ਜਮਹੂਰੀ ਅਧਿਕਾਰ ਸਭਾ ਵੱਲੋਂ ਤਰੰਜੀਖੇੜਾ ਵਿੱਚ ਮਿਲਾਵਟੀ ਦੁੱਧ ਬਾਰੇ ਤੱਥ ਖੋਜ ਰਿਪੋਰਟ ਜਾਰੀ

ਨਬਜ਼-ਏ-ਪੰਜਾਬ, ਸੰਗਰੂਰ, 31 ਜੁਲਾਈ:
ਬੀਤੀ 28 ਜੂਨ 2025 ਨੂੰ ਸੂਲਰ ਘਰਾਟ (ਸੰਗਰੂਰ) ਨੇੜਲੇ ਪਿੰਡ ਤਰੰਜੀਖੇੜਾ (ਖਡਿਆਲੀ) ਵਿਖੇ 3000 ਲਿਟਰ ਨਕਲੀ ਦੁੱਧ ਫੜੇ ਜਾਣ ਦੀ ਖਬਰ ਮੀਡੀਆ ਵਿੱਚ ਆਉਣ ਤੋਂ ਉਪਰੰਤ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਡੂੰਘਾਈ ਨਾਲ ਕੀਤੀ ਜਾਂਚ ਕੀਤੀ ਗਈ। ਸਭਾ ਦੇ ਪ੍ਰਧਾਨ ਜਗਜੀਤ ਭੁਟਾਲ ਦੀ ਅਗਵਾਈ ਵਿੱਚ ਉਸ ਤੋਂ ਬਿਨਾਂ ਬਸ਼ੇਸ਼ਰ ਰਾਮ, ਮਨਧੀਰ ਸਿੰਘ ਰਾਜੋਮਾਜਰਾ, ਡਾ. ਕਿਰਨਪਾਲ ਕੌਰ, ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ਅਧਾਰਤ ਬਣਾਈ ਕਮੇਟੀ ਨੇ ਜਾਂਚ ਰਿਪੋਰਟ ਜਾਰੀ ਕੀਤੀ। ਜਿਸ ਵਿਚ ਪਾਇਆ ਗਿਆ ਕਿ ਇੱਕ ਵਿਅਕਤੀ ਨਕਲੀ ਦੁੱਧ ਬਣਾ ਕੇ ਮਿਕਸ ਕਰਕੇ ਮਿਲਕ ਪਲਾਂਟ ਵਿੱਚ ਪਾਉਣ ਦਾ ਧੰਦਾ ਲੰਮੇ ਸਮੇਂ ਤੋਂ ਕਰ ਰਿਹਾ ਸੀ ਜਿਸ ਵਿੱਚ ਪਲਾਂਟ ਦੇ ਸਿਆਸੀ ਵਿੰਗ, ਉਚ ਅਧਿਕਾਰੀਆਂ ਦੀ ਮਿਲੀਭੁਗਤ ਸੀ।
ਜਾਂਚ ਰਿਪੋਰਟ ਜਾਰੀ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਅਤੇ ਜਰਨਲ ਸੱਕਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਾਂਚ ਟੀਮ ਨੇ ਪਿੰਡ, ਪੁਲੀਸ ਚੌਂਕੀ, ਮਿਲਕ ਪਲਾਂਟ ਅਤੇ ਸਿਹਤ ਵਿਭਾਗ ਦੇ ਜਿਲ੍ਹਾ ਦਫਤਰ ਜਾਣਕਾਰੀ ਪ੍ਰਾਪਤ ਕਰਨ ਅਤੇ ਫੋਨ ਰਾਂਹੀ ਕਈ ਆਗੂਆਂ, ਪਲਾਂਟ ਦੇ ਸਾਬਕਾ ਸਿਆਸੀ ਆਗੂਆਂ, ਸੇਵਾਮੁਕਤ ਕਰਮਚਾਰੀਆਂ ਤੇ ਅਧਿਕਾਰੀਆਂ ਗੱਲਬਾਤ ਕਰਕੇ ਤੱਥਾਂ ਤੇ ਸੂਚਨਾਵਾਂ ਦੀ ਸਰਬਪੱਖੀ ਜਾਣਕਾਰੀ ਹਾਸਲ ਕੀਤੀ।
