ਗਿਆਨ ਜਯੋਤੀ ਇੰਸਟੀਚਿਊਟ ਤੇ ਇੰਡੀਅਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਨੇ ਪੌਲੀਥੀਨ ਪ੍ਰਬੰਧਨ ਲਈ ਸਾਂਝੀ ਮੁਹਿੰਮ ਦੀ ਸ਼ੁਰੂਆਤ

ਨਬਜ਼-ਏ-ਪੰਜਾਬ, ਮੁਹਾਲੀ, 14 ਅਗਸਤ:
ਵਾਤਾਵਰਣ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਨੇ ਇੰਡੀਅਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਨਾਲ ਮਿਲ ਕੇ ਇੱਕ ਅਹਿਮ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਸਾਂਝੇ ਉੱਦਮ ਤਹਿਤ ਪਲਾਸਟਿਕ ਦੀ ਵਰਤੋਂ ਪ੍ਰਤੀ ਜ਼ਿੰਮੇਵਾਰ ਨਜ਼ਰੀਆ ਵਿਕਸਤ ਕਰੋ ਥੀਮ ਹੇਠ ਇਕ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਪਲਾਸਟਿਕ ਕੂੜੇ ਨੂੰ ਸਹੀ ਢੰਗ ਨਾਲ ਵੱਖ ਕਰਕੇ ਅਤੇ ਇਸ ਦੀ ਰੀਸਾਈਕਲ ਨੂੰ ਉਤਸ਼ਾਹਿਤ ਕਰਕੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣਾ ਹੈ।
ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਕੈਂਪਸ ਵਿੱਚ ਇੱਕ ਵਿਸ਼ੇਸ਼ ਡਰਾਪ ਬਾਕਸ ਸਥਾਪਤ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀ ਅਤੇ ਸਟਾਫ਼ ਆਪਣਾ ਪਲਾਸਟਿਕ ਕੂੜਾ ਇਕੱਠਾ ਕਰ ਸਕਣਗੇ। ਇਸ ਕੂੜੇ ਨੂੰ ਨਿਯਮਿਤ ਤੌਰ ’ਤੇ ਸਾਫ਼ ਕੀਤਾ ਜਾਵੇਗਾ ਅਤੇ ਰੀਸਾਈਕਲ ਲਈ ਭੇਜਿਆ ਜਾਵੇਗਾ, ਤਾਂ ਜੋ ਇਸ ਦੀ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ। ਇਸ ਪਹਿਲਕਦਮੀ ਦਾ ਰਸਮੀ ਉਦਘਾਟਨ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਜੇ.ਐੱਸ. ਬੇਦੀ ਨੇ ਕੀਤਾ।
ਸਮਾਗਮ ਦੌਰਾਨ ਇੰਡੀਅਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਦੀ ਨੁਮਾਇੰਦਗੀ ਕਰ ਰਹੇ ਡਾ. ਰੀਨਾ ਨੇ ਇੱਕ ਵਿਸਥਾਰਪੂਰਵਕ ਜਾਗਰੂਕਤਾ ਸੈਸ਼ਨ ਦਾ ਸੰਚਾਲਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ, ਦੁਬਾਰਾ ਵਰਤੋਂ ਕਰਨ ਅਤੇ ਪਲਾਸਟਿਕ ਦੇ ਰੀ ਸਾਈਕਲ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਲਾਸਟਿਕ ਨੂੰ ਘੱਟ ਵਰਤ ਕੇ, ਇਸ ਦੀ ਮੁੜ ਵਰਤੋਂ ਕਰਕੇ ਅਤੇ ਇਸ ਨੂੰ ਰੀਸਾਈਕਲ ਲਈ ਭੇਜ ਕੇ ਅਸੀਂ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਾਂ।
ਚੇਅਰਮੈਨ ਜੇ.ਐੱਸ. ਬੇਦੀ ਨੇ ਇਸ ਮੌਕੇ ‘ਤੇ ਹਾਜ਼ਰ ਸਟਾਪ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਸੀਂ ਸਿਰਫ਼ ਵਿੱਦਿਅਕ ਸੰਸਥਾ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਾਲੀ ਇਕਾਈ ਵੀ ਹਾਂ। ਪਲਾਸਟਿਕ ਪ੍ਰਦੂਸ਼ਣ ਇੱਕ ਗੰਭੀਰ ਚੁਨੌਤੀ ਹੈ ਅਤੇ ਇਸ ਚੁਨੌਤੀ ਦਾ ਸਾਹਮਣਾ ਕਰਨ ਲਈ ਹਰ ਕਿਸੇ ਦੀ ਭਾਗੀਦਾਰੀ ਜ਼ਰੂਰੀ ਹੈ। ਬੇਦੀ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਸਾਡੇ ਵਿਦਿਆਰਥੀ ਅਤੇ ਸਟਾਫ਼ ਇਸ ਮਹੱਤਵਪੂਰਨ ਪ੍ਰਾਜੈਕਟ ਦਾ ਹਿੱਸਾ ਬਣ ਰਹੇ ਹਨ। ਸਾਡਾ ਮੰਤਵ ਹੈ ਕਿ ਅਸੀਂ ਅਜਿਹੇ ਨਾਗਰਿਕ ਤਿਆਰ ਕਰੀਏ ਜੋ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਅਤੇ ਜਾਗਰੂਕ ਹੋਣ।
ਇਸ ਮੌਕੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਪ੍ਰਾਜੈਕਟ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਦੱਸਿਆਂ ਕਿ ਇਹ ਪ੍ਰਾਜੈਕਟ ਸਾਡੇ ਕੈਂਪਸ ਨੂੰ ਇੱਕ ਹੋਰ ਸਵੱਛ ਅਤੇ ਟਿਕਾਊ ਸਥਾਨ ਬਣਾਉਣ ਲਈ ਇੱਕ ਵੱਡਾ ਕਦਮ ਹੈ। ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਪਲਾਸਟਿਕ ਕੂੜੇ ਨੂੰ ਸਹੀ ਢੰਗ ਨਾਲ ਸੰਭਾਲਣਾ ਸਿਖਾਉਣਾ ਬਹੁਤ ਜ਼ਰੂਰੀ ਹੈ। ਇਸ ਪ੍ਰਾਜੈਕਟ ਰਾਹੀਂ ਅਸੀਂ ਵਿਹਾਰਕ ਗਿਆਨ ਦੇ ਰਹੇ ਹਾਂ ਕਿ ਕਿਵੇਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਇਸ ਸੈਸ਼ਨ ਤੋਂ ਬਾਅਦ, ਕਾਲਜ ਦੇ ਵਿਦਿਆਰਥੀ ਦੀ ਟੀਮ ਵੱਲੋਂ ਇਸ ਵਿਸ਼ੇ ਤੇ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਨੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਨੂੰ ਕਲਾਤਮਕ ਢੰਗ ਨਾਲ ਦਰਸਾਇਆ ਅਤੇ ਦਰਸ਼ਕਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਜਾਗਰੂਕ ਕੀਤਾ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…