ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼

ਨਵਾਂ ਵਿਸ਼ਾ ਤੇ ਚੰਗੇ ਅਨੁਭਵ ਪੰਜਾਬੀ ਸਿਨੇਮਾ ਦਾ ਭਵਿੱਖ ਤੈਅ ਕਰਨਗੇ: ਬੀਐਮ ਸ਼ਰਮਾ

ਨਬਜ਼-ਏ-ਪੰਜਾਬ, ਚੰਡੀਗੜ੍ਹ, 23 ਸਤੰਬਰ:
ਸਾਜ਼ ਸਿਨੇ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਕ੍ਰਾਈਮ ਥ੍ਰਿਲਰ ਫ਼ਿਲਮ ਕਾਲ ਕੋਠੜੀ ਦਾ ਪੋਸਟਰ ਅੱਜ ਇੱਥੇ ਪੰਜਾਬੀ ਲਘੂ ਫ਼ਿਲਮ ਫੈਸਟੀਵਲ ਦੌਰਾਨ ਚੰਡੀਗੜ੍ਹ ਦੇ ਕਲਾ ਭਵਨ ਵਿੱਚ ਲਾਂਚ ਕੀਤਾ ਗਿਆ। ਪ੍ਰੋਗਰਾਮ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੁੰਦ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਾਜ਼ ਸਿਨੇ ਪ੍ਰੋਡਕਸ਼ਨ ਦੇ ਐਮ.ਡੀ ਅੰਗਦ ਸਚਦੇਵਾ ਨੂੰ ਪਲੇਠੀ ਫਿਲਮ ਲਈ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜਿਹੀਆਂ ਫਿਲਮਾਂ ਪੰਜਾਬੀ ਸਿਨੇਮੇ ਦਾ ਭਵਿੱਖ ਤੈਅ ਕਰਨਗੀਆਂ ਅਤੇ ਸਿਨਮੇ ਵਿੱਚ ਐਕਸ਼ਨ ਅਤੇ ਥਰਿੱਲਰ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੀਆਂ। ਇਸ ਦੌਰਾਨ ਪਾਲੀਵੁਡ ਦੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਦੋਂ ਕਿ ਫਿਲਮ ਦੀ ਸਟਾਰ ਕਾਸਟ ਵੀ ਮੌਕੇ ਤੇ ਮੌਜੂਦ ਰਹੀ।
ਫਿਲਮ ਦੇ ਮੁੱਖ ਅਦਾਕਾਰ ਨਗਿੰਦਰ ਗੱਖੜ, ਗੁਰਿੰਦਰ ਮਖਨਾ, ਅਰਸ਼ ਹੁੰਦਲ ਅਤੇ ਡੇਵੀ ਸਿੰਘ, ਪੋਸਟਰ ਲਾਂਚ ਸਮੇਂ ਮੌਜੂਦ ਸਨ। ਅਦਾਕਾਰਾਂ ਨੇ ਇਸ ਵਿਲੱਖਣ ਪ੍ਰਾਜੈਕਟ ਦਾ ਹਿੱਸਾ ਬਣਨ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਨਗਿੰਦਰ ਗੱਖੜ ਨੇ ਦੱਸਿਆ ਕਿ ਫਿਲਮ ਦੀ ਲਗਪਗ 80 ਫੀਸਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਹੁਣ ਕੇਵਲ ਫਲੈਸ਼ ਬੈਕ ਵਾਲਾ ਹਿੱਸਾ ਕੁਝ ਦਿਨਾਂ ਵਿੱਚ ਸ਼ੂਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਲ ਕੋਠੜੀ ਇੱਕ ਆਮ ਥ੍ਰਿਲਰ ਤੇ ਐਕਸ਼ਨ ਫ਼ਿਲਮ ਹੀ ਨਹੀਂ ਬਲਕਿ ਇਸ ਦੀ ਬਿਲਕੁੱਲ ਨਵੀਂ ਕਹਾਣੀ ਹੈ, ਜੋ ਪਹਿਲਾਂ ਪੰਜਾਬੀ ਸਿਨੇਮਾ ‘ਚ ਪਹਿਲਾਂ ਕਦੇ ਨਹੀਂ ਆਈ। ਫ਼ਿਲਮ ਦਾ ਹਰੇਕ ਪਾਤਰ ਨਵਾਂ ਅੰਦਾਜ਼ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗਾ।
ਨਿਰਮਾਤਾ ਅੰਗਦ ਸਚਦੇਵਾ ਨੇ ਕਿਹਾ ਕਿ ਕਾਲ ਕੋਠੜੀ ਉਨ੍ਹਾਂ ਲਈ ਬਹੁਤ ਅਨੋਖਾ ਅਨੁਭਵ ਹੈ, ਜਿੱਥੇ ਫ਼ਿਲਮ ਵਿੱਚ ਕੈਦੀਆਂ ਦਾ ਇੱਕ ਵਿਲੱਖਣ ਰੋਲ ਸਭ ਨੂੰ ਹੈਰਾਨ ਕਰ ਦੇਵੇਗਾ ਦੂਜੇ ਪਾਸੇ ਫਲੈਸ਼ ਬੈਕ ਵਾਲਾ ਹਿੱਸਾ ਭਾਵੁਕ ਕਰਨ ਵਾਲਾ ਹੋਵੇਗਾ । ਉਨ੍ਹਾਂ ਕਿਹਾ ਕਿ ਉਨ੍ਹਾਂ ਟੀਚਾ ਦਰਸ਼ਕਾਂ ਨੂੰ ਇੱਕ ਰੋਮਾਂਚਕ ਸਿਨੇਮਾ ਪ੍ਰਦਾਨ ਕਰਨਾ ਹੈ ਜੋ ਉਨ੍ਹਾਂ ਨੂੰ ਪੂਰੀ ਕਹਾਣੀ ਵਿੱਚ ਜੋੜਦਾ ਹੈ, ਉਨ੍ਹਾਂ ਕਿਹਾ ਕਿ ਇਹ ਫ਼ਿਲਮ, ਯਾਦਗਾਰੀ ਅਨੁਭਵ ਪ੍ਰਦਾਨ ਕਰ ਰਹੀ ਹੈ। ਸਚਦੇਵਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਲਾਕਾਰਾਂ ਅਤੇ ਤਕਨੀਕੀ ਟੀਮ ਦੀ ਸਖ਼ਤ ਮਿਹਨਤ ਫ਼ਿਲਮ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗੀ। ਨਿਰਦੇਸ਼ਕ ਦੇਵੀ ਸ਼ਰਮਾ ਨੇ ਕਿਹਾ ਕਿ ਕਹਾਣੀ ਸਸਪੈਂਸ, ਡਰਾਮਾ ਅਤੇ ਯਥਾਰਥਵਾਦ ਨਾਲ ਬੁਣੀ ਗਈ ਹੈ ਅਤੇ ਇਹ ਫ਼ਿਲਮ ਪੰਜਾਬੀ ਸਿਨੇਮਾ ਵਿੱਚ ਅਪਰਾਧ ਥ੍ਰਿਲਰ ਦੇ ਮਿਆਰ ਨੂੰ ਹੋਰ ਉੱਚਾ ਕਰੇਗੀ।

Load More Related Articles
Load More By Nabaz-e-Punjab
Load More In Entertainment

Check Also

ਨਸ਼ਿਆਂ ਅਤੇ ਸੱਚ ਦੀਆਂ ਪਰਤਾਂ ਨੂੰ ਖੋਲ੍ਹੇਗੀ ਪੰਜਾਬੀ ਵੈੱਬ ਸੀਰੀਜ਼ ‘ਪੁੱਛਗਿੱਛ’

ਨਸ਼ਿਆਂ ਅਤੇ ਸੱਚ ਦੀਆਂ ਪਰਤਾਂ ਨੂੰ ਖੋਲ੍ਹੇਗੀ ਪੰਜਾਬੀ ਵੈੱਬ ਸੀਰੀਜ਼ ‘ਪੁੱਛਗਿੱਛ’ ਨਬਜ਼-ਏ-ਪੰਜਾਬ, ਮੁਹਾਲੀ, 4 …