿਨੀ ਦੇਵੀ ਜਗਦੰਬਾ ਸਰਸਵਤੀ ਜੀ ਦਾ 60ਵਾਂ ਯਾਦਗਾਰੀ ਦਿਵਸ ਬਹੁਤ ਸ਼ਰਧਾ, ਪ੍ਰੇਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੋਹਾਲੀ ਸਮੇਤ ਆਸ੍ਹਪਾਸ ਦੇ ਕਈ ਸ਼ਹਿਰਾਂ ਅਤੇ ਕਸਬਿਆਂ ’ਚੋਂ ਪਹੁੰਚੇ 310 ਤੋਂ ਵੱਧ ਸ਼ਰਧਾਲੂਆਂ ਅਤੇ ਉ੍ਵਘੀਆਂ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਵਿੱਚ ਵਿਸ਼ਾਲ ਚੌਹਾਨ ਆਈ.ਐਫ.ਐਸ. ਵਣ ਪਾਲ ਪੰਜਾਬ, ਉੱਤਮ ਕੁਮਾਰ (ਜਨਰਲ ਮੈਨੇਜਰ) ਵੇਰਕਾ ਮਿਲਕ ਪਲਾਂਟ, ਵਿਪਨ ਅਗਰਵਾਲ (ਮੁੱਖ ਪ੍ਰਬੰਧਕ) ਸਟੇਟ ਬੈਂਕ ਆਫ਼ ਇੰਡੀਆ, ਰਾਕੇਸ਼ ਗੋਇਲ (ਨਿਰਦੇਸ਼ਕ) ਸ਼ਿਆਮ ਪੈਟ੍ਰੋ ਇੰਨਫ਼ਰਾਸਟ੍ਰਕਚਰ ਲਿਮਿਟਡ ਆਦਿ ਕਈ ਪ੍ਰਮੁੱਖ ਵਿਅਕਤੀ ਸ਼ਾਮਲ ਹੋਏ।
ਇਸ ਮੌਕੇ ਇੱਕ ਜਨਤਕ ਸਮਾਗਮ ਵੀ ਹੋਇਆ ਜਿਸ ਵਿੱਚ ਬ੍ਰਹਮਾਕੁਮਾਰੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਅਤੇ ਸੰਚਾਲਕਾ ਬ੍ਰਹਮਾਕੁਮਾਰੀ ਡਾ. ਰਮਾ ਨੇ ਮਾਤੇਸ਼ਵਰੀ ਜਗਦੰਬਾ ਦੇ ਜੀਵਨ ਸਬੰਧੀ ਕਈ ਘਟਨਾਵਾਂ, ਉਪਦੇਸ਼ਾਂ ਅਤੇ ਪ੍ਰੇਰਣਾਵਾਂ ਦਾ ਵਿਸਥਾਰ ਨਾਲ ਜਿਕਰ ਕੀਤਾ ਅਤੇ ਆਪਣੀ ਸ਼ਰਧਾਂਜਲੀ ਭੇਟ ਕੀਤੀ.
ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਜਗਦੰਬਾ ਮਾਂ ਨੂੰ ਤਿਆਗ, ਤਪੱਸਿਆ ਅਤੇ ਸੇਵਾ ਦੀ ਤ੍ਰਿਮੂਰਤੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਮਨੁੱਖਤਾ ਦੇ ਕਲਿਆਣ ਲਈ ਆਪਣਾ ਜੀਵਨ ਸਮਰਪਿਤ ਕਰਕੇ ਇੱਕ ਅਦੁੱਤੀ ਉਦਾਹਰਨ ਪੇਸ਼ ਕੀਤੀ ਕਿ ਇੱਕ ਨਾਰੀ ਕਿਵੇਂ ਆਪਣੇ ਨਿੱਜੀ ਸੁਖਾਂ ਨੂੰ ਤਿਆਗ ਕੇ, ਮਨੁੱਖੀ ਗੁਣਾਂ ਦੇ ਵਿਕਾਸ ਵਿੱਚ ਉਚੇਚੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਠੱਗੀ੍ਹ ,ਫਰੇਬ, ਝੂਠ, ਕ੍ਰੋਧ, ਅਸ਼ਾਂਤੀ, ਦਰਗੁਣਾਂ, ਪਰਚਿੰਤਨ, ਨਸ਼ਿਆਂ ਅਤੇ ਤਣਾਅ ਤੋਂ ਮੁਕਤ ਹੋ ਜਾਂਦੇ ਸਨ ਅਤੇ ਵਿਸ਼ਵ ਕਲਿਆਣ ਲਈ ਸਹਿਯੋਗੀ ਬਣ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮਾਂ ਸਰਸਵਤੀ ਵਿੱਚ ਆਤਮਿਕ ਸ਼ਕਤੀ, ਯੋਗਬਲ, ਦਿਵਯਤਾ, ਪਵਿੱਤਰਤਾ ਅਤੇ ਅਧਿਆਤਮਿਕਤਾ ਦੀ ਚੁੰਬਕੀ ਤਾਕਤ ਸੀ ਜੋ ਲੋਕਾਂ ਨੂੰ ਵਿਕਾਰਾਂ ਅਤੇ ਵਿਕਰਮਾਂ ਦੀ ਤਪਸ਼ ਤੋਂ ਬਚਾ ਕੇ ਉਨ੍ਹਾਂ ਨੂੰ ਦੇਵਪਨ ਵੱਲ ਅੱਗੇ ਵਧਾਉਂਦੀ ਸੀ। ਇਸ ਲਈ ਆਓ ਅਸੀਂ ਜਗਦੰਬਾ ਮਾਂ ਦੇ ਜੀਵਨ ਤੋਂ ਸਿੱਖ ਲੈ ਕੇ ਵਿਸ਼ਵ ਵਿੱਚ ਸ਼ਾਂਤੀ, ਏਕਤਾ, ਪ੍ਰੇਮ, ਸਦਭਾਵਨਾ ਅਤੇ ਸ਼ੁਭ ਭਾਵਨਾਵਾਂ ਦੇ ਬੀਜ ਬੋਈਏ ਇਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।
ਬ੍ਰਹਮਾਕੁਮਾਰੀ ਡਾ. ਰਮਾ ਭੈਣ ਜੀ ਨੇ ਇਸ ਮੌਕੇ ਜਗਦੰਬਾ ਮਾਂ ਦੀ ਜੀਵਨੀ ਤੇ ਰੌਸ਼ਨੀ ਪਾਈ ਅਤੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਓਮ ਰਾਧੇ ਨਾਂ ਦੀ ਉਹ ਅਸਾਧਾਰਣ ਕੰਨਿਆ 1919 ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਨਮੀ ਸੀ। ਉਨ੍ਹਾਂ ਨੇ ਕੇਵਲ 17 ਸਾਲ ਦੀ ਉਮਰ ਵਿੱਚ ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਾ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਬੁਰਾਈਆਂ, ਕਮਜ਼ੋਰੀਆਂ ਅਤੇ ਵਿਕਾਰਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਉਹ ਕਠਿਨ ਹਾਲਾਤਾਂ ਵਿੱਚ ਵੀ ਸਦਾ ਨਿਸ਼ਚਿੰਤ, ਨਿਡਰ ਅਤੇ ਨਿਮਰਚਿੱਤ ਰਹੀ। ਮਾਤੇਸ਼ਵਰੀ ਜੀ ਨੇ ਕਦੇ ਵੀ ਕਿਸੇ ਦੀ ਬੁਰਾਈ ਆਪਣੇ ਮਨ ਵਿੱਚ ਨਹੀਂ ਰੱਖੀ।
ਉਨ੍ਹਾਂ ਨੇ ‘ਲਾਅ’ ਅਤੇ ‘ਲਵ’ ਦਾ ਸਦਾ ਸੰਤੁਲਨ ਬਣਾਈ ਰਖਿਆ ਅਤੇ ਮਨੁੱਖਤਾ ਲਈ ਚਾਨਣਮੁਨਿਆਰਾ ਬਣ ਗਈ। ਉਨ੍ਹਾਂ ਨੇ 24 ਜੂਨ 1965 ਨੂੰ ਕੇਵਲ 45 ਸਾਲ ਦੀ ਉਮਰ ਵਿੱਚ ਆਪਣੀ ਸਰੀਰਕ ਦੇਹ ਤਿਆਗ ਦਿੱਤੀ ਅਤੇ ਸੁਕਸ਼ਮ ਰੂਪ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਲੀਨ ਹੋ ਗਈ। ਉਨ੍ਹਾਂ ਸਦਾ ਸਿਖਿਆ ਦਿੱਤੀ ਕਿ ਸਾਹਾਂ ਦਾ ਭਰੋਸਾ ਨਹੀਂ, ਇਸ ਲਈ ਇਨ੍ਹਾਂ ਨੂੰ ਸਫਲ ਬਣਾਓ, ਹਰ ਪਲ ਨੂੰ ਆਖਰੀ ਪਲ ਸਮਝੋ, ਕਦੇ ਵੀ ਭੁੱਲ ਨੂੰ ਨਾ ਦੁਹਰਾਓ, ਬੀਤੀ ਨੂੰ ਬੀਤੀ ਕਰਕੇ ਪਰਮਾਤਮਾ ਦੀ ਯਾਦ ਰਾਹੀਂ ਪਾਪਾਂ ਨੂੰ ਖਤਮ ਕਰੋ ਅਤੇ ਆਪਣੇ ਸੰਸਕਾਰਾਂ ਨੂੰ ਦਿਵਿਆ, ਪਵਿੱਤਰ ਅਤੇ ਸ਼੍ਰੇਸ਼ਠ ਬਣਾ ਲਵੋ।

Load More Related Articles
Load More By Nabaz-e-Punjab
Load More In Relegious

Check Also

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਮੁਕੰਮਲ

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਮੁਕੰਮਲ ਨਬਜ਼-ਏ-ਪੰਜਾਬ, ਮੁਹਾਲੀ, …