ਡੀਟੀਐੱਫ: ਡਾਇਰੈਕਟਰ ਸਕੂਲ ਸਿੱਖਿਆ (ਸ) ਨਾਲ ਮੀਟਿੰਗ ਵਿੱਚ ਵਿਭਾਗੀ ਮਾਮਲਿਆਂ ’ਤੇ ਕੀਤੀਆਂ ਵਿਚਾਰਾਂ

ਰੀਕਾਸਟ ਸੂਚੀਆਂ, ਬਦਲੀਆਂ, ਤਰੱਕੀਆਂ ਅਤੇ ਪੈਂਡਿੰਗ ਰੈਗੂਲਰਾਈਜੇਸ਼ਨ ’ਤੇ ਖੁੱਲ੍ਹ ਕੇ ਕੀਤੀ ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 24 ਜੂਨ:
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਵਿਭਾਗੀ ਮਾਮਲਿਆਂ ਨੂੰ ਲੈ ਕੇ ਡੀਟੀਐੱਫ ਦੇ ਉੱਚ ਪੱਧਰੀ ਵਫ਼ਦ ਨੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਗੁਰਿੰਦਰਜੀਤ ਸਿੰਘ ਸੋਢੀ ਨਾਲ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਰੀਕਾਸਟ ਸੂਚੀਆਂ, ਬਦਲੀਆਂ, ਤਰੱਕੀਆਂ ਅਤੇ ਪੈਂਡਿੰਗ ਰੈਗੂਲਰਾਈਜੇਸ਼ਨ ਨਾਲ ਸਬੰਧਤ ਮਸਲਿਆਂ ’ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਨੇ ਦੱਸਿਆ ਕਿ ਨਿਯੁਕਤੀ ਸੂਚੀਆਂ ਰਿਕਾਸਟ ਹੋਣ ਕਾਰਨ ਸੂਚੀਆਂ ਵਿੱਚੋਂ ਬਾਹਰ ਕੀਤੇ ਵੱਖ-ਵੱਖ ਕਾਡਰਾਂ (ਈਟੀਟੀ 6635, ਮਾਸਟਰ ਕਾਡਰ 3704 ਅਤੇ ਅੰਗਰੇਜ਼ੀ 899 ਅਸਾਮੀਆਂ) ਦੇ ਬੇਕਸੂਰ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਸੁਰੱਖਿਅਤ ਕਰਨ ਬਾਰੇ ਫਾਇਲ ਵਿੱਤ ਵਿਭਾਗ ਤੱਕ ਪਹੁੰਚ ਚੁੱਕੀ ਹੋਣ ਬਾਰੇ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਭਵਿੱਖ ਵਿੱਚ ਰੀਕਾਸਟ ਸੂਚੀਆਂ ’ਚੋਂ ਬਾਹਰ ਹੋਏ ਅਧਿਆਪਕਾਂ ਨੂੰ ਟੈਕਨੀਕਲ ਸਮੱਸਿਆ ਨਾ ਹੋਣ ਦੀ ਹਾਲਤ ਵਿੱਚ ਨੋਟਿਸ ਨਾ ਜਾਰੀ ਕਰਨ ਦਾ ਭਰੋਸਾ ਦਵਾਇਆ। ਇਸੇ ਤਰ੍ਹਾਂ ਆਪਣੇ ਘਰਾਂ ਤੋਂ ਸੈਕੜੇ ਕਿੱਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ 6635 ਈਟੀਟੀ, 4161 ਤੇ 2392 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪ੍ਰੋਮੋਟਡ ਅਧਿਆਪਕਾਂ ਨੂੰ ਚਾਲੂ ਬਦਲੀਆਂ ਦੀ ਪ੍ਰਕਿਰਿਆ ਵਿੱਚ ਬਦਲੀ ਦਾ ਮੌਕਾ ਦੇਣਾ ਅਤੇ ਕਪਲ ਕੇਸ ਵਿੱਚ ਕੇਵਲ ਇੱਕ ਦੀ ਬਦਲੀ ਹੋਣ ‘ਤੇ ਰੱਦ ਕਰਨ ਦੀ ਬੇਨਤੀ ‘ਤੇ ਰੱਦ ਕਰਨ ਸਬੰਧੀ ਮਸਲੇ ਵਿਚਾਰ ਅਧੀਨ ਹੋਣ ਅਤੇ ਬਦਲੀਆਂ ਦਾ ਪਹਿਲਾ ਰਾਊਂਡ 25 ਜੂਨ ਤੋਂ ਸ਼ੁਰੂ ਹੋਣ ਦੀ ਗੱਲ ਆਖੀ ਹੈ। ਤਰੱਕੀਆਂ ਸਬੰਧੀ ਪਹਿਲੇ ਦੌਰ ਵਿੱਚ ਪ੍ਰਾਇਮਰੀ ਤੋਂ ਮਾਸਟਰ ਅਤੇ ਅਗਲੇ ਦੌਰਾਂ ਵਿੱਚ ਮੁੱਖ ਅਧਿਆਪਕ, ਲੈਕਚਰਾਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੇ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਦੀਆਂ ਪੈਡਿੰਗ ਤਰੱਕੀਆਂ ਬਿਨਾਂ ਕਿਸੇ ਪੱਖਪਾਤ ਸਾਰੇ ਖਾਲੀ ਸਟੇਸ਼ਨ ਸ਼ੋਅ ਕਰਕੇ 31 ਜੁਲਾਈ 2025 ਤੱਕ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਡੀਐੱਸਈ ਵੱਲੋਂ ਡੀਈਓਜ਼/ਸਹਾਇਕ ਡਾਇਰੈਕਟਰਜ਼ ਤੋਂ ਡਿਪਟੀ/ਸੰਯੁਕਤ ਡਾਇਰੈਕਟਰਜ਼ ਤੱਕ ਦੀ ਪੈਂਡਿੰੰਗ ਤਰੱਕੀ ਦਾ ਮਾਮਲਾ ਸਿੱਖਿਆ ਸਕੱਤਰ ਅੱਗੇ ਰੱਖ ਕੇ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਅੱਗੇ ਡਾਇਰੈਕਟਰਜ਼ (ਪ੍ਰਾਇਮਰੀ, ਸੈਕੰਡਰੀ ਅਤੇ ਐੱਸ ਸੀ ਈ ਆਰ ਟੀ ਦੀ ਪ੍ਰੋਮੋਸ਼ਨ ਸਿੱਖਿਆ ਕਾਡਰ ਵਿੱਚੋਂ ਕਰਨ ਦਾ ਮਾਮਲਾ ਪੰਜਾਬ ਸਰਕਾਰ ਦੇ ਪੱਧਰ ਦਾ ਫੈਸਲਾ ਦੱਸਿਆ ਗਿਆ। ਸਮੂਹ 5178 ਅਧਿਆਪਕਾਂ ਦੇ ਬਕਾਏ ਬਿਨਾਂ ਕਿਸੇ ਪਟੀਸ਼ਨਰ ਜਾਂ ਨਾਨ ਪਟੀਸ਼ਨਰ ਦਾ ਵਿਖਰੇਵਾਂ ਕੀਤਿਆਂ ਜਾਰੀ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਲੋੜੀਂਦਾ ਪੱਤਰ 4-5 ਦਿਨਾਂ ਅੰਦਰ ਜਾਰੀ ਕਰ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਗਈ।
ਅਧਿਆਪਕ ਨਰਿੰਦਰ ਭੰਡਾਰੀ (ਕਪੂਰਥਲਾ) ਦੀ ਟਰਮੀਨੇਸ਼ਨ ਤਜਵੀਜ ਰੱਦ ਕਰਕੇ ਸੇਵਾਵਾਂ ਕਨਫਰਮ ਕਰਨ ਬਾਰੇ ਡੀਐੱਸਈ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਪੂਰਾ ਮਾਮਲਾ ਘੋਖ ਲਿਆ ਗਿਆ ਹੈ ਅਤੇ ਆਉਣ ਵਾਲੇ ਇੱਕ ਹਫਤੇ ਵਿੱਚ ਹੱਲ ਕਰ ਦਿੱਤਾ ਜਾਵੇਗਾ। O4L ਅਧਿਆਪਕਾਂ (3442,7654, 5178 ਭਰਤੀਆਂ) ’ਚੋਂ ਪੈਂਡਿੰਗ 11 ਰੈਗੂਲਰ ਘੋਖਣ ਉਪਰੰਤ ਜਲਦ ਰੈਗੂਲਰ ਆਰਡਰ ਜਾਰੀ ਕਰ ਦਿੱਤੇ ਜਾਣਗੇ। ਡਾ.ਰਵਿੰਦਰ ਕੰਬੋਜ਼ ਦੇ ਰੈਗੂਲਰ ਕੀਤੇ ਜਾਣ ਬਾਰੇ ਸਿੱਖਿਆ ਬੋਰਡ (ਭਰਤੀ ਸੈੱਲ) ਤੋਂ ਮੰਗਿਆ ਜਵਾਬ ਪ੍ਰਾਪਤ ਹੋਣ ਤੋਂ ਬਾਅਦ ਉਸ ਨੂੰ ਘੋਖਣ ਉਪਰੰਤ ਜਲਦ ਰੈਗੂਲਰ ਆਰਡਰ ਜਾਰੀ ਕਰ ਦਿੱਤੇ ਜਾਣਗੇ। O4L ਅਧਿਆਪਕਾਂ ਨੂੰ ਰੈਗੂਲਰ ਦੀ ਮਿਤੀ ਤੋਂ ਬਣਦੀ ਪੂਰੀ ਤਨਖਾਹ ਤੇ ਬਕਾਏ ਜਾਰੀ ਕੀਤੇ ਜਾਣ ਬਾਰੇ ਕੋਰਟ ਦੇ ਫੈਸਲੇ ਨੂੰ ਬਾਕੀ ਅਧਿਕਾਰੀਆਂ ਨਾਲ ਵਿਚਾਰ ਕਰਕੇ ਫ਼ੈਸਲਾ ਕਰਨ ਦੀ ਗੱਲ ਕਹੀ ਗਈ।
3582 ਮਾਸਟਰ ਕਾਡਰ ਨੂੰ ਟਰੇਨਿੰਗ ਲੱਗਣ ਦੀ ਮਿਤੀ ਤੋਂ ਸਾਰੇ ਲਾਭ ਦੇਣ ਦੇ ਮਸਲੇ ਨੂੰ ਡੀਐੱਸਈ ਨੇ ਹਰ ਪੱਖੋਂ ਵਿਚਾਰ ਕਰਕੇ ਫ਼ੈਸਲਾ ਲੈਣ ਅਤੇ ਇਸ ਮਸਲੇ ਵਿੱਚ 3582 ਕਾਡਰ ਨਾਲ ਪੂਰਾ ਇਨਸਾਫ਼ ਕਰਨ ਦੀ ਗੱਲ ਕਹੀ। ਠੇਕਾ ਭਰਤੀ ਅਧੀਨ ਪੁਰਸ਼ ਅਧਿਆਪਕਾਂ ਨੂੰ ਅਚਨਚੇਤ ਛੁੱਟੀਆਂ ‘ਚ ਵਾਧੇ ਲਈ ਠੇਕਾ ਅਧਾਰਿਤ ਨੌਕਰੀ ਨੂੰ ਗਿਣਨ ਦਾ ਮਸਲਾ ਸਰਕਾਰ ਪੱਧਰ ‘ਤੇ ਵਿਚਾਰ ਅਧੀਨ ਹੋਣ ਬਾਰੇ ਦੱਸਿਆ ਗਿਆ। ਉਪਰੋਕਤ ਮੁੱਦਿਆਂ ਤੋਂ ਇਲਾਵਾ ਮਿਡ ਡੇਅ ਮੀਲ ਤਹਿਤ ਗਰਾਂਟਾਂ ਨੂੰ ਜਲਦਬਾਜੀ ਵਿੱਚ ਖਰਚਣ ਲਈ ਵਿਭਾਗ ਵਲੋਂ ਬਣਾਏ ਜਾ ਰਹੇ ਦਬਾਅ ਵਿਰੁੱਧ ਇਤਰਾਜ ਦਰਜ ਕਰਵਾਇਆ ਗਿਆ ਅਤੇ ਗਰਾਂਟ ਖਰਚਣ ਲਈ ਵਾਜਬ ਸਮਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਸੂਬਾ ਸਕੱਤਰੇਤ ਮੈਂਬਰ ਨਿਰਮਲ ਬਰਨਾਲਾ, ਤੇਜਿੰਦਰ ਕਪੂਰਥਲਾ, ਜਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ (ਸੰਗਰੂਰ), ਹਰਵਿੰਦਰ ਰੱਖੜਾ (ਪਟਿਆਲਾ), ਵਿਕਰਮ ਮਾਲੇਰਕੋਟਲਾ ਤੋਂ ਇਲਾਵਾ ਬਲਜਿੰਦਰ ਗਰੇਵਾਲ ਸੂਬਾ ਆਗੂ ਓਡੀਐਲ, ਅਮਰਪ੍ਰੀਤ ਸਿੰਘ, ਮੈਡਮ ਹੀਨਾ (899 ਅੰਗਰੇਜ਼ੀ ਅਧਿਆਪਕ ਆਗੂ), ਹਰਪ੍ਰੀਤ ਸਿੰਘ ਮਾਲੇਰਕੋਟਲਾ ਫਿਜ਼ੀਕਲ ਲੈਕਚਰਾਰ, ਨਰਿੰਦਰ ਭੰਡਾਰੀ, ਡਾ. ਰਵਿੰਦਰ ਕੰਬੋਜ, ਹਰਵਿੰਦਰ ਸਿੰਘ ਪਟਿਆਲਾ, ਲਖਵੀਰ ਬਰਨਾਲਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…