Share on Facebook Share on Twitter Share on Google+ Share on Pinterest Share on Linkedin ਪਾਵਰਕੌਮ ਮੁਲਾਜ਼ਮ ਜਥੇਬੰਦੀਆਂ ਨੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਨਬਜ਼-ਏ-ਪੰਜਾਬ, ਮੁਹਾਲੀ, 24 ਸਤੰਬਰ: ਪੰਜਾਬ ਰਾਜ ਪਾਵਰਕੌਮ ਟੈਕਨੀਕਲ ਸਰਵਿਸ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ, ਸੀ.ਐਚ.ਬੀ. ਕਾਮੇ ਠੇਕਾ ਮੁਲਾਜ਼ਮ ਯੂਨੀਅਨ, ਸਰਕਲ ਮੁਹਾਲੀ ਵੱਲੋਂ ਸਾਂਝੀਆਂ ਰੈਲੀਆਂ ਕਰਕੇ ਹੁਸ਼ਿਆਰਪੁਰ ਕਤਲ ਕਾਂਡ ਦੇ ਮੁਲਜ਼ਮ ਨੂੰ ਸਖ਼ਤ ਸਜਾ ਦੇਣ ਦੀ ਮੰਗ ਕਰਨ ਅਤੇ ਸਮੂਹ ਕਿਰਤੀ ਲੋਕਾਂ ਦੇ ਏਕੇ ਨੂੰ ਬੁਲੰਦ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਮੁਲਾਜ਼ਮ ਆਗੂਆਂ ਨੇ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਬੱਚੇ ਨਾਲ ਕੀਤੀ ਦਰਿੰਦਗੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਪੀੜ੍ਹਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਬਿਨਾਂ ਸ਼ੱਕ ਮੁਲਜ਼ਮ ਵੱਲੋਂ ਕੀਤਾ ਗੁਨਾਹ ਬਖਸ਼ਣਯੋਗ ਨਹੀਂ ਹੈ ਪ੍ਰੰਤੂ ਇੱਕ ਵਿਅਕਤੀ ਦੇ ਕੀਤੇ ਅਜਿਹੇ ਗੁਨਾਹ ਨੂੰ ਉਸ ਦੇ ਸਮੁੱਚੇ ਭਾਈਚਾਰੇ ਨਾਲ ਜੋੜ ਕੇ ਲੋਕਾਂ ਦੀ ਨਫ਼ਰਤ ਦਾ ਨਿਸ਼ਾਨਾ ਬਣਾਉਣ ਵਾਲਾ ਭੜਕਾਊ ਪ੍ਰਚਾਰ ਚਲਾਉਣਾ ਵੀ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਸਮਾਜ ਵਿੱਚ ਹੀ ਅਜਿਹੇ ਗੁਨਾਹਾਂ ਨੂੰ ਅੰਜਾਮ ਦੇਣ ਵਾਲੇ ਲੋਕ ਮੌਜੂਦ ਹਨ ਅਤੇ ਅਜਿਹਾ ਭੜਕਾਊ ਪ੍ਰਚਾਰ ਚਲਾਉਣ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਦੇ ਮਨਸੂਬੇ ਪਛਾਣੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅੌਰਤਾਂ, ਲੜਕੀਆਂ ਅਤੇ ਬੱਚਿਆਂ ਨਾਲ ਵਾਪਰ ਰਹੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਬਹੁਤ ਹੀ ਚਿੰਤਾਜਨਕ ਹਨ ਪ੍ਰੰਤੂ ਲੋਕਾਂ ਦੀ ਸੁਰੱਖਿਆ ਕਰਨ ਦੇ ਹੋਕੇ ਮਾਰਨ ਵਾਲੀਆਂ ਸਮੇਂ ਦੀਆਂ ਸਰਕਾਰਾਂ ਅਤੇ ਪੁਲੀਸ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਵਿੱਚ ਨਾਕਾਮ ਰਹੀਆਂ ਹਨ। ਹੋਰ ਤਾਂ ਹੋਰ ਵੱਖ-ਵੱਖ ਸਮੇਂ ’ਤੇ ਵਾਪਰੀਆਂ ਅਜਿਹੀਆਂ ਰੂਹ ਕੰਬਾਊ ਘਟਨਾਵਾਂ ਕਰਨ ਵਾਲਿਆਂ ਨੂੰ ਜੇਲ੍ਹਾਂ ’ਚੋਂ ਬਾਹਰ ਆਉਣ ਸਮੇਂ ਸਿਆਸੀ ਪਾਰਟੀਆਂ ਵੱਲੋਂ ਹਾਰ ਪਾ ਕੇ ਸਵਾਗਤ ਕਰਨ ਅਤੇ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਵੱਧ ਰਹੀ ਬੇਰੁਜ਼ਗਾਰੀ, ਨਸ਼ਾ ਅਤੇ ਹੋਰ ਅਲਾਮਤਾਂ ਬਾਰੇ ਕੁਝ ਲੋਕ ਵਿਰੋਧੀ ਤਾਕਤਾਂ ਵੱਲੋਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਦੱਸ ਕੇ ਲੋਕਾਂ ਦਾ ਧਿਆਨ ਭਟਕਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਦੋਂਕਿ ਹਕੀਕਤ ਇਹ ਹੈ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਦੀ ਖੇਤੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਕਿੱਤਿਆਂ ਵਿੱਚ ਅਹਿਮ ਕਾਮਾ ਸ਼ਕਤੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਗਰੀਬੀ ਤੇ ਬੇਰੁਜ਼ਗਾਰੀ ਦੇ ਝੰਬੇ ਯੂਪੀ, ਬਿਹਾਰ ਅਤੇ ਹੋਰਨਾਂ ਸੂਬਿਆਂ ਦੇ ਕਿਰਤੀ ਲੋਕ ਆਪਣੇ ਪਰਿਵਾਰ ਨੂੰ ਪਾਲਣ ਲਈ ਹੀ ਪੰਜਾਬ ਵੱਲ ਉਸੇ ਤਰ੍ਹਾਂ ਵਹੀਰਾਂ ਘੱਤ ਕੇ ਆਉਂਦੇ ਹਨ ਜਿਵੇਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ੀ ਮੁਲਕਾਂ ਵਿੱਚ ਜਾਣ ਲਈ ਮਜਬੂਰ ਹੁੰਦੇ ਹਨ। ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਹੜ੍ਹਾਂ ਕਾਰਨ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਤੇ ਹੋਰਨਾਂ ਕਿਰਤੀ ਲੋਕਾਂ ਦੇ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਅਤੇ ਪਿੱਛੋਂ ਪੀੜਤਾਂ ਦੀ ਬਾਂਹ ਫੜਨ ਵਿੱਚ ਨਾਕਾਮ ਰਹਿਣ ਕਾਰਨ ਜਦੋੱ ਸਮੂਹ ਪੰਜਾਬੀਆਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਹ ਤਿੱਖਾ ਹੁੰਦਾ ਜਾ ਰਿਹਾ ਸੀ, ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਵਿਉਂਤਬੱਧ ਤਰੀਕੇ ਨਾਲ ਚਲਾਈ ਜਾ ਰਹੀ ਭੜਕਾਊ ਤੇ ਭਟਕਾਊ ਮੁਹਿੰਮ ਦੋਹਾਂ ਹਕੂਮਤਾਂ ਨੂੰ ਪੂਰੀ ਤਰ੍ਹਾਂ ਰਾਸ ਬੈਠਦੀ ਹੈ। ਆਗੂਆਂ ਨੇ ਕਿਹਾ ਕਿ ਸਭਨਾਂ ਸਮਾਜਾਂ ਅੰਦਰ ਹੀ ਕੁੱਝ ਨਾ ਕੁੱਝ ਅਪਰਾਧਿਕ ਬਿਰਤੀ ਵਾਲੇ ਮਾੜੇ ਅਨਸਰ ਮਿਲ ਜਾਂਦੇ ਹਨ ਪਰ ਉਨ੍ਹਾਂ ਕੁੱਝ ਗਲਤ ਅਨਸਰਾਂ ਕਾਰਨ ਉਸ ਸਮੁੱਚੇ ਤਬਕੇ ਦੇ ਭਾਈਚਾਰੇ ਨੂੰ ਦੋਸ਼ੀ ਗਰਦਾਨ ਕੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਦਾ ਅਮਲ ਚਲਾਉਣਾ ਪ੍ਰਵਾਨ ਕਰਨ ਯੋਗ ਨਹੀਂ ਹੈ। ਆਗੂਆਂ ਨੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ, ਠੇਕਾ ਕਾਮਿਆਂ ਅਤੇ ਹੋਰ ਕਿਰਤੀ ਕਮਾਊ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਹਕੂਮਤਾਂ ਦੇ ਹਿੱਤਾਂ ਪੂਰਦੀ ਇਸ ਭਟਕਾਊ ਤੇ ਭੜਕਾਊ ਮੁਹਿੰਮ ਅਤੇ ਇਸ ਨੂੰ ਚਲਾਉਣ ਵਾਲੀਆਂ ਫਿਰਕੂ ਤਾਕਤਾਂ ਦੇ ਮਨਸੂਬਿਆਂ ਨੂੰ ਪਛਾਣਨ ਤੇ ਪਛਾੜਣ ਲਈ ਪੂਰੇ ਜ਼ੋਰ ਨਾਲ ਅੱਗੇ ਆਉਣ ਅਤੇ ਭੜਕਾਹਟ ਵਿੱਚ ਆਏ ਆਮ ਲੋਕਾਂ ਨੂੰ ਸਮਝਾਉਣ ਅਤੇ ਸਮੂਹ ਕਿਰਤੀ ਲੋਕਾਂ ਦੇ ਏਕੇ ਨੂੰ ਬੁਲੰਦ ਕਰਨ। ਰੈਲੀ ਨੂੰ ਟੀਐਸਯੂ ਦੇ ਸਰਕਲ ਪ੍ਰਧਾਨ ਗੁਰਬਖਸ਼ ਸਿੰਘ, ਮੁੱਖ ਸਲਾਹਕਾਰ ਲੱਖਾ ਸਿੰਘ, ਕਾਨੂੰਨੀ ਸਲਾਹਕਾਰ ਜਤਿੰਦਰ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਰਾਧੇ ਸ਼ਿਆਮ, ਜਗਦੀਪ ਸਿੰਘ ਸਰਕਲ ਸਕੱਤਰ ਟੀ.ਐਸ.ਯੂ., ਰਜਿੰਦਰ ਕੁਮਾਰ ਸਾਬਕਾ ਚੀਫ ਆਰਗੇਨਾਈਜ਼ਰ ਪੰਜਾਬ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋੱ ਵਿਜੇ ਕੁਮਾਰ, ਸੁਰਿੰਦਰ ਮੱਲੀ, ਸਤਵੰਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਦਿਲਬਰ ਸਿੰਘ ਠੇਕਾ ਮੁਲਾਜ਼ਮ ਯੂਨੀਅਨ ਵੱਲੋੱ ਸਾਥੀ ਏਕਮ ਸਿੱਧੂ ਸਰਕਲ ਸਕੱਤਰ, ਜ਼ੋਰਾਵਰ ਸਿੰਘ ਪ੍ਰਧਾਨ ਮੁਹਾਲੀ ਡਵੀਜ਼ਨ ਨੇ ਆਦਿ ਨੇ ਵੀ ਸੰਬੋਧਨ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