ਮੁਹਾਲੀ ਵਿੱਚ ਪੰਜਾਬ ਯੂਨੀਵਰਸਿਟੀ ਦਾ ਕਾਲਜ ਖੋਲ੍ਹਣ ਤੇ ਸਿਟੀ ਬੱਸ ਸੇਵਾ ਦੀ ਸ਼ੁਰੂ ਕਰਨ ਦੀ ਮੰਗ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਰਾਜਪਾਲ ਨੂੰ ਦਿੱਤੇ ਦੋ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 25 ਜੂਨ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਦਿਆਂ ਮੁਹਾਲੀ ਸ਼ਹਿਰ ਦੀਆਂ ਦੋ ਸਭ ਤੋਂ ਵੱਡੀਆਂ ਲੋਕਹਿਤ ਦੀਆਂ ਮੰਗਾਂ ਉੱਪਰ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ। ਉਹਨਾਂ ਰਾਜਪਾਲ ਸਾਹਿਬ ਨੂੰ ਦੋ ਵੱਖ-ਵੱਖ ਮੈਮੋਰੇੰਡਮ ਸੌਂਪ ਕੇ ਮੁਹਾਲੀ ਦੀਆਂ ਆਵਾਜਾਈ ਅਤੇ ਉੱਚ ਸਿੱਖਿਆ ਨਾਲ ਜੁੜੀਆਂ ਜ਼ਰੂਰਤਾਂ ਦਾ ਹੱਲ ਕੱਢਣ ਦੀ ਮੰਗ ਕੀਤੀ।
ਪਹਿਲੇ ਮੰਗ ਪੱਤਰ ਰਾਹੀਂ ਡਿਪਟੀ ਮੇਅਰ ਬੇਦੀ ਨੇ ਮੁਹਾਲੀ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਇੱਕ ਕਾਲਜ ਜਾਂ ਰੀਜਨਲ ਸੈਂਟਰ ਖੋਲ੍ਹਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਮੁਹਾਲੀ, ਜੋ ਕਿ ਟਰਾਈ ਸਿਟੀ ਦਾ ਅਟੁੱਟ ਹਿੱਸਾ ਅਤੇ ਪੰਜਾਬ ਦਾ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਸ਼ਹਿਰ ਹੈ, ਅੱਜ ਤੱਕ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ ਕਿਸੇ ਵੀ ਕਾਲਜ ਤੋਂ ਵਾਂਝਾ ਹੈ। ਇਹ ਗੰਭੀਰ ਸਥਿਤੀ ਉਨ੍ਹਾਂ ਵਿਦਿਆਰਥੀਆਂ ਲਈ ਵੱਡੀ ਰੁਕਾਵਟ ਬਣੀ ਹੋਈ ਹੈ ਜੋ ਸਸਤੀ ਅਤੇ ਗੁਣਵੱਤਾਪੂਰਨ ਉੱਚ ਸਿੱਖਿਆ ਲੈਣਾ ਚਾਹੁੰਦੇ ਹਨ।
ਉਹਨਾਂ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਮੋਹਾਲੀ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ ਕਾਲਜ ਜਾਂ ਰੀਜਨਲ ਸੈਂਟਰ ਦੀ ਸਥਾਪਨਾ ਕੀਤੀ ਜਾਵੇ, ਯੂਨੀਵਰਸਿਟੀ ਵਿਚਾਲੇ ਚੰਡੀਗੜ੍ਹ ਅਤੇ ਪੰਜਾਬ ਦੇ ਵਿਦਿਆਰਥੀਆਂ ਲਈ ਮੌਜੂਦਾ 85:15 ਕੋਟਾ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਅਤੇ ਯੂਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਚਕਾਰ ਸਾਂਝੀ ਕਮੇਟੀ ਦੀ ਸਥਾਪਨਾ ਕੀਤੀ ਜਾਵੇ ਜੋ ਇਕ ਨਿਰਪੱਖ ਅਤੇ ਟਿਕਾਊ ਹੱਲ ਦੀ ਯੋਜਨਾ ਤਿਆਰ ਕਰੇ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਨਵਾਂ ਬਣਣ ਵਾਲਾ ਸੈਂਟਰ ਸਵਰਗੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਹੋਵੇ, ਜੋ ਪੰਜਾਬ ਦੇ ਸਪੁੱਤਰ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਨ।
ਦੂਜੇ ਮੰਗ ਪੱਤਰ ਰਾਹੀਂ ਡਿਪਟੀ ਮੇਅਰ ਨੇ ਰਾਜਪਾਲ ਨੂੰ ‘ਗਰੇਟਰ ਮੁਹਾਲੀ ਸਿਟੀ ਬੱਸ ਸੇਵਾ’ ਦੀ ਲੋੜ ਬਾਰੇ ਵੀ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਮੁਹਾਲੀ, ਟੀਡੀਆਈ, ਐਰੋ ਸਿਟੀ, ਢੇਲਪੁਰ, ਕੁਰੜਾ, ਕੁਰੜੀ ਅਤੇ ਆਸਪਾਸ ਦੇ ਇਲਾਕਿਆਂ ਦੀ ਵਧ ਰਹੀ ਆਬਾਦੀ ਅਤੇ ਫੈਲਾਅ ਦੇ ਮੱਦੇਨਜ਼ਰ ਮੌਜੂਦਾ ਸੀਟੀਯੂ ਸੇਵਾ ਨਾ ਕਾਫ਼ੀ ਹੈ। ਉਹਨਾਂ ਦੱਸਿਆ ਕਿ ਮੁਹਾਲੀ ਦੀਆਂ 69 ਵਿੱਚੋਂ ਕੇਵਲ 21 ਰੂਟਾਂ ਨੂੰ ਹੀ ਆਵਾਜਾਈ ਲਈ ਸੇਵਾ ਮਿਲ ਰਹੀ ਹੈ, ਜੋ ਕਿ ਪੁਰਾਣੇ ਫੇਜ਼ 1 ਤੋਂ 11 ਤੱਕ ਸੀਮਤ ਹਨ। ਉਹਨਾਂ ਕਿਹਾ ਕਿ ਸਿਟੀ ਬੱਸ ਸਰਵਿਸ ਦੀ ਸ਼ੁਰੂਆਤ ਨਾ ਸਿਰਫ ਲੋਕਾਂ ਨੂੰ ਆਵਾਜਾਈ ਦੀ ਸੌਖਤਾ ਦੇਵੇਗੀ, ਸਗੋਂ ਇਹ ਪਰਿਆਵਰਨ ਦੀ ਸੁਰੱਖਿਆ, ਇੰਧਨ ਦੀ ਬਚਤ ਅਤੇ ਸਰਕਾਰੀ ਆਮਦਨ ਵਿੱਚ ਵੀ ਯੋਗਦਾਨ ਪਾਏਗੀ। ਉਹਨਾਂ ਇਹ ਵੀ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਜੰਗੀ ਸਮਾਰਕ, ਜੋ ਕਿ ਚੱਪੜਚਿੜੀ ਖੁਰਦ ਵਿੱਚ ਸਥਿਤ ਹੈ, ਮੌਜੂਦਾ ਆਵਾਜਾਈ ਦੀ ਕਮੀ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।
ਡਿਪਟੀ ਮੇਅਰ ਨੇ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਲੋਕਹਿਤ ਦੇ ਇਨ੍ਹਾਂ ਦੋ ਗੰਭੀਰ ਮਸਲਿਆਂ ਉੱਤੇ ਤੁਰੰਤ ਨਿੱਜੀ ਦਖਲ ਅੰਦਾਜੀ ਕਰਕੇ ਇਨ੍ਹਾਂ ਦਾ ਹੱਲ ਕਰਵਾਇਆ ਜਾਵੇ, ਤਾਂ ਜੋ ਮੋਹਾਲੀ ਦੀ ਜਨਤਾ ਨੂੰ ਅਸਲੀ ਅਰਥਾਂ ‘ਚ ਵਿਕਾਸ ਅਤੇ ਸਿੱਖਿਆ ਦਾ ਲਾਭ ਮਿਲ ਸਕੇ। ਰਾਜਪਾਲ ਨੇ ਸੁਹਿਰਦਤਾ ਨਾਲ ਸੁਣੀ ਗੱਲ, ਮੌਕੇ ਤੇ ਹੀ ਵਾਈਸ ਚਾਂਸਲਰ ਅਤੇ ਚੰਡੀਗੜ੍ਹ ਦੇ ਵਿੱਤ ਸਕੱਤਰ ਨੂੰ ਹਦਾਇਤਾਂ ਦਿੱਤੀਆਂ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਹਨਾਂ ਦੀ ਗੱਲ ਨੂੰ ਪੂਰੀ ਸੁਹਿਰਦਤਾ ਨਾਲ ਸੁਣਿਆ ਅਤੇ ਮੌਕੇ ਤੇ ਹੀ ਇਹਨਾਂ ਸਮੱਸਿਆਵਾਂ ਦੇ ਹੱਲ ਕੱਢਣ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਪਹਿਲੀ ਮੰਗ ਅਧੀਨ, ਮੋਹਾਲੀ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਜਾਂ ਹੋਰ ਪ੍ਰਬੰਧ ਕਰਨ ਦੀ ਗੱਲ ਕੀਤੀ ਗਈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਰਾਜਪਾਲ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਮੌਕੇ ‘ਤੇ ਹੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੁਹਾਲੀ ਵਿੱਚ ਰੀਜਨਲ ਸੈਂਟਰ ਦੀ ਸੰਭਾਵਨਾ ਜਾਂ ਹੋਰ ਵਿਵਸਥਾ ਬਣਾਉਣ ਲਈ ਕਿਹਾ। ਡਿਪਟੀ ਮੇਅਰ ਨੇ ਦਰਸਾਇਆ ਕਿ ਮੁਹਾਲੀ ਮੈਡੀਕਲ, ਆਈਟੀ ਅਤੇ ਐਜੂਕੇਸ਼ਨ ਹੱਬ ਵਜੋਂ ਉਭਰ ਰਿਹਾ ਹੈ ਅਤੇ ਇੱਥੇ ਮਿਆਰੀ ਸਿੱਖਿਆ ਦੀ ਭਾਰੀ ਲੋੜ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਦੂਜੀ ਮੰਗ ਵਿੱਚ ਮੁਹਾਲੀ ਵਿੱਚ ਨਵੀਆਂ ਸੀਟੀਯੂ ਬੱਸ ਲਾਈਨਾਂ ਸ਼ੁਰੂ ਕਰਨ ਦੀ ਲੋੜ ਨੂੰ ਰੱਖਦੇ ਹੋਏ ਰਾਜਪਾਲ ਨੇ ਚੰਡੀਗੜ੍ਹ ਦੇ ਫਾਇਨੈਂਸ ਸਕੱਤਰ ਜੋ ਕਿ ਚੰਡੀਗੜ੍ਹ ਦੇ ਟਰਾਂਸਪੋਰਟ ਸਕੱਤਰ ਵੀ ਹਨ, ਨਾਲ ਵੀ ਤੁਰੰਤ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਮੁਹਾਲੀ ਦੀ ਵਧ ਰਹੀ ਆਬਾਦੀ ਅਤੇ ਵਿਸਤਾਰ ਦੇ ਹਵਾਲੇ ਨਾਲ ਸੀਟੀਯੂ ਬੱਸ ਰੂਟ ਵਧਾਉਣ ਦੀ ਹਦਾਇਤ ਦਿੱਤੀ। ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਦਾ ਇਲਾਕਾ ਬਹੁਤ ਵੱਧ ਚੁੱਕਿਆ ਹੈ ਅਤੇ ਇਸ ਦੇ ਨਾਲ ਨਾਲ ਪਿੰਡਾਂ ਦਾ ਵੀ ਬਹੁਤ ਵੱਡਾ ਖੇਤਰ ਮੁਹਾਲੀ ਵਿੱਚ ਆ ਚੁੱਕਿਆ ਹੈ ਜਿਨ੍ਹਾਂ ਨੂੰ ਬਸ ਸਰਵਿਸ ਦੀ ਲੋੜ ਹੈ। ਡਿਪਟੀ ਮੇਅਰ ਅਨੁਸਾਰ ਰਾਜਪਾਲ ਨੇ ਇਹ ਵੀ ਕਿਹਾ ਕਿ ਉਹ ਜਦੋਂ ਮਰਜ਼ੀ ਆ ਕੇ ਉਹਨਾਂ ਨੂੰ ਮਿਲ ਸਕਦੇ ਹਨ। ਗਵਰਨਰ ਨੇ ਕਿਹਾ ਕਿ ਮੁਹਾਲੀ ਦੀਆਂ ਸਮੱਸਿਆਵਾਂ ਨੂੰ ਤਰਜ਼ੀਹੀ ਅਧਾਰ ’ਤੇ ਹੱਲ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…