ਇਕੱਤਰ ਜਾਣਕਾਰੀ ਦੀ ਛਾਣਬੀਣ ਕਰਦਿਆਂ ਕਮੇਟੀ ਨੇ ਸਿੱਟਾ ਕੱਢਿਆ ਕਿ ਉਕਤ ਵਿਅਕਤੀ ਰੋਜ਼ਾਨਾ ਮਿਲਾਵਟੀ ਦੁੱਧ ਤਕਰੀਬਨ 150/200 ਲੀਟਰ ਨਕਲੀ ਦੁੱਧ ਬਣਾ ਕੇ ਇਕੱਠੇ ਹੋਏ ਦੁੱਧ ਵਿੱਚ ਮਿਕਸਿੰਗ ਕਰਕੇ ਵੇਚਦਾ ਸੀ। ਮਿਲਕ ਪਲਾਂਟ ਦੇ ਪ੍ਰਬੰਧਕੀ ਸਿਸਟਮ ਨਾਲ ਮਿਲੀਭੁਗਤ ਹੋਣ ਕਾਰਨ ਇਹ ਮਿਲਾਵਟੀ ਦੁੱਧ ਪਿੰਡ ਦੀ ਸੁਸਾਇਟੀ ਰਾਹੀਂ ਮਿਲਕ ਪਲਾਂਟ ਵਿਚ ਵੀ ਖਪਦਾ ਰਿਹਾ ਹੈ। ਲੋਕਾਂ ਨੂੰ ਇਸ ਧੰਦੇ ਵਾਰੇ ਪਤਾ ਹੋਣ ਦੇ ਬਾਵਜੂਦ ਇਸ ਬਾਰੇ ਨਾ ਬੋਲਣ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਹਿੰਦਿਆਂ ਕਮੇਟੀ ਨੇ ਮਿਲਾਵਟੀ ਦੁੱਧ ਦੀ ਵੇਚ ਵੱਟ ਅਤੇ ਇਸ ਉਪਰ ਤੋਂ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਦੀ ਬੁਰਾਈ ਖ਼ਿਲਾਫ਼ ਪ੍ਰਸ਼ਾਸ਼ਕੀ ਕਦਮਾਂ ਦੇ ਨਾਲ ਨਾਲ ਸਮਾਜਿਕ ਦਖ਼ਲ ਤੇ ਨਿਗਰਾਨੀ ਲਈ ਸ਼ਕਤੀਸ਼ਾਲੀ ਜਨਤਕ ਲਹਿਰ ਦੀ ਲੋੜ ਨੂੰ ਜਰੂਰੀ ਦੱਸਿਆ ਹੈ।
ਜਾਂਚ ਕਮੇਟੀ ਨੇ ਮੰਗ ਕੀਤੀ ਹੈ ਕਿ ਉਕਤ ਮਾਮਲੇ ਦੀ ਵਿਭਾਗੀ ਜਾਂਚ ਦੀ ਥਾਂ ਇਸ ਪੂਰੇ ਵਰਤਾਰੇ ਦੀ ਜਾਂਚ ਸਰਕਾਰ ਵੱਲੋਂ ਉਚ ਪੱਧਰੀ ਜਾਂਚ ਕਮੇਟੀ ਕਾਇਮ ਕਰਕੇ ਕਰਵਾਈ ਜਾਵੇ ਅਤੇ ਜਾਂਚ ਵਿੱਚ ਮਿਲਾਵਟੀ ਦੁੱਧ ਦੇ ਚਲ ਰਹੇ ਧੰਦੇ ਨਾਲ ਮਿਲਕ ਪਲਾਂਟ ਵਿਚ ਚਲ ਰਹੇ ਭਰਿਸ਼ਟਾਚਾਰ ਨੂੰ ਵੀ ਸ਼ਾਮਲ ਕੀਤਾ ਜਾਵੇ। ਮਿਲਕ ਪਲਾਂਟ ਦੇ ਜਰਨਲ ਮੈਨੇਜਰ ਦੀ ਬਦਲੀ ਨੂੰ ਕੋਈ ਸਜਾ ਨਾ ਮੰਨਦਿਆਂ ਸਿਆਸੀ, ਮੁੱਖ ਅਹੁਦੇਦਾਰਾਂ, ਪਲਾਂਟ ਦੇ ਅਧਿਕਾਰੀਆਂ, ਜੀ ਐਮ, ਮੈਨੇਜਰ ਪ੍ਰਕਿਉਰਮੈਂਟ, ਲੈਬਾਰਟਰੀ ਇੰਚਾਰਜ ਅਤੇ ਸੱਕਤਰ ਨੂੰ ਇਸ ਜਾਂਚ ਦੇ ਘੇਰੇ ਵਿੱਚ ਲਿਆ ਕੇ ਜ਼ਿੰਮੇਵਾਰੀ ਤਹਿ ਕੀਤੀ ਜਾਵੇ ਅਤੇ ਸਬੰਧਤ ਵਿਅਕਤੀਆਂ, ਅਧਿਕਾਰੀਆਂ, ਕਰਮਚਾਰੀਆਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਣ।
ਕਮੇਟੀ ਨੇ ਆਊਟ ਸੋਰਸਿੰਗ ਅਤੇ ਠੇਕਾ ਪ੍ਰਣਾਲੀ ਬੰਦ ਕਰਕੇ ਕਰਮਚਾਰੀਆਂ ਦੀ ਨਿਯਮਤ ਪੱਕੀ ਭਰਤੀ ਕਰਨ ਅਤੇ ਆਰਜੀ ਅਮਲੇ ਫੈਲੇ ਦੀਆਂ ਨਿਗੂਣੀਆਂ ਤਨਖ਼ਾਹਾਂ ਵਿਚ ਤੁਰੰਤ ਵਾਧਾ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਅਸਲੀ ਪਸ਼ੂ ਪਾਲਕਾਂ ਨੂੰ ਸੁਸਾਇਟੀ ਦੇ ਮੈਂਬਰ ਬਣਾਏ ਜਾਣ ਤੇ ਬਕਾਇਦਾ ਅਸਲੀ ਚੋਣ ਕਰਾਏ ਜਾਣ ਦੇ ਨਾਲ ਨਾਲ ਪਿੰਡ ਦੀ ਕਮੇਟੀ/ਸੁਸਾਇਟੀ ਨੂੰ ਪ੍ਰਸ਼ਾਸਕੀ ਸ਼ਕਤੀਆਂ ਵੀ ਦਿੱਤੀਆਂ ਜਾਣ।
ਜਾਂਚ ਕਮੇਟੀ ਨੇ ਸਮਾਜ ਦੇ ਚੇਤੰਨ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਮਿਲਾਵਟ ਤੇ ਭ੍ਰਿਸ਼ਟਾਚਾਰ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਇੱਕ ਸਮਾਜਿਕ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ। ਪ੍ਰਿੰਸੀਪਲ ਰਘਬੀਰ ਭੁਟਾਲ ਅਤੇ ਲਛਮਣ ਅਲੀਸ਼ੇਰ ਨੇ ਜਾਚ ਕਮੇਟੀ ਨੂੰ ਰਿਪੋਰਟ ਤਿਆਰ ਕਰਨ ਪੂਰਨ ਸਹਿਯੋਗ ਦਿੱਤਾ।

Load More Related Articles
Load More By Nabaz-e-Punjab
Load More In Social

Check Also

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਨਬਜ਼-ਏ-ਪੰਜਾਬ, ਮੁਹਾਲੀ, 27 …