ਮੁੱਖ ਮੰਤਰੀ ਤੀਰਥ ਯਾਤਰਾ: ਵਿਧਾਇਕ ਕੁਲਵੰਤ ਸਿੰਘ ਨੇ 12ਵੀਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਨਬਜ਼-ਏ-ਪੰਜਾਬ, ਮੁਹਾਲੀ, 16 ਮਾਰਚ:
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਤੀਰਥ ਬਸ ਯਾਤਰਾ ਯੋਜਨਾ ਦੇ ਤਹਿਤ ਸੋਹਾਣਾ (ਵਾਰਡ ਨੰਬਰ-40) ਤੋਂ ਵਿਧਾਨ ਸਭਾ ਹਲਕਾ ਮੁਹਾਲੀ ਦੇ ਸ਼ਰਧਾਲੂਆਂ ਦੀ 12ਵੀਂ ਬੱਸ ਨੂੰ ਝੰਡੀ ਵਿਖਾ ਕੇ ਤੀਰਥ ਯਾਤਰਾ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆਂ ਨਾਲ ਭਰੀ ਇਹ ਬੱਸ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਮੰਦਰ, ਜਲ੍ਹਿਆਂਵਾਲਾ ਬਾਗ ਅਤੇ ਬਾਘਾ ਬਾਰਡਰ ਦੋ ਰਾਤਾਂ ਅਤੇ ਤਿੰਨਾਂ ਵਿੱਚ ਯਾਤਰਾ ਪੂਰੀ ਕਰਕੇ ਵਾਪਸ ਆਵੇਗੀ। ਇਸ ਯਾਤਰਾ ਦੌਰਾਨ ਜਿੱਥੇ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣਗੇ। ਉੱਥੇ ਇਕੱਠਿਆਂ ਸਮਾਂ ਬਤੀਤ ਕਰਨ ਉਪਰੰਤ ਉਨ੍ਹਾਂ ਵਿੱਚ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤੀਰਥ ਬੱਸ ਯਾਤਰਾ ਯੋਜਨਾ ਦੇ ਤਹਿਤ ਪੰਜਾਬ ਭਰ ’ਚੋਂ ਸ਼ਰਧਾਲੂਆਂ ਦੀਆਂ ਕਰੀਬ 60 ਬੱਸਾਂ ਰੋਜ਼ਾਨਾ ਤੀਰਥ ਯਾਤਰਾ ’ਤੇ ਜਾ ਰਹੀਆਂ ਹਨ ਅਤੇ ਲੋਕਾ ਦੀ ਮੰਗ ਤੇ ਇਸ ਯਾਤਰਾ ਯੋਜਨਾ ਨੂੰ ਅੱਗੇ ਵਧਾਇਆ ਜਾਵੇਗਾ ਤਾਂ ਜੋ ਕੋਈ ਵੀ ਸ਼ਰਧਾਲੂ ਤੀਰਥ ਯਾਤਰਾ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਅਤੇ ਗਰੰਟੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਪੂਰਾ ਕਰ ਲਿਆ ਗਿਆ ਹੈ। ਹਾਲ ਵਿੱਚ ਹੀ ਜਾਰੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟਰੇਸ਼ਨ ਕੇਂਦਰਾਂ ’ਤੇ ਸਿਹਤ ਕਾਰਡ ਬਣਾਏ ਜਾ ਰਹੇ ਹਨ, ਤਾਂ ਜੋ ਸੂਬੇ ਦੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਮੁਹਾਲੀ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਟਰੈਫ਼ਿਕ ਵਿਵਸਥਾ ਵਿੱਚ ਸੁਧਾਰ ਲਈ ਸ਼ਹਿਰ ਵਿੱਚ ਨਵੇਂ ਚੌਂਕ ਬਣ ਰਹੇ ਹਨ।
ਇਸ ਮੌਕੇ ਸਟੇਟ ਐਵਾਰਡੀ ਫੂਲਰਾਜ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਗੋਬਿੰਦਰ ਮਿੱਤਲ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਤੇ ਬੀਬੀ ਕਮਲਜੀਤ ਕੌਰ ਸੋਹਾਣਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਬਿੱਲਾ ਮਟੌਰ, ਬਲਵਿੰਦਰ ਸਿੰਘ ਮੌਲੀ, ਗੁਰਦੀਪ ਸਿੰਘ, ਨਿਰਮਲ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।