ਮਹਿਲਾ ਦਿਵਸ ’ਤੇ ਸ਼੍ਰੋਮਣੀ ਅਕਾਲੀ ਦਲ ਨੇ 100 ਅੌਰਤਾਂ ਨੂੰ ਅਹਿਮ ਅਹੁਦੇ ਦੇ ਕੇ ਨਿਵਾਜਿਆ
ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਅੱਜ ਸ਼੍ਰੋਮਣੀ ਅਕਾਲੀ ਦਲ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਮੁਹਾਲੀ ਜ਼ਿਲ੍ਹੇ ਦੀਆਂ ਮਹਿਲਾ ਅਕਾਲੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਲਗਪਗ ਕਰੀਬ 100 ਮਹਿਲਾ ਆਗੂਆਂ ਨੂੰ ਪਾਰਟੀ ਵਿੱਚ ਵੱਖ-ਵੱਖ ਅਹੁਦੇ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਮਜ਼ਬੂਤੀ ਲਈ ਪ੍ਰੇਰਿਆ।
ਪਰਵਿੰਦਰ ਸਿੰਘ ਸੋਹਾਣਾ ਨੇ ਸਭ ਤੋਂ ਪਹਿਲਾਂ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਅੱਜ ਪਾਰਟੀ ਵੱਲੋਂ ਮਹਿਲਾਵਾਂ ਨੂੰ ਸੰਗਠਨ ਵਿੱਚ ਅਹਿਮ ਜਿੰਮੇਵਾਰੀਆਂ ਦੇ ਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਹਲਕੇ ਵਿੱਚ ਇੱਕ ਪਰਿਵਾਰ ਵਾਂਗ ਕੰਮ ਕਰ ਰਿਹਾ ਹੈ ਅਤੇ ਮਹਿਲਾ ਵਰਕਰ ਇਸ ਪਰਿਵਾਰ ਦੀ ਮਜ਼ਬੂਤ ਕੜੀ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਆਗੂਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਅਤੇ ਹਰ ਬੂਥ ’ਤੇ ਪੰਜ ਤੋਂ ਦਸ ਮੈਂਬਰੀ ਮਹਿਲਾ ਟੀਮਾਂ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਯੂਥ ਅਕਾਲੀ ਦਲ ਅਤੇ ਹੋਰ ਵਿੰਗਾਂ ਨਾਲ ਮਿਲ ਕੇ ਮਹਿਲਾ ਵਰਕਰ ਚੋਣਾਂ ਦੀ ਤਿਆਰੀ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਉਨ੍ਹਾਂ ਨੇ ਸ਼ਹਿਰ ਦੇ ਮੌਜੂਦਾ ਹਾਲਾਤਾਂ ‘ਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਨਿਗਮ ਵਿੱਚ ਕਾਂਗਰਸ ਅਤੇ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਤਾਲਮੇਲ ਦੀ ਕਮੀ ਦਿਖਾਈ ਦੇ ਰਹੀ ਹੈ, ਜਿਸ ਦਾ ਨੁਕਸਾਨ ਸ਼ਹਿਰ ਦੇ ਵਿਕਾਸ ਨੂੰ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਅਤੇ ਗਮਾਡਾ ਵਿੱਚ ਭ੍ਰਿਸ਼ਟਾਚਾਰ ਵਧ ਰਿਹਾ ਹੈ ਅਤੇ ਆਮ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਮੋਹਾਲੀ ਵਿੱਚ ਇੰਟਰਨੈਸ਼ਨਲ ਏਅਰਪੋਰਟ, ਮਾਈ ਭਾਗੋ ਇੰਸਟੀਚਿਊਟ, ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਏਸੀ ਬੱਸ ਸਟੈਂਡ ਅਤੇ ਕਈ ਹੋਰ ਵਿਕਾਸੀ ਪ੍ਰੋਜੈਕਟ ਲਿਆਂਦੇ ਗਏ ਸਨ। ਪਰ ਅੱਜ ਸ਼ਹਿਰ ਦੀ ਸਫਾਈ ਅਤੇ ਬੁਨਿਆਦੀ ਸੁਵਿਧਾਵਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਅਪ੍ਰੈਲ ਮਹੀਨੇ ਵਿੱਚ ਨਗਰ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ’ਤੇ ਚੋਣ ਮੈਦਾਨ ਵਿੱਚ ਉਤਰੇਗਾ ਅਤੇ ਮੋਹਾਲੀ ਦੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਬੀਬੀ ਸਤਵੰਤ ਕੌਰ ਜੌਹਲ, ਬੀਬੀ ਜਤਿੰਦਰ ਕੌਰ ਲੰਬਿਆਂ, ਅਕਾਲੀ ਕੌਂਸਲਰ ਹਰਜਿੰਦਰ ਕੌਰ ਬੈਦਵਾਨ ਤੇ ਨਿਰਮਲ ਕੌਰ ਢਿੱਲੋਂ, ਸਤਵਿੰਦਰ ਕੌਰ ਧੜਾਕ ਕੋਮਲ ਸ਼ਰਮਾ ਸੰਭਾਲਕੀ, ਲਾਲਜੀਤ ਕੌਰ, ਕੁਲਵਿੰਦਰ ਕੌਰ ਤੰਗੋਰੀ, ਸੁਸ਼ਮਾ ਚੌਧਰੀ, ਪ੍ਰੀਤ ਕੌਰ, ਮੋਨਾ ਸਿੰਘ, ਵਰਿੰਦਰ ਕੌਰ, ਕੁਲਵਿੰਦਰ ਕੌਰ, ਜਸਬੀਰ ਕੌਰ, ਭੁਪਿੰਦਰ ਕੌਰ, ਅੰਜੂ ਤੜੋਲੀ, ਵਿਸ਼ਾਲੀ ਅਤੇ ਕਵਿਤਾ ਸਮੇਤ ਵੱਡੀ ਗਿਣਤੀ ’ਚ ਬੀਬੀਆਂ ਹਾਜ਼ਰ ਸਨ।