ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

170ਵੀ ਵਾਰ ਖ਼ੂਨਦਾਨ ਕਰਨ ਵਾਲੇ ਰਣਦੀਪ ਬੱਤਾ ਦਾ ਕੀਤਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ, ਮੁਹਾਲੀ, 28 ਅਕਤੂਬਰ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਦੇ ਐਨ.ਐੱਸ.ਐੱਸ ਵਿੰਗ, ਐਨਸੀਸੀ, ਰੋਟਰੈਕਟ ਕਲੱਬ ਯੂਨਿਟ, ਰੈੱਡ ਰਿਬਨ ਕਲੱਬ, ਸਟਾਫ਼ ਅਤੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਮਿਲ ਕੇ ਖ਼ੂਨਦਾਨ ਕੈਂਪ ਲਾਇਆ। ਇਸ ਕੈਂਪ ਵਿੱਚ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਕੀਤਾ ਅਤੇ ਕੈਪਟਨ ਮਨਤੇਜ ਚੀਮਾ, ਡਿਪਟੀ ਡਾਇਰੈਕਟਰ, ਯੁਵਕ ਸੇਵਾਵਾਂ, ਮੁਹਾਲੀ ਮੁੱਖ ਮਹਿਮਾਨ ਵਜੋਂ ਪਹੁੰਚੇ।
ਜ਼ਿਕਰਯੋਗ ਹੈ ਕਿ ਗਿਆਨ ਜਯੋਤੀ ਗਰੁੱਪ ਸਾਲ 2001 ਤੋਂ ਲਗਾਤਾਰ ਇਹ ਕੈਂਪ ਪੀ.ਜੀ.ਆਈ.ਐੱਮ.ਈ.ਆਰ ਚੰਡੀਗੜ੍ਹ ਨਾਲ ਮਿਲ ਕੇ ਖ਼ੂਨਦਾਨ ਕੈਂਪ ਲਗਾ ਰਿਹਾ ਹੈ, ਜਿਸ ਨਾਲ ਸੰਸਥਾ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਐਮਰਜੈਂਸੀ ਸਿਹਤ ਸੰਭਾਲ ਅਤੇ ਜੀਵਨ ਬਚਾਉਣ ਦੀਆਂ ਪਹਿਲਕਦਮੀਆਂ ਵਿੱਚ ਯੋਗਦਾਨ ਪਾਇਆ ਹੈ।
ਇਸ ਮੌਕੇ ਚੰਡੀਗੜ੍ਹ ਦੇ ਵਸਨੀਕ ਅਤੇ ਮਹਾਨ ਖ਼ੂਨਦਾਨੀ ਰਣਦੀਪ ਬੱਤਾ ਨੂੰ ਸਨਮਾਨਿਤ ਕੀਤਾ ਗਿਆ। ਸ੍ਰੀ ਬੱਤਾ ਨੇ 170 ਤੋਂ ਵੱਧ ਵਾਰ ਖ਼ੂਨਦਾਨ ਕੀਤਾ ਹੈ ਅਤੇ ਸਵੈ-ਇੱਛਤ ਖ਼ੂਨਦਾਨ ਬਾਰੇ ਜਾਗਰੂਕਤਾ ਵਧਾਉਣ ਲਈ ਆਪਣੀ ’’ਕਸ਼ਮੀਰ ਤੋਂ ਕੰਨਿਆ ਕੁਮਾਰੀ’’ ਮੁਹਿੰਮ ਤਹਿਤ ਕਈ ਭਾਰਤੀ ਰਾਜਾਂ ਦੀ ਯਾਤਰਾ ਕੀਤੀ ਹੈ। ਰਣਦੀਪ ਬੱਤਾ ਨੇ ਵੀ ਗਿਆਨ ਜਯੋਤੀ ਗਰੁੱਪ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਕੈਪਟਨ ਮਨਤੇਜ ਚੀਮਾ ਨੇ ਖ਼ੂਨਦਾਨ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ ਜੋ ਅਨਮੋਲ ਜ਼ਿੰਦਗੀ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖ਼ੂਨਦਾਨ ਤੋਂ ਵੱਡਾ ਹੋਰ ਕੋਈ ਪਵਿੱਤਰ ਕੰਮ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ।

ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਕਿਹਾ ਕਿ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਖ਼ੂਨਦਾਨ ਅਤੇ ਇਸ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣਾ ਵੀ ਹੈ ਤਾਂ ਜੋ ਉਹ ਭਵਿੱਖ ਵਿੱਚ ਵੀ ਖ਼ੂਨਦਾਨ ਕਰਨ ਅਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨ। ਗਿਆਨ ਜਯੋਤੀ ਇੰਸਟੀਚਿਊਟ ਦੀ ਡਾਇਰੈਕਟਰ ਡਾ. ਅਨੀਤ ਬੇਦੀ ਨੇ ਨੌਜਵਾਨਾਂ ਵੱਲੋਂ ਸਮਾਜ ਦੀ ਸੇਵਾ ਵਿੱਚ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਇੱਕ ਚੰਗੇ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਦੱਸਿਆ। ਅਖੀਰ ਵਿੱਚ ਸਾਰੇ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਮੁਆਫ਼ ਕਰੇ ਸਰਕਾਰ: ਤਰਕਸ਼ੀਲ ਸੁਸਾਇਟੀ

ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਮੁਆਫ਼ ਕਰੇ ਸਰਕਾਰ: ਤਰਕਸ਼ੀਲ ਸੁਸਾਇਟੀ ਤਰਕਸ਼ੀਲਾਂ…