ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁਸਲਿਮ ਭਾਈਚਾਰੇ ਨਾਲ ਮਨਾਈ ਈਦ
ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਨੰਡਿਆਲੀ ਅਤੇ ਮਟੌਰ ਸਮੇਤ ਕਈ ਥਾਵਾਂ ’ਤੇ ਪਹੁੰਚ ਕੇ ਮੁਸਲਿਮ ਭਾਈਚਾਰੇ ਨਾਲ ਈਦ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਸਭ ਨੂੰ ਦਿਲੋਂ ਈਦ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਭਾਈਚਾਰਕ ਏਕਤਾ ਅਤੇ ਪਿਆਰ ਦਾ ਸੰਦੇਸ਼ ਵੀ ਦਿੱਤਾ। ਨੰਡਿਆਲੀ ਪਿੰਡ ਵਿੱਚ ਉਸ ਮੁਸਲਿਮ ਨੌਜਵਾਨ ਦਾ ਸਨਮਾਨ ਵੀ ਕੀਤਾ ਗਿਆ ਜੋ ਹੱਜ ਕਰਕੇ ਵਾਪਸ ਆਪਣੇ ਪਿੰਡ ਪਹੁੰਚਿਆ। ਪਿੰਡ ਦੇ ਸਰਪੰਚ, ਪੰਚਾਇਤ ਮੈਂਬਰਾਂ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਪਿੰਡ ਦੀਆਂ ਅੌਰਤਾਂ ਨੇ ਵੀ ਡਿਪਟੀ ਮੇਅਰ ਅਤੇ ਮੁਸਲਿਮ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ। ਚਾਹ-ਪਕੌੜਿਆਂ ਦਾ ਲੰਗਰ ਲਗਾ ਕੇ ਸਾਰਿਆਂ ਨੇ ਈਦ ਦੀ ਖੁਸ਼ੀ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਈਦ ਸਿਰਫ ਇੱਕ ਤਿਉਹਾਰ ਨਹੀਂ, ਸਗੋਂ ਪਿਆਰ, ਮਾਫ਼ੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਮੌਕਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਖੂਬਸੂਰਤੀ ਹੀ ਇਹ ਹੈ ਕਿ ਇੱਥੇ ਹਰ ਧਰਮ ਦੇ ਲੋਕ ਮਿਲਜੁਲ ਕੇ ਤਿਉਹਾਰ ਮਨਾਉਂਦੇ ਹਨ ਅਤੇ ਇਹੀ ਸਾਂਝ ਸਾਡੇ ਸਮਾਜ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਲੋਕਾਂ ਵਿੱਚ ਇਕਤਾ ਅਤੇ ਆਪਸੀ ਭਰੋਸਾ ਹੋਰ ਵਧਾਉਂਦੇ ਹਨ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਡਿਪਟੀ ਮੇਅਰ ਨੂੰ ਸਨਮਾਨਿਤ ਵੀ ਕੀਤਾ ਗਿਆ। ਈਦ ਦੇ ਮੌਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਭਾਈਚਾਰਕ ਸਾਂਝ ਅਤੇ ਇਕਤਾ ਦਾ ਸੰਦੇਸ਼ ਦਿੱਤਾ, ਜਿਸ ਨਾਲ ਸਮਾਗਮ ਦਾ ਮਾਹੌਲ ਹੋਰ ਵੀ ਖੁਸ਼ਗਵਾਰ ਬਣ ਗਿਆ।
ਇਸ ਮੌਕੇ ਸਰਵਰ ਮੁਸਲਿਮ ਵੈਲਫੇਅਰ ਕਮੇਟੀ (ਰਜਿ.) ਮਟੌਰ ਸੈਕਟਰ-70 ਦੇ ਪ੍ਰਧਾਨ ਤਰਸੇਮ ਖਾਨ, ਜਰਨਲ ਸਕੱਤਰ ਚਰਨਜੀਤ ਖਾਨ ਕਾਲਾ, ਚੇਅਰਮੈਨ ਗੁਰਜੀਤ ਖਾਨ ਮਟੌਰ, ਵਾਈਸ ਚੇਅਰਮੈਨ ਦਿਲਬਰ ਖਾਨ, ਕੈਸ਼ੀਅਰ ਸਿਕੰਦਰ ਖਾਨ ਅਤੇ ਵਾਈਸ ਪ੍ਰਧਾਨ ਦਿਲਸ਼ਾਦ ਜਰਮਨ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਹੈਪੀ ਮਟੌਰ, ਸਾਹਿਲ, ਅਜ਼ਰੂਦੀਨ ਖਾਨ, ਸਲੀਮ ਖਾਨ, ਯਮੀਨ ਖਾਨ, ਇਕਬਾਲ ਖਾਨ, ਸੁਰੇਸ਼ ਖਾਨ, ਸੋਨੂੰ ਖਾਨ, ਚੰਨੀ ਮਟੌਰ, ਧਰਮਿੰਦਰ ਖਾਨ, ਜਸਪਾਲ ਖਾਨ, ਰਵੀ ਖਾਨ ਅਤੇ ਰਾਹੁਲ ਖਾਨ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।